ਵਿਦੇਸ਼ੀ ਨੌਕਰੀ ਤੇ ਸਾਹਿਤ ਦੀ ਸੇਵਕ – ਸਰਬਜੀਤ ਲੌਂਗੀਆਂ

(ਸਮਾਜ ਵੀਕਲੀ)

ਸਰਬਜੀਤ ਦਾ ਜਨਮ ਜੂਨ 1980 ਨੂੰ ਮਾਤਾ ਸਰਦਾਰਨੀ ਬਲਵੀਰ ਕੌਰ ਪਿਤਾ ਸਰਦਾਰ ਮੇਜਰ ਸਿੰਘ ਜੀ ਦੇ ਘਰ ਹੋਇਆ। ਘਰ ਵਿੱਚ ਸਰਬਜੀਤ ਆਪਣੇ ਜੇਠੇ ਮਾਤਾ-ਪਿਤਾ, ਜੇਠੇ ਨਾਨੀ-ਨਾਨਾ, ਜੇਠੇ ਦਾਦੀ- ਦਾਦਾ ਜੀ ਦੀ ਜੇਠੀ ਪੋਤਰੀ ਹੈ ।

ਸਰਬਜੀਤ ਨੂੰ ਲਿਖਣ ਦਾ ਸ਼ੋਕ ਪ੍ਰਾਇਮਰੀ ਸਕੂਲ ਵੇਲੇ ਦਾ ਹੈ। ਇਹਨਾਂ ਸਭ ਤੋਂ ਪਹਿਲਾ ਲਿਖਣ ਦੀ ਸ਼ੁਰੂਆਤ ਖ਼ਤ ਲਿਖਣ ਤੋਂ ਕੀਤੀ। ਦਸਵੀਂ ਜਮਾਤ ਵਿੱਚ ਇਹਨਾਂ ਸਕੂਲ ਦੇ ਸਲਾਨਾ ਮੈਗਜ਼ੀਨ ਵਿੱਚ ਬੋਲੀਆਂ ਲਿਖੀਆਂ ਤੇ ਵਿਸਥਾਰ ਪੂਰਵਕ ਵਰਨਣ ਵੀ ਕੀਤਾ। ਨਵਾਂ ਸ਼ਹਿਰ ਕੁੜੀਆਂ ਦੇ ਕਾਲਜ ਤੋਂ ਇਹਨਾਂ ਨੇ ਬੀ ਏ ਪਾਸ ਕੀਤੀ , ਬਾਅਦ ਵਿੱਚ ਬੀ ਐੱਡ ਕਾਲਜ ਤੋਂ ਪੀ ਜੀ ਡੀ ਸੀ ਏ(ਟੀਚਰ ਐਜੂਕੇਸ਼ਨ) ਕਰਨ ਲੱਗ ਪਏ। ਬੀ ਐੱਡ ਕਾਲਜ ਦੇ ਸਾਲਾਨਾ ਮੈਗਜ਼ੀਨ ਵਿੱਚ ਇਹਨਾਂ ਦਾ ਲੇਖ ਛਪਿਆ। ਕਾਲਜ ਤੋਂ ਬਾਅਦ ਇਹ ਅਕਸਰ ਆਪਣੀ ਡਾਇਰੀ ਵਿੱਚ ਲਿਖਦੇ ਸਨ ।

ਜੂਨ 2021 ਤੋਂ ਆਪਣੇ ਫੈਸਬੁਕ ਪੇਜ ਸੱਚਾ ਤੇ ਨੇਕ ਇਨਸਾਨ ਵਿੱਚ ਲਿਖਦੇ ਹਨ ਜੋ ਪਾਠਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਅਗਸਤ 2021 ਤੋਂ ਇਹ ਸਾਹਿਤਕ ਸਮੂਹ ਕਾਲਮ 5ਆਬ ਗਰੁੱਪ ਵਿੱਚ ਲਿਖ ਰਹੇ ਹਨ । ਸਰਬਜੀਤ ਦੇ ਹੁਣ ਤੱਕ ਜੋ ਲੇਖ ਲਿਖੇ ਹਨ ਉਹਨਾਂ ਵਿੱਚੋਂ ਕੁਝ ਦਾ ਵੇਰਵਾ ਕੁਝ ਇਸ ਤਰਾਂ ਹੈ , ਅਵਾਰਾ ਪਸ਼ੂਆਂ ਦਾ ਹੱਲ , ਪ੍ਰਦੇਸ਼ਾਂ ਦੇ ਦੁੱਖ, ਸੌਣ ਮਹੀਨਾ , ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ, ਦਰਜਾ ਬਦਰਜਾ, ਮੈਂ ਕੱਲ ਨੂੰ ਮੂੰਹ ਬਣਾਉਣ ਜਾਣਾ , ਮੋਮੋਠਗਣੀ, ਰਿਸ਼ਤੇ ਵਾਲਾ ਦਿਨ , ਮੀਡੀਆ/ਸੋਸ਼ਲ ਮੀਡੀਆ, ਪਿੰਡ ਦੀਆਂ ਮੌਜਾ, ਨੱਕੜਦਾਦੇ ਦੇ ਸੰਸਕਾਰ ਤੇ ਖਾਸ ਗਿੱਧਾ, ਮਖਿਆਲ਼ / ਡੂਮਣਾ,ਕਰਮਾ ਧਰਮਾ ਭਾਈ ਭਾਈ, ਮੇਰੀ ਪਿਆਰੀ ਭੂਆ, ਮੇਰੀ ਪਿਆਰੀ ਤੇ ਭੋਲ਼ੀ ਮਾਂ ਆਦਿ ਅਨੇਕਾਂ ਕਹਾਣੀਆਂ ਤੇ ਲੇਖ ਛਪ ਚੁੱਕੇ ਹਨ ।

ਸਰਬਜੀਤ ਦੇ ਇਹਨਾਂ ਲਿਖਤਾਂ ਦਾ ਮੇਰੇ ਤੇ ਬਹੁਤ ਪ੍ਰਭਾਵ ਪਿਆ ਕੇ ਮੈਂ ਇਹਨਾਂ ਨਾਲ ਫੈਸਬੁਕ ਤੇ ਸੰਪਰਕ ਕੀਤਾ । ਸਰਬਜੀਤ ਦੀ ਕਲਮ ਦੁਆਰਾ ਲਿਖਿਆ ਗਿਆ ਲੇਖ ਪਾਣੀ ਬਚਾਓ , ਜੀਵਨ ਬਚਾਓ ਨੂੰ ਪਾਠਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ। ਲੇਖ ਦੇ ਨਾਲ ਨਾਲ ਕਵਿਤਾਵਾਂ ਦੀਆਂ ਲਾਈਨਾਂ ਇਸ ਤਰਾਂ ਸਨ ।
“ਪਾਣੀ ਬਚਾਉ ਪਾਣੀ ਬਚਾਉ
ਘਰ ਘਰ ਦੇ ਵਿੱਚ ਰੋਲਾ ਪਾਉ
ਸਭਨਾਂ ਨੂੰ ਇਹ ਗੱਲ ਸਮਝਾਉ
ਪਾਣੀ ਬਚਾਉ ਪਾਣੀ ਬਚਾਉ ॥
ਦੁੱਧ ਪੀਤੇ ਬਿਨ ਸਰ ਜਾਂਦਾ
ਪਰ ਮਰ ਜਾਂਦਾ ਬਿਨ ਪਾਣੀ
ਹਰ ਇੱਕ ਦੇ ਇਹ ਖ਼ਾਨੇ ਪਾਓ
ਪਾਣੀ ਬਚਾਉ ਪਾਣੀ ਬਚਾਉ ॥”

ਸਰਬਜੀਤ ਹਮੇਸ਼ਾ ਆਪਣੇ ਆਲੇ ਦੁਆਲੇ ਵਾਪਰਿਆ ਘਟਨਾਵਾਂ ਭਾਵ ਨਿੱਜੀ ਜੀਵਨ ਵਿੱਚ ਵਿਚਰਨ ਵਾਲੀਆਂ ਸਥਿਤੀਆਂ ਨੂੰ ਧਿਆਨ ਹਿਤ ਰੱਖ ਲਿਖਦੀ ਹੈ। ਇਹਨਾਂ ਦੁਆਰਾ ਲਿਖੀ ਕਵਿਤਾ ਭਟਕਣ ਜਿਸ ਵਿੱਚ ਤਕਰੀਬਨ ਸਮਾਜ ਦੀ ਹਰ ਕੁਰੀਤੀ ਨੂੰ ਬਿਆਨ ਕੀਤਾ ਗਿਆ ਹੈ। ਕੁਝ ਇਸ ਤਰਾਂ ਹੈ।

“ਭਟਕਣ
ਘਰ ਵਿੱਚ ਪਤਨੀ ਮੇਰੀ ਵੀ
ਨਿੱਤ ਰੋਜ਼ ਮੇਰੇ ਨਾਲ਼ ਲੜਦੀ ਸੀ
ਇੱਕ ਦੂਜਾ ਵੱਡਾ ਘਰ ਲੈਣਾ
ਜਿਥੇ ਬੇਬੇ ਬਾਪੂ ਨਾਲ ਨਹੀਂ
ਸਿਰਫ ਤੂੰ ਤੇ ਮੈਂ ਰਹਿਣਾ ਕਰਦੀ ਸੀ !!
ਫਿਰ ਅੱਕਿਆ ਥੱਕਿਆ ਇੱਕ ਦਿਨ ਮੈਂ
ਤੁਰ ਪਿਆ ਸੀ ਲੰਮੀਆਂ ਰਾਹਾਂ ਤੇ
ਕੀ ਵੇਖੀਆਂ ਤੁਰਦੇ ਜਾਂਦੇ ਨੇ
ਆ ਸੁਣੀਓ ਭਾਈ ਕੰਨ ਲਾ ਕੇ !!!!
ਆ ਸੁਣੀਓ ਭਾਈ ਕੰਨ ਲਾ ਕੇ !!!!
ਇੱਕ ਘਰ ਵਿੱਚ ਸੱਸ ਨੂੰਹ ਨਾਲ
ਮਾੜੀ ਸਬਜ਼ੀ ਖ਼ਾਤਿਰ ਲੜਦੀ ਸੀ !!
ਅੱਗੇ ਵੇਖੀਆਂ ਇੱਕ ਮਾਲਕ ਮੈਂ
ਜੋ ਤਨਖ਼ਾਹ ਵਿੱਚ ਕਟੌਤੀ ਕਰਦਾ ਸੀ!!
ਫੇਰ ਲੱਗਾ ਲੰਘਣ ਮੈਂ ਗੁਰੂ ਘਰ ਅੱਗਿਓ
ਅੰਦਰ ਕੋਈ ਗੋਲਕ ਚੋਰੀ ਕਰਦਾ ਸੀ!!
ਅੱਗੇ ਜਾ ਕੇ ਵੇਖਿਆ ਅਜੀਬ ਡਰਾਮਾ
ਇਕ ਭਾਈ ਭਾਈ ਨਾਲ਼ ਲੜਦਾ ਸੀ!!
ਇੱਕ ਕੋਠੇ ਚੜ੍ਹਕੇ ਪੁੱਤਰ ਆਪਣੇ
ਪਿਉ ਨੂੰ ਤੂੰ ਮੈਂ ਕਰਦਾ ਸੀ
ਤੂੰ ਕੀਤਾ ਕੀ ਹੈ ਮੇਰੇ ਲਈ ?
ਕਹਿ ਸ਼ਰਮੀਦ ਬਾਪੂ ਨੂੰ ਕਰਦਾ ਸੀ !!
ਜਦ ਸ਼ਮਸ਼ਾਨ ਕੋਲੋਂ ਦੀ ਲੰਘੀਆਂ ਮੈਂ
ਬੇਬੇ ਬਜ਼ੁਰਗ ਦਾ ਸਿਵਾ ਬਲਦਾ ਸੀ
ਕੋਲ ਬੈਠ ਪੁੱਤ ਕਰਦਾ ਪਿਆ ਵਿਖਾਵਾ ਸੀ
ਜਿਉਂਦੀ ਆਪਣੀ ਬੇਬੇ ਦੀ ਨਿੰਤ ਮਿੱਟੀ ਪ੍ਰੇਤ
ਇਹ ਕਰਦਾ ਸੀ
ਤੂੰ ਮਰਨਾ ਕਦੋ ਹੈ ਬੁੜੀਏ ਨੀ
ਕਹਿ ਨਿੱਤ ਸ਼ਰਮਿੰਦਾ ਕਰਦਾ ਸੀ !!”

ਸਰਬਜੀਤ ਧੀਆਂ/ ਕੁੜੀਆਂ ਨੂੰ ਬਹੁਤ ਪਿਆਰ ਕਰਦੀ ਹੈ । ਜਦੋਂ ਵੀ ਕਦੇ ਕਿਸੇ ਧੀ ਨਾਲ ਧੱਕਾ ਹੁੰਦਾ ਹੈ ਤਾਂ ਇਹਨਾਂ ਦੀ ਕਲਮ ਲਹੂ ਦੀ ਸਿਆਹੀ ਦੇ ਡੋਕੇ ਭਰ ਕੁਝ ਇਸ ਤਰਾਂ ਸਮਾਜ ਨੂੰ ਸਵਾਲ ਕਰਦੀ ਹੈ ।

“ਆਖਰ ਕਦੋਂ ਤੱਕ
ਕੁੱਖਾਂ ਵਿੱਚ ਮਰਦੀ ਰਹਾਂਗੀ ਮੈਂ ?
ਆਖਰ ਕਦੋ ਤੱਕ
ਭਰਾ ਲਈ ਮੋਹਰਾ ਬਣਦੀ ਰਹਾਂਗੀ ਮੈਂ ?
ਆਖਰ ਕਦੋ ਤੱਕ
ਬਲੀ ਦਾਜ ਦੀ ਚੜ੍ਹਦੀ ਰਹਾਂਗੀ ਮੈਂ ?
ਆਖਰ ਕਦੋਂ ਤੱਕ
ਬੇਬੇ ਬਾਪੂ ਦੀ ਘੂਰ ਤੋਂ ਡਰਦੀ ਰਹਾਂਗੀ ਮੈਂ ?
ਆਖਰ ਕਦੋਂ ਤੱਕ
ਪਤੀ ਦੇ ਡਾਹਢੇ ਦੁੱਖ ਜ਼ਰਦੀ ਰਹਾਂਗੀ ਮੈਂ ?
ਆਖਰ ਕਦੋਂ ਤੱਕ
ਜਿਸਮ ਨੂੰ ਪਲੀਤ ਕਰਦੀ ਰਹਾਂਗੀ ਮੈਂ ?
ਆਖਰ ਕਦੋਂ ਤੱਕ।
ਬਲਾਤਕਾਰੀਆਂ ਦੀ ਹਵਸ ਦਾ ਸ਼ਿਕਾਰ ਬਣਦੀ ਰਹਾਂਗੀ ਮੈਂ ?”

ਸਰਬਜੀਤ ਪੰਜਾਬੀ ਬੋਲੀ, ਪੰਜਾਬੀ ਪਹਿਰਾਵਾ, ਪੰਜਾਬੀ ਵਿਰਸਾ ਤੇ ਪੰਜਾਬੀ ਖਾਣਾ ਬਹੁਤ ਪਸੰਦ ਕਰਦੀ ਹੈ। ਇਹਨਾਂ ਦਾ ਮੰਨਣਾ ਹੈ ਕਿ ਕਦੇ ਵੀ ਪੰਜਾਬੀਆਂ ਨੂੰ ਆਪਣੀਆਂ ਕੀਮਤੀ ਜੜਾਂ ਨਾਲ਼ੋਂ ਨਹੀਂ ਟੁੱਟਣਾ ਚਾਹੀਦਾ , ਭਾਵੇ ਉਹ ਵਿਰਸਾ ਹੋਵੇ , ਭਾਵੇ ਸੱਭਿਆਚਾਰ, ਭਾਵੇ ਸੰਸਕ੍ਰਿਤੀ ਤੇ ਭਾਵੇ ਆਪਣੇ ਵੱਡੇ ਵਡੇਰਿਆ ਦੇ ਦਿੱਤੇ ਸੰਸਕਾਰ । ਸਰਬਜੀਤ ਭਾਵੇ ਕਈ ਸਾਲਾ ਤੋਂ ਜਰਮਨ ਰਹਿੰਦੀ ਹੈ ਪਰ ਪੰਜਾਬੀਅਤ ਇਹਨਾਂ ਵਿੱਚ ਜਿਵੇਂ ਕੁੱਟ ਕੁੱਟ ਕੇ ਭਰੀ ਹੋਵੇ । ਇਹਨਾਂ ਦੀ ਰੂਹ ਹਰ ਵਕਤ ਆਪਣੇ ਜੱਦੀ ਪਿੰਡ ਦੇਨੋਵਾਲ ਕਲਾਂ ਵਿਖੇ ਰਹਿੰਦੀ ਹੈ ਤੇ ਪੰਜਾਬ ਦੇ ਕਿਸੇ ਵੀ ਦੁੱਖ ਤਕਲੀਫ਼ ਖ਼ਿਲਾਫ਼ ਇਹ ਬਿਨਾ ਲਿਖੇ ਨਹੀਂ ਰਹਿ ਸਕਦੀ।

“ਅਨਮੋਲ ਵਿਚਾਰ
ਦਿਨ ਰਾਤ ਕਈ ਪੜ੍ਹਨ ਗੁਰਬਾਣੀ
ਉਹੀ ਗੁਰੂ ਨਾਲ ਧੋਖਾ ਕਰਦੇ ਵੇਖੇ ਮੈਂ !!
ਦਿਨ ਰਾਤ ਜੋ ਖੜਦੇ ਨਾਲ ਤੇਰੇ
ਤੈਨੂੰ ਸਿੱਟਣ ਦੀਆ ਸ਼ਾਜਿਸ਼ਾਂ ਕਰਦੇ ਵੇਖੇ ਮੈਂ !!
ਜੋ ਕਹਿੰਦੇ ਸੀ ਮਰੂਗਾ ਨਾਲ਼ ਤੇਰੇ
ਮਰ ਜਾਣ ਤੇ ਤੇਰੇ ਸ਼ੁਕਰ ਮਨਾਉਂਦੇ ਵੇਖੇ ਮੈਂ !!
ਜੋ ਬਣਦੇ ਵਿਚੋਲੇ ਵਿਆਹ ਵਿੱਚ ਤੇਰੇ
ਤੇਰਾ ਤਲਾਕ ਕਰਾਉਣ ਦੀਆ ਜੁਗਤਾਂ ਲੜਾਦੇ ਵੇਖੇ ਮੈਂ!!”

ਸਰਬਜੀਤ ਦਾ ਸੁਪਨਾ ਸੀ ਕਿ ਇਹਨਾਂ ਦੀਆਂ ਰਚਨਾਵਾਂ ਅਖ਼ਬਾਰਾਂ ਵਿੱਚ ਛਪਣ ਤਾਂ ਜੋ ਦੁਨੀਆ ਭਰ ਦੇ ਲੋਕ ਪੜ੍ਹ ਸਕਣ ।ਇਹ ਸੁਪਨਾ ਪੂਰਾ ਕਰਨ ਲਈ ਇਹਨਾਂ ਮੇਰੇ ਨਾਲ ਸੰਪਰਕ ਕੀਤਾ । ਹੁਣ ਤੱਕ ਇਹਨਾਂ ਦੇ ਲੇਖ ਤੇ ਕਵਿਤਾਵਾਂ ਬਹੁਤ ਸਾਰੀਆਂ ਪੰਜਾਬੀ ਅਖਬਾਰਾਂ ਵਿੱਚ ਛਪ ਚੁੱਕੇ ਹਨ ਜ਼ਿਹਨਾਂ ਵਿੱਚ ਪ੍ਰਮੁਖ ਅਖਬਾਰਾਂ ਹਨ – ਸਮਾਜ ਵੀਕਲੀ,ਡੇਲੀ ਹਮਦਰਦ, ਸਾਡੇ ਲੋਕ,ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ,ਪੰਜਾਬ ਟਾਈਮਜ਼ ਯੂ ਕੇ ਸਰਬਜੀਤ ਲੌਂਗੀਆ ਦੇ ਲੇਖ ਤੇ ਕਵਿਤਾਵਾਂ ਸਾਰੀਆਂ ਸਮਾਜਿਕ ਸੇਵਾ ਤੇ ਸੁਝਾਵਾਂ ਨਾਲ ਭਰਪੂਰ ਹੁੰਦੀਆਂ ਹਨ,ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਵਿੱਚ ਇਹ ਲਿਖਦੇ ਆ ਰਹੇ ਹਨ ਪਰ ਪ੍ਰਿੰਟ ਮੀਡੀਆ ਵਿਚ ਇਨ੍ਹਾਂ ਨੂੰ ਥਾਂ ਨਹੀਂ ਮਿਲੀ ਸੀ।ਪਰ ਹੁਣ ਨੈਸ਼ਨਲ ਤੇ ਇੰਟਰਨੈਸ਼ਨਲ ਅਖ਼ਬਾਰ ਇਨ੍ਹਾਂ ਦੀਆਂ ਰਚਨਾਵਾਂ ਖੁੱਲ੍ਹੇ ਰੂਪ ਵਿੱਚ ਛਾਪ ਰਹੇ ਹਨ।ਹਰ ਰੋਜ਼ ਕਿਸੇ ਨਾ ਕਿਸੇ ਅਖ਼ਬਾਰ ਵਿੱਚ ਇਨ੍ਹਾਂ ਦੀ ਕਵਿਤਾ ਜਾਂ ਲੇਖ ਛਪਦਾ ਹੈ ਜਿਸ ਨੂੰ ਪਾਠਕ ਬਹੁਤ ਜ਼ਿਆਦਾ ਪਸੰਦ ਕਰਦੇ ਹਨ।ਉਹ ਦਿਨ ਦੂਰ ਨੇ ਇਨ੍ਹਾਂ ਦੀ ਮਿਹਨਤ ਜਲਦੀ ਹੀ ਇਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਪਹਿਲੀ ਕਤਾਰ ਵਿੱਚ ਖੜ੍ਹਾ ਕਰ ਦੇਵੇਗੀ।ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੀਵਾਲੀ ਦੀ ਸਫ਼ਾਈ
Next articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਬਲਾਕ ਪੱਧਰੀ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ