ਸੰਗਰੂਰ (ਸਮਾਜ ਵੀਕਲੀ): ਸ਼ਹਿਰ ਦੇ ਪ੍ਰੀਤ ਨਗਰ ਵਿੱਚ ਲੰਘੀ ਰਾਤ ਸੇਵਾਮੁਕਤ ਅਧਿਆਪਕ ਦਾ ਉਸ ਦੇ ਨੌਕਰ ਨੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। 84 ਸਾਲਾ ਮ੍ਰਿਤਕ ਵਿਅਕਤੀ ਹਾਸਰਸ ਕਲਾਕਾਰ ਗੁਰਚੇਤ ਚਿੱਤਰਕਾਰ ਦਾ ਸਹੁਰਾ ਸੀ। ਥਾਣਾ ਸਿਟੀ-1 ਦੀ ਪੁਲੀਸ ਨੇ ਨੌਕਰ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਸਿਟੀ-1 ਦੀ ਪੁਲੀਸ ਅਨੁਸਾਰ ਚਰਨਪਾਲ ਸਿੰਘ ਵਾਸੀ ਪਿੰਡ ਲਿੱਦੜਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਸੱਜਣ ਸਿੰਘ ਕਰੀਬ 25 ਸਾਲ ਤੋਂ ਸੰਗਰੂਰ ਵਿੱਚ ਰਹਿੰਦਾ ਸੀ। ਸੱਜਣ ਸਿੰਘ ਹੋਰਾਂ ਨੇ ਇੱਕ ਔਰਤ ਨੂੰ ਖਾਣਾ ਬਣਾਉਣ ਰੱਖਿਆ ਹੋਇਆ ਸੀ ਤੇ ਗਾਂ ਦੀ ਸੰਭਾਲ ਲਈ ਸਿਕੰਦਰ ਸਿੰਘ ਨਾਂ ਦਾ ਨੌਕਰ ਰੱਖਿਆ ਹੋਇਆ ਸੀ। ਚਰਨਪਾਲ ਨੇ ਦੋਸ਼ ਲਾਇਆ ਕਿ ਸਿਕੰਦਰ ਸਿੰਘ ਖਾਣਾ ਬਣਾਉਣ ਲਈ ਰੱਖੀ ਔਰਤ ’ਤੇ ਮਾੜੀ ਨਜ਼ਰ ਰੱਖਦਾ ਸੀ। ਇਸ ਗੱਲ ਤੋਂ ਰੋਕਣ ’ਤੇ ਸਿਕੰਦਰ ਦੀ ਉਸ ਦੇ ਪਿਤਾ ਨਾਲ ਬਹਿਸ ਵੀ ਹੋਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਿਤਾ ਕੋਲ ਆਇਆ ਹੋਇਆ ਸੀ। ਕਰੀਬ 11.30 ਵਜੇ ਨੌਕਰ ਸਿਕੰਦਰ ਸਿੰਘ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਇਆ। ਉਸ ਨੇ ਸੱਜਣ ਸਿੰਘ ਨੂੰ ਬਾਹਰ ਸੱਦ ਕੇ ਕੁਹਾੜੀ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਚਰਨਪਾਲ ਨੇ ਦੱਸਿਆ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉਹ ਆਪਣੇ ਪਿਤਾ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਪਰ ਪਟਿਆਲਾ ਜਾਂਦੇ ਹੋਏ ਰਸਤੇ ਵਿੱਚ ਹੀ ਸੱਜਣ ਸਿੰਘ ਦੀ ਮੌਤ ਹੋ ਗਈ। ਸਬ-ਇੰਸਪੈਕਟਰ ਜਗਸੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਕੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly