
ਅੰਮ੍ਰਿਤਸਰ, (ਸਮਾਜ ਵੀਕਲੀ) ਦਇਆ ਰਾਮ (ਉਮਰ 45 ਸਾਲ) ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਹਸਪਤਾਲ ਦੇ ਬਾਹਰ ਲਾਵਾਰਸ ਅਵਸਥਾ ਵਿੱਚ ਪਿਆ ਹੋਇਆ ਮਿਲਿਆ। ਮਰੀਜ਼ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਹ ਆਪਣੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਅਸਮਰੱਥ ਸੀ। ਮਨੁੱਖੀ ਸੇਵਾ ਦੇ ਭਾਵ ਨਾਲ ਥਾਣਾ ਮਜੀਠਾ ਰੋਡ ਦੀ ਚੌਕੀ ਇੰਚਰਾਜ ਵੱਲੋਂ ਮਰੀਜ਼ ਨੂੰ ਤੁਰੰਤ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ। ਪਿੰਗਲਵਾੜਾ ਸੰਸਥਾ ਵਿੱਚ ਦਾਖਲ ਸਮੇਂ ਮਰੀਜ਼ ਤੁਰਨ-ਫਿਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੰਸਥਾ ਵੱਲੋਂ ਬਿਨਾਂ ਕਿਸੇ ਦੇਰੀ ਦੇ ਉਸਨੂੰ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ। ਮੈਡੀਕਲ ਜਾਂਚ ਦੌਰਾਨ ਪਤਾ ਲੱਗਿਆ ਕਿ ਮਰੀਜ਼ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ। ਮਰੀਜ਼ ਦਾ ਆਪਰੇਸ਼ਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਥਿਤ ਭਗਤ ਪੂਰਨ ਸਿੰਘ ਵਾਰਡ ਵਿੱਚ ਸਫਲਤਾਪੂਰਵਕ ਕੀਤਾ ਗਿਆ, ਜਿੱਥੇ ਉਸਨੂੰ ਪੂਰੀ ਮੈਡੀਕਲ ਦੇਖਭਾਲ ਪ੍ਰਦਾਨ ਕੀਤੀ ਗਈ। ਲੰਬੇ ਇਲਾਜ, ਸੇਵਾ ਅਤੇ ਪੁਨਰਵਾਸ ਪ੍ਰਕਿਰਿਆ ਤੋਂ ਬਾਅਦ ਜਦੋਂ ਮਰੀਜ਼ ਦੀ ਸਿਹਤ ਵਿੱਚ ਸੁਧਾਰ ਆਇਆ ਤਾਂ ਉਸ ਨੇ ਦੱਸਿਆ ਕਿ ਉਹ ਜਾਨਕੀ, ਸੁਬਰਨਪੁਰ, ਕੈਲਾਲੀ (ਨੇਪਾਲ) ਦਾ ਰਹਿਣ ਵਾਲਾ ਹੈ। ਮਰੀਜ਼ ਨੇ ਦੱਸਿਆ ਕਿ ਉਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਕ ਗਿਰਜਾਘਰ ਵਿੱਚ ਕੰਮ ਦੇ ਸਿਲਸਿਲੇ ਨਾਲ ਆਇਆ ਸੀ ਅਤੇ ਨੇਪਾਲ ਵਾਪਸੀ ਲਈ ਅੰਮ੍ਰਿਤਸਰ ਬੱਸ ਅੱਡੇ ’ਤੇ ਪਹੁੰਚਿਆ, ਪਰ ਉਸ ਤੋਂ ਬਾਅਦ ਉਸਨੂੰ ਕੁਝ ਵੀ ਯਾਦ ਨਹੀਂ। ਇਸ ਦੌਰਾਨ ਉਸ ਦਾ ਸਾਰਾ ਸਮਾਨ, ਪਛਾਣ ਪੱਤਰ ਅਤੇ ਪੈਸਾ ਵੀ ਚੋਰੀ ਹੋ ਗਿਆ ਸੀ। ਮਰੀਜ਼ ਵੱਲੋਂ ਦਿੱਤੇ ਗਏ ਘਰ ਦੇ ਮੋਬਾਇਲ ਨੰਬਰ ਦੇ ਆਧਾਰ ’ਤੇ ਪਿੰਗਲਵਾੜਾ ਸੰਸਥਾ ਦੇ ਕਰਮਚਾਰੀਆਂ ਵੱਲੋਂ ਵੀਡੀਓ ਕਾਲ ਰਾਹੀਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਪੂਰੀ ਤਰ੍ਹਾਂ ਪਹਿਚਾਣ ਦੀ ਪੁਸ਼ਟੀ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਭਰੋਸੇ ਦੇ ਹੰਝੂ ਸਾਫ਼ ਨਜ਼ਰ ਆ ਰਹੇ ਸਨ। ਅੱਜ ਮਿਤੀ 28 ਜਨਵਰੀ 2026 ਨੂੰ ਮਰੀਜ਼ ਦੀ ਪਤਨੀ ਗੌਰੀ ਦੇਵੀ, ਉਸਦਾ ਭਰਾ ਪ੍ਰਭੂ ਥਾਰੂ ਅਤੇ ਭੈਣ ਸ੍ਰੀ ਰਾਣੀ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਵਿੱਚ ਪਹੁੰਚੇ ਅਤੇ ਸੰਸਥਾ ਦਾ ਧੰਨਵਾਦ ਕਰਦੇ ਹੋਏ ਮਰੀਜ਼ ਨੂੰ ਆਪਣੇ ਨਾਲ ਲੈ ਗਏ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਲਗਭਗ 200 ਤੋਂ ਵੱਧ ਲਾਵਾਰਸ, ਬੇਸਹਾਰਾ ਅਤੇ ਅਸਹਾਇ ਮਰੀਜ਼ਾਂ ਨੂੰ ਇਲਾਜ, ਆਸਰਾ ਅਤੇ ਪਿਆਰ ਭਰੀ ਸੇਵਾ ਪ੍ਰਦਾਨ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਵਿੱਚ ਮੁੜ ਵਸਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਭਗਤ ਪੂਰਨ ਸਿੰਘ ਜੀ ਦੇ ਸੇਵਾ ਦੇ ਸਿਧਾਂਤਾਂ ’ਤੇ ਚਲਦਿਆਂ ਮਨੁੱਖਤਾ ਦੀ ਸੇਵਾ ਲਈ ਸਦਾ ਪ੍ਰਤੀਬੱਧ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


