ਜਲੰਧਰ, ਫਿਲੌਰ, ਅੱਪਰਾ (ਜੱਸੀ)-ਬੇਹੱਦ ਮਿਹਨਤੀ, ਉਸਾਰੂ ਵਿਚਾਰਾਂ ਨਾਲ਼ ਜੁੜੇ, ਅਚਨਚੇਤ ਵਿਛੜੇ ਗੁਰਮੇਲ ਸਿੰਘ ਦੀ ਯਾਦ ‘ਚ ਉਹਨਾਂ ਦੇ ਪਿੰਡ ਸਨਾਵਾਂ ( ਨਵਾਂ ਸ਼ਹਿਰ) ਵਿਖੇ ਹੋਏ ਸ਼ਰਧਾਂਜਲੀ ਸਮਾਗਮ ‘ਚ ਹੋਈਆਂ ਗੰਭੀਰ ਵਿਚਾਰਾਂ ਕੀਤੀਆਂ ਗਈਆਂ।ਲੋਕ ਪੱਖੀ, ਇਨਕਲਾਬੀ ਗਾਇਕੀ ਦੇ ਖੇਤਰ ‘ਚ ਜਾਣੇ- ਪਹਿਚਾਣੇ ਧਰਮਿੰਦਰ ਮਸਾਣੀ ਦੇ ਪਿਤਾ ਗੁਰਮੇਲ ਸਿੰਘ ਬੀਤੇ ਦਿਨੀਂ ਵਿਛੋੜਾ ਦੇ ਗਏ ਸਨ।
ਉਹਨਾਂ ਦੀ ਯਾਦ ‘ਚ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਵਿਚਾਰ-ਚਰਚਾ ‘ਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਬੂਟਾ ਸਿੰਘ ਮਹਿਮੂਦਪੁਰ, ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਦੇ ਜਨਰਲ ਸਕੱਤਰ ਸੰਧੂ ਵਰਿਆਣਵੀ, ਮਾਨਵਤਾ ਕਲਾ ਮੰਚ ਨਗਰ ਜਸਵਿੰਦਰ ਪੱਪੀ, ਆਜ਼ਾਦ ਰੰਗ ਮੰਚ ਦੇ ਬੀਬਾ ਕੁਲਵੰਤ, ਅੰਬੇਡਕਰ ਵਿਚਾਰਧਾਰਾ ਨਾਲ਼ ਜੁੜੇ ਅੰਮ੍ਰਿਤਪਾਲ ਭੌਂਸਲੇ, ਬਸਪਾ ਦੇ ਸੱਤਪਾਲ ਲੰਗੜੋਆ, ਡਾ. ਕਮਲ ਨਵਾਂ ਸ਼ਹਿਰ, ਅਜਮੇਰ ਸਿੱਧੂ, ਡਾ. ਮੰਗਤ ਰਾਏ , ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਭਿਆਚਾਰਕ ਵਿੰਗ ਦੇ ਆਗੂ ਜੋਗਿੰਦਰ ਕੁੱਲੇਵਾਲ, ਕਿਸਾਨ ਆਗੂ ਤਲਵਿੰਦਰ ਹੀਰ ਨੰਗਲ ਖਿਲਾੜੀਆਂ, ਮਲਕੀਤ ਬਾਹੋਵਾਲ, ਜਗਤਾਰ ਬਾਹੋਵਾਲ, ਨੰਦ ਲਾਲ, ਮਾਸਟਰ ਅਵਤਾਰ, ਤੀਰਥ, ਨਿਤਿਨ ਮੁਕੰਦਪੁਰ ਉਸਦੇ ਸਾਥੀਆਂ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ( ਪਲਸ ਮੰਚ ) ਦੇ ਪ੍ਰਧਾਨ ਅਮੋਲਕ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਚਾਰ ਸਾਂਝੇ ਕੀਤੇ।
ਸਮੂਹ ਬੁਲਾਰਿਆਂ ਨੇ ਅਚਨਚੇਤ, ਬੇਵਕਤੀ ਅਤੇ ਗੈਰ ਕੁਦਰਤੀ ਤੌਰ ਤੇ ਹੋ ਰਹੀਆਂ ਮੌਤਾਂ ਸਬੰਧੀ ਫ਼ਿਕਰਮੰਦੀ ਸਾਂਝੀ ਕੀਤੀ। ਮਾਨਸਿਕ ਤਣਾਅ, ਚਿੰਤਾਵਾਂ, ਕਰਜ਼ੇ, ਜ਼ਹਿਰੀਲੀ ਖਾਧ ਖੁਰਾਕ, ਵਾਤਾਵਰਣ ਅਤੇ ਖਾਸ ਕਰਕੇ ਲੁੱਟ-ਖਸੁੱਟ ਤੇ ਟਿਕੇ ਸਮਾਜਿਕ ਤਾਣੇ – ਬਾਣੇ ਨੂੰ ਮੌਤਾਂ ਦੇ ਨਾਵਾਂ ਓਹਲੇ ਹੋ ਰਹੇ ਕਤਲ ਦੱਸਿਆ।
ਆਪਣੇ ਇਤਿਹਾਸ, ਵਿਰਸੇ, ਆਪਣੇ ਮਾਨਵੀ ਫ਼ਰਜ਼ਾਂ ਨਾਲੋਂ ਟੁੱਟਕੇ
ਆਰਥਿਕ ਲੋੜਾਂ ਲਈ ਅੰਨ੍ਹੀਂ ਦੌੜ, ਸਮਾਜੀ ਰੁਤਬੇ ਦੇ ਫੋਕੜ ਟੌਹਰ ਟਪੱਈਏ ਦੀ ਭਗਦੜ ਤੋਂ ਬਚਣ ਉਪਰ ਜ਼ੋਰ ਦਿੰਦੇ ਹੋਏ ਬੁਲਾਰਿਆਂ ਨੇ
ਆਪਣੀ ਤਕਦੀਰ ਆਪ ਲਿਖ਼ਣ ਲਈ
ਸਮਾਜਿਕ ਬਦਲਾਅ ਨੂੰ ਪ੍ਰਨਾਏ ਨਵੇਂ ਰਾਹਾਂ ਤੇ ਤੁਰਨ ‘ਤੇ ਜ਼ੋਰ ਦਿੱਤਾ।
ਧਰਮਿੰਦਰ ਮਸਾਣੀ ਨੇ ਆਪਣੇ ਪਿਤਾ ਜੀ ਦੀਆਂ ਯਾਦਾਂ ਦੀ ਫੁਲਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੰਤਿਮ ਵਿਛੋੜੇ ਤੋਂ ਚੰਦ ਰੋਜ਼ ਪਹਿਲਾਂ ਹੀ ਮੇਰੇ ਬਾਪ ਨੇ ਮੈਨੂੰ ਪੁੱਛਿਆ ਕਿ ਤੂੰ ਬਾਬਾ ਬੂਝਾ ਸਿੰਘ ਅਤੇ ਪਾਸ਼ ਨੂੰ ਮਿਲਿਆਂ ਕਿ ਨਹੀਂ ?
ਉਹਨਾਂ ਕਿਹਾ ਕਿ ਉਮਰ ਭਰ ਭੱਠੇ ਤੇ ਮਜਦੂਰੀ ਕਰਨ ਵਾਲੇ ਬਾਪ ਨੇ ਬੜੇ ਮਾਣ ਨਾਲ ਕਿਹਾ ਕਿ ਤੂੰ ਮਿਲਿਆ ਨਹੀਂ ਦੇਖ ਲੈ ਫਿਰ ਮੈਂ ਤਾਂ ਮਿਲਿਆ ਹੋਇਆਂ।
ਉਹ ਨਵੇਂ ਸ਼ਹਿਰ ਖ਼ੇਤਰ ਦੀ ਭੱਠਾ ਵਰਕਰਾਂ ਦੀ ਜੱਥੇਬੰਦੀ ਵਿਚ ਕੰਮ ਵੀ ਕਰਦੇ ਰਹੇ।
ਸ਼ਹੀਦ ਗਿਆਨ ਸਿੰਘ ਸੰਘਾ ਦੇ ਸ਼ਹੀਦੀ ਸਮਾਗਮ ਮੌਕੇ ਸ਼ਹਾਬਪੁਰ ਮੇਰੇ ਲਈ ਇਹ ਮਾਣ ਵਾਲੇ ਪਲ ਸੀ ਜਦੋਂ ਮੇਰਾ ਬਾਪ ਪੰਡਾਲ਼ ਵਿਚ ਬੈਠਾ ਸੀ ਅਤੇ ਮੈਂ ਗੀਤਾਂ ਨਾਲ਼ ਸ਼ਰਧਾਂਜਲੀ ਦਿੱਤੀ।
ਬੁਲਾਰਿਆਂ ਦਾ ਸਾਂਝਾ ਮੱਤ ਸੀ ਕਿ ਜੇਕਰ ਸਮਾਜ ਅੰਦਰ ਚੇਤਨ ਸ਼ਕਤੀਆਂ ਨੇ ਲੋਕ ਸ਼ਕਤੀ ਉਸਾਰਕੇ ਸਮਾਜਕ ਤਬਦੀਲੀ ਦਾ ਵਾਤਾਵਰਨ ਨਾ ਸਿਰਜਿਆ ਤਾਂ ਸ਼ੂਕਦੀ ਆ ਰਹੀ ਫਿਰਕੂ ਦਹਿਸ਼ਤਗਰਦੀ ਅਤੇ ਦੇਸੀ ਬਦੇਸ਼ੀ ਦਾਬੇ ਦੀ ਹਨੇਰੀ ਵਿਆਪਕ ਤਬਾਹੀ ਲੈ ਕੇ ਆਏਗੀ।ਸ਼ਰਧਾਂਜਲੀ ਸਮਾਗਮ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਕਸ਼ਮੀਰ ਸਿੰਘ ਸਨਾਵਾਂ ਨੇ ਅਦਾ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly