

ਸੰਗਰੂਰ (ਸਮਾਜ ਵੀਕਲੀ) ਅੱਜ ਸਥਾਨਕ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਤੀ ਸਮਾਰੋਹ ਹੋਇਆ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਹ ਕੈਂਪ ਸਕੂਲ ਪ੍ਰਿੰਸੀਪਲ ਜੋਗਾ ਸਿੰਘ ਦੀ ਅਗਵਾਈ ਵਿੱਚ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਇਆ ਗਿਆ।ਇਸ ਮੌਕੇ ਸਕੂਲ਼ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਨੇਸ਼ ਗੋਇਲ ਤੇ ਐਡਵੋਕੇਟ ਸਮੀਰ ਫੱਤਾ ਜੀ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਸਮਾਗਮ ਦੇ ਸ਼ੁਰੂ ਵਿੱਚ ਸਕੂਲ ਪ੍ਰਿੰਸੀਪਲ ਜੋਗਾ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਾਰਿਆਂ ਨੂੰ ਜੀ ਆਇਆਂ ਕਰਦਿਆਂ ਕਿਹਾ ਕਿ ਸਕੂਲ ਅਧਿਆਪਕ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਲਈ ਯਤਨਸ਼ੀਲ ਹਨ।ਉਹ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਮੁੱਖ ਮਹਿਮਾਨ ਮਾਸਟਰ ਪਰਮਵੇਦ ਨੇ ਆਪਣੇ ਸੰਬੋਧਨ ਵਿੱਚ ਵਲੰਟੀਅਰਜ਼ ਨੂੰ ਜ਼ਿੰਦਗੀ ਵਿੱਚ ਕੁੱਝ ਬਣਨ ਦੇ ਸੁਪਨੇ ਲੈਣ ਤੇ ਇਸਦੀ ਪ੍ਰਾਪਤੀ ਲਈ ਆਤਮ ਵਿਸ਼ਵਾਸੀ ਬਣ ਕੇ ਹੌਂਸਲਾ, ਹਿੰਮਤ ਤੇ ਦ੍ਰਿੜਤਾ ਨਾਲ , ਚੜ੍ਹਦੀ ਕਲਾ ਵਿੱਚ ਰਹਿ ਕੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਤੋਂ ਵਿਦਿਆਰਥੀਆਂ ਵਿੱਚ ਹੱਥੀਂ ਕੰਮ ਕਰਨ, ਸਹਿਣਸ਼ੀਲਤਾ, ਸਹਿਯੋਗ ਤੇ ਜ਼ਿਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਤਾਬਾਂ ਸੰਗ ਦੋਸਤੀ ਕਰਨ ਲਈ ਵੀ ਕਿਹਾ। ਐਡਵੋਕੇਟ ਸਮੀਰ ਫੱਤਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਚੰਗੇ ਨਾਗਰਿਕ ਬਣਨ ਦੀ ਭਾਵਪੂਰਤ ਸਿੱਖਿਆ ਦਿੱਤੀ, ਲੈਕਚਰਾਰ ਮੇਵਾ ਸਿੰਘ, ਮਾਸਟਰ ਬਲਵੰਤ ਸਿੰਘ ਤੇ ਲੈਕਚਰਾਰ ਦੀਪਕ ਨੇ ਵੀ ਵਲੰਟੀਅਰਜ਼ ਨੂੰ ਜ਼ਿਮੇਵਾਰ, ਸਿਆਣੇ ਨਾਗਰਿਕ ਬਣਨ ਤੇ ਸਮੇਂ ਦਾ ਸਦ- ਉਪਯੋਗ ਕਰਨ ਲਈ ਕਿਹਾ। ਕੈਂਪ ਕਮਾਂਡਰ ਗੁਰਪ੍ਰੀਤ ਕੌਰ ਨੇ ਸੱਤ ਦਿਨਾਂ ਦੀ ਰਿਪੋਰਟਿੰਗ ਕਰਦਿਆਂ ਦੱਸਿਆ ਉਨ੍ਹਾਂ ਦੇ ਵਲੰਟੀਅਰਜ਼ ਨੇ ਸ਼ੇਖੂਪੁਰਾ ਤੋਂ ਸੁਨਾਮੀ ਰੋਡ ਤੇਸਲੱਮ ਏਰੀਆ ਵਿਖੇ ਸਫਾਈ ਅਭਿਆਨ ਚਲਾਇਆ ਤੇ ਨਸ਼ਿਆਂ ਦੀ ਵਰਤੋਂ ਵਿਰੁੱਧ ਰੈਲੀ ਕੀਤੀ। ਜਸਕੀਰਤ ਸਿੰਘ, ਅਰਸ਼ਦੀਪ, ਤਨਵੀਰ, ਦਿਲਪ੍ਰੀਤ ਕੌਰ, ਮਹਿਕਪ੍ਰੀਤ ਕੌਰ ,ਪਲਕ ਤੇ ਅੰਜ਼ਲੀ ਵਲੰਟੀਅਰਜ਼ ਨੂੰ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਨੇਸ਼ ਗੋਇਲ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਲਗਾਤਾਰਤਾ ਬਣਾਈ ਰੱਖਣ ਦਾ ਉਪਦੇਸ਼ ਦਿੱਤਾ। ਇਸ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਸਹਾਇਕ ਕੈਂਪ ਕਮਾਂਡਰ ਕੁਲਬੀਰ ਸਿੰਘ,ਮੈਡਮ ਅੰਜੂ ਰਾਣੀ , ਸੁਖਵੀਰ ਸਿੰਘ, ਸੁਨੀਲ ਯਾਦਵ,ਦੀਪਕ ਸਿੰਘ, ਸ਼ੁਭ ਲਤਾ ਨੇ ਬਤੌਰ ਸਹਿਯੋਗੀ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349