(ਸਮਾਜ ਵੀਕਲੀ)
ਸੁਪਨੇ ਸਜਾ ਕੇ ਨੈਣੀਂ ਤੁਰ ਗਿਓਂ ਦੂਰ ਵੇ,
ਪਾਵੇ ਔਸੀਆਂ ਕੰਧਾਂ ਤੇ ਤੇਰੀ ਹੂਰ ਵੇ,
ਚੜਦੀ ਦੁਪਹਿਰ ਬਾਦ ਢਲਦੀਆ ਸ਼ਾਮਾ ਜਿਵੇਂ,
ਉਵੇਂ ਢੱਲਦਾ ਪਿਆ ਏ ਮੁੱਖੜੇ ਦਾ ਨੂਰ ਵੇ।
ਪਹਿਲੀ ਵਾਰੀ ਤੱਕਿਆ ਸੀ ਜਦ ਤੇਰਾ ਮੁੱਖ ਵੇ,
ਦਿੱਲ ਵਿੱਚ ਮਿਲਣੇ ਦੀ ਉੱਠੀ ਤਾਂਘ ਸੀ,
ਇੰਝ ਲੱਗੇ ਜਿਵੇਂ ਕੋਈ ਤੇਰੇ ਨਾਲ ਸਾਡੀ ਚੰਨਾ ,
ਜਨਮਾਂ ਪੁਰਾਣੀ ਰੂਹਾਂ ਵਾਲੀ ਸਾਂਝ ਸੀ।
ਅੱਖੀਆਂ ਨਾ ਰੱਜੀਆਂ ਦੇਖ ਦੇਖ ਤੈਨੂੰ,
ਨਾਹੀ ਗੱਲਾਂ ਸੀ ਪਿਆਰ ਦੀਆਂ ਮੁੱਕੀਆਂ,
ਸੁਬਹ ਤੋ ਦੁਪਹਿਰਾ ਹੋਈਆਂ ਪਤਾ ਹੀ ਨਾ ਚੱਲਿਆ,
ਕਦੋਂ ਦੁਪਹਿਰਾ ਤੋ ਸੀ ਸ਼ਾਮਾਂ ਢੁੱਕੀਆਂ।
ਕਿੰਝ ਬੀਤੇ ਤੀਆਂ ਜੇਹੇ ਚੰਦ ਦਿਨ ਪਿਆਰ ਵਾਲੇ,
ਫੇਰ ਆ ਗਈਆਂ ਵਿਛੋੜ ਦੀਆ ਘੜੀਆਂ ,
ਦਿੱਲ ਕਰੇ ਰੋਵਾਂ ਭੁੱਬੀਂ, ਪਰ ਰੋਵਾਂ ਬੁੱਲ ਚਿੱਥ ਕੇ,
ਨੈਣੀਂ ਲੱਗੀਆਂ ਸਾਉਣ ਦੀਆਂ ਝੜੀਆਂ।
ਇੱਕ ਇੱਕ ਪੱਲ ਕੈਦ ਕੀਤਾ ਸੀ ਵਿੱਚ ਕੈਮਰੇ ਦੇ,
ਸੱਭ ਤਸਵੀਰਾ ਸੀ ਮੈਂ ਸੀਨੇ ਵਿੱਚ ਜੜੀਆਂ,
ਕਿਹੋ ਜਿਹੀਆਂ ਤੇਰੀਆਂ ਪ੍ਰੀਤਾਂ ਦੱਸ” ਪ੍ਰੀਤ” ਮੈਨੂੰ,
ਮੁੱਕਣ ਤੇ ਆਉਂਦੀਆਂ ਨਹੀਂ ਵਿਛੋੜੇ ਦੀਆਂ ਘੜੀਆਂ।
ਡਾ.ਲਵਪ੍ਰੀਤ ਕੌਰ ਜਵੰਦਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly