(ਸਮਾਜ ਵੀਕਲੀ) ਅੱਜ ਦੇ ਡਿਜੀਟਲ ਯੁੱਗ ਵਿੱਚ, ਸੈਲਫੀ ਅਤੇ ਫੋਟੋਸ਼ੂਟ ਲੈਣਾ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਅੱਜ ਹਰ ਉਮਰ ਦਾ ਵਿਅਕਤੀ ਸੋਸ਼ਲ ਮੀਡੀਆ ਤੇ ਕੁਝ ਸਮਾਂ ਗੁਜ਼ਾਰਦਾ ਹੀ ਹੈ। ਬਹੁਤ ਘੱਟ ਵਿਅਕਤੀ ਹੋਣਗੇ ਜਿਨਾਂ ਦੇ ਸ਼ੋਸ਼ਲ ਮੀਡਿਆ ਤੇ ਅਕਾਊਂਟ ਨਹੀਂ ਬਣਾਏ ਹਨ। ਫੇਸਬੁੱਕ, ਇੰਸਟਾਗ੍ਰਾਮ, ਵੀ ਚੈਟ, ਵੱਟਸਐਪ, ਯੂਟਿਊਬ, ਟਿੱਕ ਟਾਕ, ਟੈਲੀਗਰਾਮ ਆਦਿ ਨਾਲ ਸਭ ਜਾਣੂ ਹਨ। ਸੋਸ਼ਲ ਮੀਡੀਆ ਦੇ ਉਭਾਰ ਦੇ ਨਾਲ, ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਨ ਅਤੇ ਸ਼ੋਸ਼ਲ ਮੀਡਿਆ ਤੇ ਸਾਂਝਾ ਕਰਨ ਲਈ ਵਧੇਰੇ ਪਸੰਦ ਕਰਦੇ ਹਨ। ਇਹ ਆਦਤ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਦੂਜਿਆਂ ਨਾਲ ਜੁੜਨ ਦਾ ਵਧੀਆ ਤਰੀਕਾ ਹੈ।
ਸੈਲਫੀ ਅਤੇ ਫੋਟੋਸ਼ੂਟ ਦੇ ਫਾਇਦੇ :-
1. ਯਾਦਾਂ ਨੂੰ ਸੁਰੱਖਿਅਤ ਰੱਖਣਾ:- ਫੋਟੋਆਂ ਅਤੇ ਸੈਲਫੀ ਖਾਸ ਪਲਾਂ, ਸਥਾਨਾਂ ਅਤੇ ਲੋਕਾਂ ਦੇ ਵਿਜ਼ੂਅਲ ਨੂੰ ਯਾਦ ਰੱਖਦੀਆਂ ਹਨ। ਵਿਅਕਤੀਆਂ ਨੂੰ ਉਹਨਾਂ ਯਾਦਾਂ ਨੂੰ ਮੁੜ ਸੁਰਜੀਤ ਕਰਨ ਅਤੇ ਸੰਭਾਲਣ ਦੀ ਆਗਿਆ ਦਿੰਦੇ ਹਨ।
2. ਆਤਮ-ਵਿਸ਼ਵਾਸ ਵਧਾਉਣਾ :- ਫੋਟੋਆਂ ਅਤੇ ਸੈਲਫੀ ਰਾਹੀਂ ਵਿਆਕਤੀ ਆਪਣੇ ਆਪ ਨੂੰ ਸਕਾਰਾਤਮਕ ਰੌਸ਼ਨੀ ਵਿੱਚ ਦੇਖਦੇ ਹਨ, ਤਾਂ ਇਹ ਸਵੈ-ਮਾਣ ਅਤੇ ਵਿਸ਼ਵਾਸ ਵਿੱਚ ਵਾਧਾ ਕਰ ਸਕਦਾ ਹੈ। ਇਹ ਜਿਆਦਾ ਸ਼ਰਮਾਉਣ ਦੀ ਆਦਤ ਨੂੰ ਘੱਟ ਕਰਦੀ ਹੈ।
3. ਤਣਾਅ ਤੋਂ ਰਾਹਤ :- ਅਪਣੀਆਂ ਫੋਟੋਆਂ ਖਿੱਚਣ ਦਾ ਆਦਤ, ਭਾਵੇਂ ਸੈਲਫੀ ਹੋਵੇ ਜਾਂ ਫੋਟੋਸ਼ੂਟ, ਇੱਕ ਸੁਚੇਤ ਗਤੀਵਿਧੀ ਹੁੰਦੀ ਹੈ ਜੋ ਵਿਅਕਤੀਆਂ ਨੂੰ ਮੌਜੂਦਾ ਪਲ ਉਪੱਰ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦੀ ਹੈ ਅਤੇ ਸੰਭਾਵੀ ਤੌਰ ‘ਤੇ ਤਣਾਅ ਨੂੰ ਘਟਾਉਂਦੀ ਹੈ।
4. ਭਾਵਨਾਤਮਕ ਸੰਬੰਧ :- ਆਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਨਾਲ ਸੈਲਫੀ ਅਤੇ ਫੋਟੋਆਂ ਸਾਂਝੀਆਂ ਕਰਨ ਨਾਲ ਇੱਕ ਦੁੱਜੇ ਨਾਲ ਸੰਬੰਧ ਦੀ ਭਾਵਨਾ ਪੈਦਾ ਹੋ ਸਕਦੀ ਹੈ, ਵਿਅਕਤੀਆਂ ਨੂੰ ਆਪਣੇ ਅਨੁਭਵ ਅਤੇ ਭਾਵਨਾਵਾਂ ਦੋਸਤਾਂ ਅਤੇ ਪਰਿਵਾਰ ਨਾਲ ਸਾਂਝੀਆਂ ਕਰਨ ਦੀ ਆਗਿਆ ਮਿਲਦੀ ਹੈ।
5. ਆਤਮ ਵਿਸ਼ਵਾਸ ਵਧਾਉਣਾ:- ਸੈਲਫੀ ਅਤੇ ਫੋਟੋਸ਼ੂਟ ਇੱਕ ਆਤਮਵਿਸ਼ਵਾਸ ਵਧਾਉਣ ਵਾਲਾ ਅਨੁਭਵ ਹੋ ਸਕਦਾ ਹੈ, ਜੋ ਵਿਅਕਤੀਆਂ ਨੂੰ ਆਪਣੇ ਆਪ ਅਤੇ ਆਪਣੀ ਦਿੱਖ ਬਾਰੇ ਚੰਗਾ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।
ਸੋ ਸੈਲਫੀ ਅਤੇ ਫੋਟੋਸ਼ੂਟ ਇੱਕ ਵਧੀਆ ਤਰੀਕਾ ਹੋ ਸਕਦਾ ਹੈ ਆਪਣੇ ਆਪ ਨੂੰ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਦਾ, ਵਿਸ਼ੇਸ਼ ਸਮਾਗਮਾਂ ਤੋਂ ਯਾਦਾਂ ਅਤੇ ਪਲਾਂ ਨੂੰ ਕੈਦ ਕਰਨ ਦਾ, ਦੋਸਤਾਂ ਅਤੇ ਪਰਿਵਾਰ ਨਾਲ ਅਨੁਭਵ ਸਾਂਝੇ ਕਰਨ ਦਾ, ਆਪਣੀ ਸ਼ਖਸੀਅਤ ਅਤੇ ਸ਼ੈਲੀ ਦਾ ਪ੍ਰਦਰਸ਼ਨ ਕਰਨ ਦਾ।
ਸੈਲਫੀ ਅਤੇ ਫੋਟੋਸ਼ੂਟ ਦੇ ਨੁਕਸਾਨ :- ਹਾਲਾਂਕਿ, ਬਹੁਤ ਜ਼ਿਆਦਾ ਸੈਲਫੀ ਲੈਣ ਅਤੇ ਫੋਟੋਸ਼ੂਟ ਦੇ ਨਕਾਰਾਤਮਕ ਨਤੀਜੇ ਵੀ ਹੋ ਸਕਦੇ ਹਨ, ਜਿਵੇਂ ਕੀ ਆਪਣੀ ਦਿੱਖ ਨੂੰ ਪ੍ਰਮਾਣ ਕਰਨ ਦਾ ਜਨੂੰਨ, ਦੂਜਿਆਂ ਨਾਲ ਤੁਲਨਾ ਅਤੇ ਮੁਕਾਬਲਾ ਕਰਨ ਦੀ ਮਾੜੀ ਆਦਤ, ਮਾਨਸਿਕ ਸਿਹਤ ਤੇ ਮਾੜਾ ਪ੍ਰਭਾਵ ਆਦਿ ਅਸਲ ਜੀਵਨ ਦੇ ਤਜ਼ਰਬਿਆਂ ਤੋਂ ਧਿਆਨ ਭਟਕਾਉਣਾ।
ਇੱਕ ਗੱਲ ਦੀ ਜਾਣਕਾਰੀ ਸਾਨੂੰ ਸਭ ਨੂੰ ਹੋਣੀ ਚਾਹੀਦੀ ਹੈ ਕਿ ਜਦੋਂ ਅਸੀਂ ਆਪਣੇ ਫੋਨ ਵਿੱਚ ਫੋਟੋ ਖਿੱਚ ਲੈਂਦੇ ਹਾਂ ਜਾਂ ਕੋਈ ਵੀਡਿਓ ਬਣਾ ਲੈਂਦੇ ਹਾਂ ਤਾਂ ਉਹ ਕਦੇ ਵੀ ਡਿਲੀਟ ਨਹੀਂ ਹੁੰਦੀ। ਉਹ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਫੋਨ ਰਹਿੰਦਾ ਹੈ। ਇੱਕ ਗੱਲ ਹੋਰ ਜਦੋਂ ਵੀ ਅਸੀਂ ਆਪਣੀ ਫੋਟੋ ਜਾਂ ਵੀਡੀਓ ਇੰਟਰਨੈਟ ਉੱਪਰ ਅਪਲੋਡ ਕਰਦੇ ਹਾਂ ਬੇਸ਼ੱਕ ਕਿਸੇ ਵੀ ਸੋਸ਼ਲ ਮੀਡੀਆ ਸਾਈਟ ਤੇ ਹੋਵੇ ਉਹ ਕਦੇ ਵੀ ਪੱਕੇ ਤੌਰ ਤੇ ਡਲੀਟ ਨਹੀਂ ਹੁੰਦੀ ਉਸ ਨੂੰ ਵੀ ਐਕਸਪਰਟ ਰੀਸਟੋਰ ਕਰ ਸਕਦੇ ਹਨ। ਅਸੀਂ ਆਪਣੇ ਫੋਨ ਵਿੱਚੋਂ ਡਿਲੀਟ ਕਰਕੇ ਇਹ ਮੰਨ ਲੈਂਦੇ ਲੈਂਦੇ ਹਾਂ ਕਿ ਫੋਟੋ ਡਿਲੀਟ ਹੋ ਗਈ ਹੈ ਪਰ ਇਹ ਸੱਚ ਨਹੀਂ ਹੈ। ਕੋਈ ਵੀ ਵਿਅਕਤੀ ਜਿਸ ਨੂੰ ਸਮਾਰਟ ਫੋਨ ਚਲਾਉਣਾ ਆਉਂਦਾ ਹੈ ਉਹ ਵਿਅਕਤੀ ਡਿਲੀਟ ਕੀਤੀਆਂ ਹੋਈਆਂ ਫੋਟੋਆਂ ਅਤੇ ਵੀਡੀਓ ਨੂੰ ਰੀਸਟੋਰ ਕਰ ਸਕਦਾ ਹੈ। ਮੋਬਾਇਲ ਵਿੱਚੋਂ ਡਲੀਟ ਹੋਈਆਂ ਫੋਟੋਆਂ ਅਤੇ ਵੀਡੀਓਜ ਰੀਸਟੋਰ ਕਰਨ ਲਈ ਪਲੇ ਸਟੋਰ ਵਿੱਚ ਬਹੁਤ ਸਾਰੀਆਂ ਐਪਸ ਮੌਜੂਦ ਹਨ। ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਇਸ ਲਈ ਹਮੇਸ਼ਾ ਯਾਦ ਰੱਖੋ ਜਦੋਂ ਵੀ ਅਸੀਂ ਆਪਣੀ ਫੋਟੋ ਖਿੱਚ ਰਹੇ ਹਾਂ ਜਾਂ ਫਿਰ ਵੀਡੀਓ ਬਣਾ ਰਹੇ ਹਾਂ ਅਤੇ ਉਸਨੂੰ ਸ਼ੇਅਰ ਕਰਦੇ ਹਾਂ ਤਾਂ ਇਹੋ ਜਿਹਾ ਕੁਝ ਵੀ ਸ਼ੂਟ ਨਹੀਂ ਕਰਨਾ ਹੈ ਜਿਸ ਨੂੰ ਸ਼ੂਟ ਕਰਨ ਤੋਂ ਬਾਅਦ ਸਾਨੂੰ ਪਛਤਾਣਾ ਪਵੇ, ਇਹ ਨੌਬਤ ਨਾ ਆਏ ਕਿ ਕੋਈ ਸਾਨੂੰ ਸਾਡੀਆਂ ਸ਼ੇਅਰ ਕੀਤੀਆਂ ਹੋਈਆਂ ਫੋਟੋਆਂ ਅਤੇ ਵੀਡੀਓਜ਼ ਕਰਕੇ ਬਲੈਕ ਮੇਲ ਕਰਦਾ ਰਹੇ।
ਪਵਨ ਕੁਮਾਰ ਅੱਤਰੀ
ਕਪੂਰਥਲਾ (ਪੰਜਾਬ)
8427791277
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



