ਸੇਵਾਦਾਰ , ਬਣ ਬੈਠੇ ਤਾਨਾਸ਼ਾਹ ਹਾਕਿਮ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਅਖੌਤੀ ਆਜ਼ਾਦੀ ਭਾਰਤ ਦੀ ਆਵਾਮ ਨੇ 74 ਸਾਲ ਪਹਿਲਾਂ ਅੰਗਰੇਜ਼ ਹਕੂਮਤ ਤੋਂ ਬੜੀ ਜਦੋ-ਜਹਿਦ ਕਰਕੇ ਹਾਸਿਲ ਤਾਂ ਕਰ ਲਈ ਪਰ ਇਹ ਜਮੀਨੀ ਤੌਰ ਤੇ ਸੰਵਿਧਾਨ ਮੁਤਾਬਿਕ ਬੇ-ਅਰਥੀ ਤੇ ਬੇ-ਮਾਇਨਾ ਹੈ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਸੰਘਰਸ਼ ਕੀਤਾ। ਹਜ਼ਾਰਾਂ ਨੌਜਵਾਨਾਂ ਨੇ ਚੜੵਦੀ ਜਵਾਨੀ ਵਿੱਚ ਹੀ ਆਪਣਾ ਬਲੀਦਾਨ ਦਿੱਤਾ । ਆਪਣੇ ਪਰਿਵਾਰਾਂ ਤੇ ਅੰਗਰੇਜ਼ ਹਕੂਮਤ ਦੇ ਤਸ਼ੱਦਦ ਝੱਲੇ, ਬੇ-ਪੱਤੀਆਂ ਸਹੀਆਂ। ਕਾਲੇ ਪਾਣੀਆਂ ਦੀ ਸਜ਼ਾ ਭੁਗਤਦੇ ਜਲਾਵਤਨੀ ਹੋਏ ਆਪਣੇ ਸਰੀਰ ਤਿਆਗ਼ ਗਏ । ਪਰਿਵਾਰਾਂ ਦੇ ਪਰਿਵਾਰ ਬਰਤਾਨਵੀ ਹਕੂਮਤ ਦੇ ਤਸ਼ੱਦਦ ਦਾ ਸ਼ਿਕਾਰ ਹੋਏ । ਨੌਜਵਾਨਾਂ ਨੇ ਹਥਿਆਰਬੰਦ ਹੋ ਕੇ ਅੰਗਰੇਜ਼ ਕੌਮ ਦੀ ਬਰਤਾਨਵੀ ਰਾਜਾਸ਼ਾਹੀ ਨੂੰ ਵਖਤ ਪਾਇਆ ਤਾਂ ਕਿਤੇ ਹਾਲਾਤਾਂ ਤੋਂ ਮਜਬੂਰ ਹੋ ਕੇ ਉਹਨਾਂ ਨੇ ਭਾਰਤ ਦੀ ਧਰਤੀ ਤੋਂ ਆਪਣਾ ਬੋਰੀ ਬਿਸਤਰਾ ਲਪੇਟਿਆ। ਇਹ ਆਜ਼ਾਦੀ ਵੀ ਪੂਰਣ ਨਹੀਂ ਮਹਿਜ਼ ਇਕ ਸਮਝੌਤਾ ਸੀ।

ਪੰਜਾਬ ਨੂੰ ਦੋ-ਫਾੜ ਕਰ ਅੰਗਰੇਜ਼ ਸਿਆਸਤ ਨੇ ਆਪਣਾ ਆਖਰੀ ਦਾਅ ਵੀ ਖੇਡਿਆ। ਇਸ ਧਰਤੀ ਦੇ ਜੁਝਾਰੂ ਧੀਆਂ -ਪੁੱਤਰਾਂ ਨੂੰ ਧਰਮ ਦੇ ਨਫ਼ਰਤੀ ਬੀਜ ਬੋਅ ਕੇ ਸਦਾ ਲਈ ਕੰਢਿਆਲੀਆਂ ਵਾੜਾਂ ਨਾਲ ਅਲੱਗ ਥਲੱਗ ਕਰ ਗਏ । ਧਰਮਾਂ ਦੇ ਨਾਮ ਤੇ ਜ਼ਹਿਰ ਫੈਲਾ ਗਏ। ਧਰਤੀ ਦਾ ਵੀ ਮਹਜਬ ਬਣਾ ਗਏ ।

ਇਤਿਹਾਸ ਗਵਾਹ ਹੈ ਕਿ ਇਸ ਪੰਜ ਦਰਿਆਵਾਂ ਦੀ ਧਰਤੀ ਦੇ ਜਾਇਆਂ ਨੇ ਸਮੇਂ ਸਮੇਂ ਦੀਆਂ ਤਾਨਾਸ਼ਾਹ ਹਕੂਮਤਾਂ ਦੇ ਜਬਰ ਨੂੰ ਆਪਣੀਆਂ ਛਾਤੀਆਂ ਤੇ ਜਰਦਿਆਂ ਸਿੱਧੀਆਂ ਟੱਕਰਾਂ ਦਿੱਤੀਆਂ । ਸ਼ਹਾਦਤਾਂ ਦੇ ਕੇ ਵੀ ਆਪਣੇ ਈਮਾਨ ਤੇ ਅਣਖ ਨੂੰ ਬਰਕਰਾਰ ਰੱਖਿਆ। ਪੂਰੇ ਪੰਜਾਬ ਦੇ ਪੰਜਾਬੀਆਂ ਦੀ ਇਕਮੁੱਠਤਾ ਇਕ ਜ਼ਬਰਦਸਤ ਬਦਲਾਅ ਸੀ । ਹਰ ਸਲਤਨਤ ਦੇ ਜਬਰ ਦਾ ਜਵਾਬ ਲਲ਼ਕਾਰ ਨਾਲ ਦੇਣ ਦਾ ਸੰਘਰਸ਼ ਵਿੱਡਿਆ। ਇਹ ਬਟਵਾਰਾ ਪੰਜਾਬ ਦੀ ਮੋਹ ਭਰੀ , ਨਿੱਘ ਭਰੀ, ਮਿਠਾਸ ਭਰੀ ਧਰਤੀ ਲਈ ਇਕ ਸਰਾਪ ਹੋ ਨਿਬੜਿਆ । ਇਸ ਦੇ ਗਦਰੀ ਬਾਬੇ, ਬਲਵਾਨ, ਬਹਾਦਰ ਦੁੱਲੇ ਪੁੱਤਰ ਵੱਖਰੇ ਵੱਖਰੇ ਹੋਣ ਕਾਰਣ ਅਜੋਕੇ ਸਮੇਂ ਹਕੂਮਤਾਂ ਦੇ ਜਬਰ ਦਾ ਸ਼ਿਕਾਰ ਹੋ ਰਹੇ ਹਨ। ਇਹ ਆਜ਼ਾਦੀ ਦੇ ਬਟਵਾਰੇ ਦੀ ਹੱਦਬੰਦੀ ਦੇ ਸਦਕਾ ਹੀ ਹੈ।

ਰਾਜ ਸਤਾ ਤੇ ਈਮਾਨਦਾਰ ਲੋਕ ਨਹੀਂ ਹਨ। ਸਭ ਇਕ ਦੂਸਰੇ ਦੇ ਮੋਢਿਆਂ ਉਤੋਂ ਦੀ, ਇਕ ਦੂਸਰੇ ਨੂੰ ਪੁੱਠੇ ਸਿੱਧੇ ਤਰੀਕੇ ਨਾਲ ਰਗੜ ਕੇ ਉਪਰ ਆਏ ਹਨ।ਇਹਨਾਂ ਰਾਜਸੀ ਲੋਕਾਂ ਨੇ ਕਾਵਾਂ ਵਾਂਗ ਆਪਣੇ ਕਬੀਲਿਆਂ ਨੂੰ ਪਾਲਿਆ ਹੈ। ਵਿੰਗੇ-ਟੇਡੇ ਢੰਗ ਨਾਲ ਉਪਰ ਉਠੇ ਲੋਕ ਹੀ ਰਾਜ ਸਤਾ ਦੀ ਕੁਰਸੀ ਨੂੰ ਚਿੰਬੜ ਚੁੱਕੇ ਹਨ ਤੇ ਚਿੰਬੜ ਰਹੇ ਹਨ। ਇਹ ਲੋਕ ਹੀ ਸੱਭਿਆਕ ਆਦਰਸ਼ ਵਾਦੀ ਸਮਾਜ ਦੇ ਘੁਣ-ਸਿਉਂਕ ਵਰਗੇ ਦੁਸ਼ਮਣ ਹਨ। ਜੋ ਨਿਤਦਿਨ ਲੋਕ ਭਾਵਨਾਵਾਂ ਨਾਲ ਖੇਡ ਕੇ ਜਾਤ-ਪਾਤ, ਧਰਮ, ਕੌਮ ਦੇ ਨਾਮ ਤੇ ਲੋਕ ਭਾਵਨਾਵਾਂ ਨੂੰ ਉਕਸਾਉਂਦੇ ਹਨ ਤੇ ਸਿਆਸਤ ਦੇ ਪਿੜ ਵਿਚ ਆਪਣੇ ਕੱਦ ਨੂੰ ਹੋਰ ਉਚਾ -ਬੁਲੰਦ ਕਰਦੇ ਲੋਕਾਂ ਨੂੰ ਆਖਿਰ ਆਪਣੇ ਪੈਰਾਂ ਥੱਲੇ ਰੌਂਦ ਰਹੇ ਹਨ।

ਲੋਕ ਸੇਵਾ ਦੇ ਨਾਂਅ ਤੇ ਵਿਗੜੇ ਲੋਕ ਸਫ਼ੈਦ ਪੋਸ਼ ਬਣਕੇ ਸਾਡੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ। ਬਾਹਰੋਂ ਸ਼ਰਾਫ਼ਤ ਦਾ ਮਖੌਟਾ ਪਹਿਨ ਲੋਕ ਹਮਦਰਦੀ ਪ੍ਪਤ ਕਰ ਚੋਣ ਪ੍ਰਕਿਰਿਆ ਰਾਹੀਂ ਸਰਪੰਚੀ, ਬਲਾਕ ਸੰਮਤੀ, ਜਿਲਾ ਪ੍ਰੀਸ਼ਦ, ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਵਿਚ ਦਾਖਲ ਹੋ ਜਾਂਦੇ ਹਨ। ਇਹ ਗਿਰੀ ਹੋਈ ਸਿਆਸਤ ਦੇ ਦਾਅ ਪੇਚ ਖੇਡਦੇ, ਦੰਗੇ -ਫ਼ਸਾਦ ਕਰਵਾਉਣ ਦੇ ਮਹਾਂ-ਰਥੀ ਇਕ ਨਾ ਦਿਨ ਮੰਤਰੀ, ਪ੍ਧਾਨ ਮੰਤਰੀ ਬਣ ਦੇਸ਼ ਦੀ ਰਾਜ ਸੱਤਾ ਤੇ ਕਾਬਿਜ਼ ਹੋ ਬੈਠਦੇ ਹਨ। ਦੇਸ ਤੇ ਸੰਵਿਧਾਨ ਲਈ ਸਭ ਤੋਂ ਖਤਰਨਾਕ ਪਹਿਲੂ ਇਹ ਹੈ ਕਿ ਇਹ ਵਿਆਕਤੀਗਤ ਤੌਰ ਤੇ ਗੈਰ ਇਖ਼ਲਾਕੀ, ਅਸਮਾਜਿਕ , ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਗਿਆਨ ਤੋਂ ਕੋਰੇ ਤੇ ਸੱਖਣੇ ਹੁੰਦੇ ਹਨ। ਇਹਨਾਂ ਦੀ ਇੱਕੋ ਇੱਕ ਸੋਚ ਰਾਜ ਸੱਤਾ ਤੇ ਕਾਬਿਜ਼ ਹੋਣਾ ਤੇ ਸਾਧਨਾ ਨੂੰ ਲੁੱਟਣਾ ਹੁੰਦੀ ਹੈ।

ਇਹ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਘਾਤਿਕ ਹਨ। ਲਾਲਸੀ ਪ੍ਰਵਿਰਤੀ ਦੇ ਹੋਣ ਕਾਰਣ ਦਿਨਾਂ ਵਿੱਚ ਕੰਪਨੀਆਂ ਦੇ ਮਾਲਿਕ ਬਣ ਜਾਂਦੇ ਹਨ। ਰਾਜਸੀ ਸੱਤਾ ਤੇ ਕਾਬਿਜ਼ ਇਹ ਨੇਤਾ ਸਰਮਾਏਦਾਰਾਂ ਦੀਆਂ ਨੀਤੀਆਂ ਮੁਤਾਬਿਕ ਕਾਨੂੰਨ ਬਣਾਉਂਦੇ ਹਨ ਕਦੇ ਤੋੜ-ਮਰੋੜ ਕਰਕੇ ਮਤਲੱਵ ਪ੍ਸਤੀ ਲੋਕਾਂ ਦੇ ਰਾਹ ਪੱਧਰੇ ਕਰਦੇ ਹਨ। ਸਰਮਾਏਦਾਰ ਲੋਕ ਇਵਜ਼ਾਨੇ ਵਜੋਂ ਇਹਨਾਂ ਦੀ ਲਾਲਸਾ ਪੂਰੀ ਕਰਦੇ ਸਰਾਬ-ਸ਼ਬਾਬ-ਕਬਾਬ ਦੀ ਭਾਈਵਾਲੀ ਕਰ ਆਪਣੇ ਹਿੱਤਾਂ ਲਈ ਇਹਨਾਂ ਹਾਕਿਮਾਂ ਨੂੰ ਵਰਤਦੇ ਹਨ। ਇਹ ਦੇਸ਼ ਦੇ ਸੰਵਿਧਾਨ ਨਾਲ਼ ਖਿਲਵਾੜ ਹੀ ਤਾਂ ਹੈ।

ਦੇਸ਼ ਵਿਚ ਦਿਨੋ ਦਿਨ ਵੱਧ ਰਹੀਆਂ ਲੁੱਟਾਂ-ਖੋਹਾਂ, ਸੰਪੰਤੀਆਂ ਤੇ ਨਜਾਇਜ਼ ਕਬਜ਼ੇ , ਸਰਕਾਰੀ ਸਿਸਟਮ ਵਿਚ ਠੇਕੇਦਾਰੀਆਂ ਤੇ ਹੋ ਰਹੀਆਂ ਉਸਾਰੀਆਂ ਵਿਚ ਨਿੱਤ ਘਪਲੇਬਾਜ਼ੀਆਂ, ਸੜਕਾਂ ਦੇ ਨਿਰਮਾਣ ਵਿਚੋਂ ਕਮਿਸ਼ਨ , ਪ੍ਰਾਈਵੇਟ ਸਾਧਨਾਂ ਦੇ ਮਾਲਿਕਾਂ ਨੂੰ ਹਿੱਸਾਪੱਤੀ ਲਈ ਮਜਬੂਰ-ਕਰਨਾ ਇਹ ਸਭ ਇਹਨਾਂ ਸਿਆਸੀ ਗੰਦ ਦੇ ਕੀੜਿਆਂ ਦੀ ਬਦੌਲਤ ਹੀ ਤਾਂ ਹੈ ।

ਗੈਂਗਸਟਰਾਂ ਦੀ ਪਿੱਠ ਤੇ ਹੱਥ ਕਿੰਨਾਂ ਦਾ ਹੈ ? ਕੌਣ ਪਾਲ਼ ਰਹੇ ਹਨ ? , ਇਹ ਹੀ ਲੋਕ। ਸਰਕਾਰੀ ਸਿਸਟਮ ਨੂੰ ਆਪਣੀ ਰਾਜਸੀ ਸ਼ਕਤੀ ਸਦਕਾ ਹੀ ਆਪਣੀ ਮਨਮਰਜ਼ੀ ਨਾਲ ਆਪਣੇ ਤੇ ਆਪਣਿਆਂ ਮੱਗਰਮੱਛਾਂ ਨੂੰ ਪਾਲਣ ਲਈ ਦਿਨ- -ਬਾ-ਦਿਨ ਗੈਰ ਕਾਨੂੰਨੀ ਤਰੀਕਿਆਂ ਨਾਲ ਇਸਤੇਮਾਲ ਕਰਦੇ ਹਨ। ਅਪਰਾਧ ਨੂੰ ਜਨਮ ਦੇਣ ਵਾਲੇ ਅਤੇ ਪਾਲਣ ਵਾਲੇ ਇਹ ਆਪਰਾਧੀ ਬਿਰਤੀ ਵਾਲੇ ਰਾਜਸੀ ਲੋਕ ਹੀ ਹਨ।ਨੌਜਵਾਨ ਵਰਗ ਨੂੰ ਸ਼ਕਤੀ ਦੀ ਪੁੱਠ ਚਾੜਕੇ ਆਪਣੇ ਗੁੰਡਿਆਂ ਦੀ ਤਰ੍ਹਾਂ ਵਰਤਦੇ ਹਨ। ਇਹਨਾਂ ਦੀਆਂ ਦੀਆਂ ਰਿਸ਼ਤੇਦਾਰੀਆਂ ਵੀ ਆਪਣੇ ਵਰਗਿਆਂ ਹੋਰ ਰਾਜਨੀਤਿਕ ਪਾਰਟੀਆਂ ਤੇ ਦਲਾਂ ਦੇ ਲੋਕਾਂ ਨਾਲ ਹੀ ਹਨ। ਜਿਹੜੀ ਵੀ ਪਾਰਟੀ ਜਾਂ ਦਲ ਰਾਜ ਸਤਾ ਤੇ ਕਾਬਿਜ਼ ਹੋਵੇ ਇੰਨਾਂ ਦਾ ਸਿੱਕਾ ਹਰ ਸਰਕਾਰ ਦੇ ਸਮੇਂ ਚੱਲਣਾ ਹੀ ਚੱਲਣਾ ਹੈ, ਸਰਕਾਰ ਭਾਂਵੇ ਵਿਰੋਧੀ ਧਿਰ ਦੀ ਹੀ ਕਿਉਂ ਨਾ ਹੋਵੇ। ਆਖਿਰ ਹੈ ਤਾਂ ਰਿਸ਼ਤੇਦਾਰ ਹੀ ਹਨ। ਬਸ 75//25 ਦਾ ਫਾਰਮੂਲੇ ਤੇ ਕਾਰੋਬਾਰ ਚੱਲੀ ਜਾਂਦਾ ਹੈ।

ਕਾਰਪੋਰੇਟ ਘਰਾਣਿਆਂ ਦੇ ਪਾਲੇ ਇਹ ਰਾਜਸੀ ਲੋਕ ਉਹਨਾਂ ਦੇ ਗੁਲਾਮਾਂ ਤੋਂ ਵੱਧ ਕੁੱਝ ਨਹੀਂ। ਉਹਨਾਂ ਦੀ ਖੁਸ਼ਾਮਿਦ ਤੇ ਖੁਸ਼ੀਆਂ ਲਈ ਇਹਨਾਂ ਦੀ ਪੂਛ ਸਦਾ ਹਿੱਲਦੀ ਰਹੀ ਹੈ ਤੇ ਰਹੇਗੀ । ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਇਹ ਭਾਰਤੀ ਸੰਵਿਧਾਨ ਦੀਆਂ ਧਰਾਵਾਂ ਵੀ ਬਦਲ ਦਿੰਦੇ ਹਨ। ਐਮਰਜੈਂਸੀ ਨੋਟੀਫਿਕੇਸ਼ਨ ਲਿਆ ਕੇ ਬਿੱਲ ਪਾਸ ਕਰ ਕੇ ਲਾਗੂ ਵੀ ਕਰ ਦਿੰਦੇ ਹਨ। ਕਰੋੜਾਂ ਦੇ ਘਪਲੇ ਕਰ ਰਹੇ ਹਨ । ਹੇਰਾ-ਫੇਰੀਆਂ ਕਰਵਾ ਕੇ ਸਰਕਾਰੀ ਖਜ਼ਾਨੇ ਤੇ ਸਰਕਾਰੀ ਸੰਪੰਤੀ ਨੂੰ ਹੜੱਪਦੇ ਹਨ। ਜਦੋਂ ਪੋਲਾਂ ਖੁੱਲਣ ਤੇ ਆਮ ਨਾਗਰਿਕ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਤੇ ਯੂ ਪੀ ਏ ਜਿਹੀਆਂ ਧਰਾਵਾਂ ਲਾ ਕੇ ਜੇਲਾਂ ਅੰਦਰ ਸੁੱਟ ਦਿੱਤਾ ਜਾਂਦਾ ਹੈ।

ਸਰਕਾਰੀ ਤੰਤਰ ਦੇ ਤਸ਼ੱਦਦ ਨਾਲ ਜਾਗਦੇ ਲੋਕਾਂ ਦੀ ਜੁਬਾਨ ਜਬਰੀ ਦਬਾ ਦਿੱਤੀ ਜਾਂਦੀ ਹੈ। ਸਰਕਾਰੀ ਏਜੰਸੀਆਂ ਦੇਸ਼ ਲਈ ਨਹੀਂ ਸਗੋ ਸਮੇਂ ਸਮੇਂ ਤੇ ਸੱਤਾ ਤੇ ਕਾਬਿਜ਼ ਲੋਕਾਂ ਦੇ ਇਸ਼ਾਰਿਆਂ ਤੇ ਨੱਚਦੀਆਂ ਹਨ। ਇਹਨਾਂ ਗੰਦੇ ਅਨਸਰਾਂ ਨੂੰ ਤਾਨਾਸ਼ਾਹ ਬਣਾਉਣ ਵਿਚ ਇਹ ਸਰਕਾਰੀ ਤੰਤਰ ਦਾ ਹੀ ਅਸੀਮ ਤੇ ਅਹਿਮ ਰੋਲ ਹੈ। ਉਚ ਡਿਗਰੀਆਂ ਤੇ ਪੜੇ ਲਿਖੇ ਲੋਕ ਵੀ ਇਹਨਾਂ ਤਾਨਾਸ਼ਾਹ ਰਾਜਨੀਤਿਕ ਲੋਕਾਂ ਦੇ ਇਸ਼ਾਰਿਆਂ ਤੇ ਕੰਮ ਕਰਨ ਲਈ ਨਾ ਚਾਹੁੰਦੇ ਹੋਏ ਵੀ ਮਜਬੂਰ ਹੋ ਜਾਂਦੇ ਹਨ। ਚੁਰਾਸੀ ਦੇ ਸਾਕੇ ਦਾ ਮੁੱਖ ਕਾਰਣ ਵੀ ਰਾਜਸੀ ਤਾਨਾਸ਼ਾਹੀ ਹੀ ਸੀ।

ਸੰਵਿਧਾਨ ਦੀਆਂ ਧੱਜੀਆਂ ਇਹ ਤਾਨਾਸ਼ਾਹ ਉਡਾਉਂਦੇ ਰਹੇ ਨੇ ਤੇ ਉਡਾਉਂਦੇ ਰਹਿਣਗੇ । ਸੇਵਾਦਾਰ ਦਾ ਮਖੌਟਾ ਪਹਿਨ ਇਹ ਗੰਦੇ ਅਨਸਰ ਸਾਡੇ ਹਾਕਿਮ ਬਣ ਬੈਠਦੇ ਹਨ। ਪਰਜਾ ਆਪਣੇ ਹੱਕਾਂ ਲਈ ਇਹਨਾਂ ਦੇ ਅੱਗੇ ਗਿੜਗਿੜਾਉਂਦੀ , ਤਰਲੇ ਪਾਉਂਦੀ, ਹੜਤਾਲਾਂ ਕਰਦੀ ਬੇ-ਵੱਸ ਹੈ। ਲੋੜ ਲੋਕਾਂ ਦੀ ਰਾਜਨੀਤਿਕ ਸੁਚੇਤਤਾ ਤੇ ਚੇਤਨ ਹੋਣ ਦੀ ਹੈਂ, ਨਹੀਂ ਤਾਂ ਸਿਸਟਮ ਵਿਚ ਹੋਰ ਗਰਕ ਹੁੰਦਾ ਜਾਵੇਗਾ।

ਬਲਜਿੰਦਰ ਸਿੰਘ “ਬਾਲੀ ਰੇਤਗੜੵ “

0091 9465129168 ਵਟਸਐਪ
00917087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਿਹਾ
Next articleਐਸ ਡੀ ਕਾਲਜ ਵਿਖੇ ਰਾਸ਼ਟਰੀ ਏਕਤਾ ਦਿਵਸ ਸਬੰਧੀ ਸਮਾਗਮ