
(ਸਮਾਜ ਵੀਕਲੀ) ਜਿਹੜੇ ਮੁਲਕਾਂ ‘ਚ ਔਰਤ ਦਾ ਤ੍ਰਿਸਕਾਰ ਹੈ ਹੁੰਦਾ, ਉਨ੍ਹਾਂ ‘ਚ ਲੜਾਈ-ਝਗੜੇ ਪੈਣ ਵਾਧੂ, ਵਿਕਾਸ ਨ੍ਹੀਂ ਹੁੰਦਾ। ਦੇਸ਼ ਦੀ ਵਾਗਡੋਰ ਭਾਵੇਂ ਛੜਿਆਂ ਦੇ ਹੱਥ,ਪਰ ਵਿਕਾਸ ਵਿੱਚ ਔਰਤ ਦਾ ਵੱਡਾ ਯੋਗਦਾਨ ਹੁੰਦਾ। ਘਰ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ,ਅਣਗੌਲਿਆਂ ਕਰੋ, ਔਰਤ ਦੀਆਂ ਖੁਸ਼ੀਆਂ ਲੈਣ ਲਈ,ਖੁਸ਼ੀ ਕਰਨ ਦੇ ਨੁਸਖੇ ਟੋਲਿਆ ਕਰੋ।
ਮੈਂ ਤਾਂ ਚਾਹੁੰਨਾ, ਔਰਤਾਂ ਤੇ ਲਿਖ ਦੇਵਾਂ ਗ੍ਰੰਥ, ਘਰਵਾਲੀ ਲਿਖਣ ਨ੍ਹੀਂ ਦਿੰਦੀ, ਉਸ ਨੂੰ ਖੁਸ਼ ਕਰਨ ਲਈ, ਪੇਕੀਂ ਉਸਦੇ ਫੋਨ ਮਿਲਾਕੇ, ਚੋਰੀ-ਛਿਪੇ ਕਰਦਾ ਤੁੱਕਬੰਦੀ। ਰਾਤ ਨੂੰ ਜਦੋਂ ਉਹ ਘੁਰਾੜੇ ਮਾਰਦੀ, ਮੈਂ ਔਰਤ ਦਿਵਸ ਦੀ ਕਰਦਾ ਜੁਗਲਬੰਦੀ। ਦਿਨ ‘ਚ ਉਸਦੀ ਪਸੰਦ ਦੀ ਵੀਡੀਓ ਸੁਣਾਵਾਂ, ਇਸ ਦੇ ਵਿੱਚ ਹੀ ਹੁੰਦੀ ਅਕਲਮੰਦੀ। ਨਾਰੀ,ਝਾਂਸੀ ਦੀ ਰਾਣੀ ਲਕਸ਼ਮੀ ਬਾਈ ਵਾਂਗੂੰ, ਰਣ ਵਿੱਚ ਲੜਦੀ ਮਰਦਾਨੀ ਬਣ ਕੇ। ਮਾਂ ਦੁਰਗਾ ਦੀ ਅਲੌਕਿਕ ਸ਼ਕਤੀ ਤੋਂ ਰਹਿੰਦੀ ਹਮੇਸ਼ਾ ਡਰਕੇ।
ਔਰਤਾਂ ਨੂੰ ਚੁੱਪ ਕਰਾਉਣਾ ਔਖਾ,ਪਰ ਕੰਮ ਦੀ ਗੱਲ, ਸੁਣਦੀਆਂ ਮੌਨ ਧਾਰ ਕੇ। ਬੱਚਾ ਜੇ ਵਿਗੜੇ,ਲਾਉਣ ਥੱਪੜ,ਰਾਹ ਤੇ ਆ ਜਾਵੇ ਤਾਂ ਰੱਖਣ ਪੁਚਕਾਰ ਕੇ। ਨਾਰੀ ਦਿਵਸ ਇੱਕ ਦਿਨ ਨ੍ਹੀਂ,ਰੋਜ਼ ਮਨਾਇਆ ਜਾਣਾ ਚਾਹੀਦਾ। ਉਨ੍ਹਾਂ ਨਾਲ ਹਰ ਕੰਮ ਦੀ ਸ਼ੁਰੂਆਤ ਹੁੰਦੀ,ਸਤਿਕਾਰ ਦਿੱਤਾ ਜਾਣਾ ਚਾਹੀਦਾ।ਜੋ ਨਾਰੀ ਦੇ ਚੰਚਲਤਾ ਵਾਲੇ ਕਿਰਦਾਰ ਨੂੰ ਸਮਝ ਲਵੇ, ਉਹ ਬੰਦਾ ਬਣਦਾ ਮਹਾਂ-ਗਿਆਨੀ। ਜੋ ਨਾ ਸਮਝੇ, ਹੁੰਦਾ ਅਨਾੜੀ, ਜਾਂ ਹੰਕਾਰੀ ਜਾਂ ਉਸਦੇ ਦਿਲ ਵਿੱਚ ਹੁੰਦੀ ਬੇਈਮਾਨੀ।ਦਾਦੀ,ਮਾਂ,ਮਾਸੀ,ਬੇਬੇ,ਧੀ,ਭੈਣ,
ਭੂਆ,ਮਾਮੀ,ਨਾਨੀ,ਚਾਚੀ,ਤਾਈ,ਸੱਸ ਨੂੰਹ,
ਬੱਚਿਆਂ ਨੂੰ ਪਿਆਰਦੀਆਂ ਤੇ ਪਾਲਦੀਆਂ।ਦੁਨੀਆਂ ਦੀਆਂ ਮਹਾਨ ਸ਼ਖਸ਼ੀਅਤਾਂ ਨੂੰ, ਔਰਤਾਂ ਹੀ ਬਣਾਉਂਦੀਆਂ ਤੇ ਪੂਰ ਚਾੜ੍ਹਦੀਆਂ। ਔਰਤ ਹੁੰਦੀ ਪ੍ਰੀਵਾਰ ਦਾ ਧੁਰਾ, ਉਸ ਬਿਨ ਸਾਰਾ ਜੱਗ ਰੁੱਸ ਜਾਵੇ। ਸਾਂਝਾਂ ਦਾ ਦਾਇਰਾ ਇਨ੍ਹਾਂ ਨਾਲ ਹੀ ਵੱਧਦਾ ਜਾਵੇ।
ਮਾਂ ਦਾ ਦੇਣਾ ਕੋਈ ਦੇ ਨ੍ਹੀਂ ਸਕਦਾ,ਕਈ ਜਨਮ ਵੀ ਲਾ ਦੇਵੇ,ਧੋਣਾ ਧੋ ਨ੍ਹੀਂ ਸਕਦਾ। ਭਾਵੇਂ ਆਦਮੀ ਅਤੇ ਔਰਤ ਦੇ, ਕਿਰਦਾਰ ਹੁੰਦੇ ਵੱਖਰੇ ਵੱਖਰੇ। ਕਬੀਲਦਾਰੀ ਚਲਾਉਣੀ ਪੈਂਦੀ, ਤਿਆਗ ਕੇ ਨਖ਼ਰੇ। ਬੱਚਿਆਂ ਦੀ ਖਾਤਰ ਮਾਂ, ਆਪਾ ਵੀ ਵਾਰ ਸਕਦੀ। ਬੱਚੇ ਭਾਵੇਂ ਕਿੰਨੇ ਵੀ ਬੇਮੁਖ ਹੋ ਜਾਣ, ਉਨ੍ਹਾਂ ਤੇ ਪਵੇ ਬਿਪਤਾ, ਔਰਤ ਸਹਾਰ ਨ੍ਹੀਂ ਸਕਦੀ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj