(ਸਮਾਜ ਵੀਕਲੀ)
ਭੀੜ ਵਿਚੋਂ ਮਨੁੱਖਤਾ ਮੈਂ ਰਹੀ ਭਾਲਦੀ।
ਸਵਾਰਥੀ ਇਹ ਰਿਸ਼ਤੇ ਮੈਂ ਰਹੀ ਪਾਲਦੀ।
ਧੁੱਪਾਂ ਨਾਲ ਲੜ ਕੇ ਮਸਾਂ ਲੱਭੀਆਂ ਸੀ ਛਾਵਾਂ,
ਪਤਝੜਾਂ ਆਈਆਂ ਨੂੰ ਮੈਂ ਰਹੀ ਟਾਲਦੀ।
ਅਪਣੱਤ ਤੇ ਪਿਆਰ ਦੀਆਂ ਇੱਟਾਂ ਲਾ ਕੇ,
ਰੇਤ ਵਾਲੇ ਮਹਿਲ ਮੈਂ ਰਹੀ ਉਸਾਰਦੀ।
ਆਪਣਾ ਕਦੀ ਕੋਈ ਮੇਰਾ ਬਣਿਆ ਨਾ,
ਝੂਠੇ ਮਖੌਟਿਆਂ ਨੂੰ ਮੈਂ ਰਹੀ ਪਿਆਰਦੀ।
ਰਿਸ਼ਤੇ ਬਚਾਉਣ ਲਈ ਸੀ ਆਪਾ ਵਾਰਿਆ,
ਦਿਨ ਰਾਤ ਉਹਨਾਂ ਨੂੰ ਮੈਂ ਰਹੀ ਨਿਹਾਰਦੀ।
ਆਪਣੇ ਨੂੰ ਹਮੇਸ਼ ਸੀ ਅਣਗੌਲਦੀ ਰਹੀ,
ਦੂਸਰਿਆਂ ਦੇ ਘਰ ਮੈਂ ਰਹੀ ਸੰਵਾਰਦੀ।
ਸੁਹਿਰਦ ਪਿਆਰ ਕਦੀ ਮਿਲਿਆ ਨਹੀਂ,
ਜੋ ਮਿਲਿਆ ਉਸੇ ਨਾਲ ਮੈਂ ਰਹੀ ਸਾਰਦੀ।
ਸ਼ਕਾਇਤਾਂ ਜਿੰਦਗੀ ਨੂੰ ਮੈਂ ਬਹੁਤ ਕੀਤੀਆਂ,
ਇਸ ਲਈ ਸੀ ਬੜਾ ਕੁੱਝ ਮੈਂ ਰਹੀ ਵਾਰਦੀ।
ਬੜੀਆਂ ਉਮੀਦਾਂ ਨਾਲ ਮੈਂ ਕਦਮ ਮਿਲਾਏ,
ਖ਼ੁਆਬਾਂ ਤੇ ਖੁਆਹਿਸ਼ਾਂ ਨੂੰ ਮੈਂ ਰਹੀ ਮਾਰਦੀ।
ਸੰਘਰਸ਼ ਤੋਂ ਬਾਅਦ ਸੀ ਮਹਿਕਣਾ ਚਾਹਿਆ,
ਫੇਰ ਵੀ ਮੈਂ ਜ਼ਿੰਦਗੀ ਵਿੱਚ ਰਹੀ ਹਾਂ ਹਾਰਦੀ।
ਪ੍ਰਕਾਸ਼ ਕੌਰ ਪਾਸ਼ਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly