ਮਨੂਵਾਦੀ ਸੋਚ ਵਾਲੇ ਵਕੀਲ ਰਾਕੇਸ਼ ਕਿਸ਼ੋਰ ਤੇ ਦੇਸ਼ ਧ੍ਰੋਹ ਅਤੇ ਐਸੀ ਐਸਟੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ : ਹੈਪੀ ਫ਼ਤਹਿਗੜ੍ਹ,ਪਵਨ ਦੀਵਾਨਾ
ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਵੱਲੋ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਉੱਪਰ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਦੇ ਵਿਰੋਧ ਵਿੱਚ ਆਰਐਸਐਸ ਅਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਪੁਤਲਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਚੌਂਕ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਹਿਗੜ੍ਹ ਅਤੇ ਸਹਿਰੀ ਪ੍ਰਧਾਨ ਪਵਨ ਦੀਵਾਨਾ ਦੀ ਪ੍ਰਧਾਨਗੀ ਹੇਠ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਚੀਫ ਜਸਟਿਸ ਬੀ ਆਰ ਗਵਈ ਨਾਲ ਵਕੀਲ ਰਕੇਸ਼ ਕੁਮਾਰ ਵਲੋਂ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਬਹੁਤ ਹੀ ਨਿੰਦਾਜਨਕ ਅਤੇ ਦੁੱਖਦਾਈ ਘਟਨਾ ਹੈ, ਜਿਸਦੀ ਜਿੰਨੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ। ਉਹਨਾਂ ਕਿਹਾ ਕਿ ਇਹ ਇਸ ਗੱਲ ਦਾ ਹੀ ਨਤੀਜਾ ਹੈ ਕਿ ਪਿਛਲੇ 11 ਸਾਲ ਤੋਂ ਦੇਸ਼ ਵਿੱਚ ਇੱਕ ਫਿਰਕਾਪ੍ਰਸਤੀ ਦਾ ਮਾਹੌਲ ਜੋ ਸਿਰਜਿਆ ਜਾ ਰਿਹਾ ਹੈ ਅਤੇ ਸੰਵਿਧਾਨ ਅਤੇ ਲੋਕਤੰਤਰੀ ਅਦਾਰਿਆਂ ਦੇ ਉੱਪਰ ਨਿੱਤ ਸਵਾਲ ਖੜੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਪ੍ਰਤੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਇਹ ਉਸੇ ਹੀ ਲੜੀ ਦੇ ਵਿੱਚ ਇੱਕ ਨਵੀਂ ਘਟਨਾ ਹੈ ਜਿਹੜੀ ਇਕ ਹੋਰ ਬਹੁਤ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਦੇਸ਼ ਦੀ ਸੁਪਰੀਮ ਕੋਰਟ ਜੋ ਸੰਵਿਧਾਨ ਅਨੁਸਾਰ ਪੂਰੇ ਦੇਸ਼ ਵਿਚ ਲੋਕਤੰਤਰੀ ਵਿਵਸਥਾ ਅਨੁਸਾਰ ਪਿਛਲੇ 75 ਸਾਲ ਤੋਂ ਬਾਖੂਬੀ ਕੰਮ ਕਰ ਰਹੀ ਹੈ ਅਤੇ ਜਿਸਦੇ ਪ੍ਰਤੀ ਦੇਸ਼ ਦੇ ਲੋਕਾਂ ਦੇ ਮੰਨ ਦੇ ਵਿੱਚ ਇੱਕ ਵਿਸ਼ਵਾਸ ਵੀ ਹੈ, ਉਸ ਨੂੰ ਕਮਜ਼ੋਰ ਕਰਨ ਦੀ ਇਹ ਕੋਝੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਚੀਫ ਜਸਟਿਸ ਬੀ ਆਰ ਗਵਈ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਹਨ, ਇਸ ਕਰਕੇ ਹੀ ਉਹਨਾਂ ਦਾ ਅਪਮਾਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਹ ਜਸਟਿਸ ਬੀ ਆਰ ਗਵਈ ਦਾ ਅਪਮਾਨ ਨਹੀਂ ਇਹ ਤਾਂ ਪੂਰੇ ਦਲਿਤ ਸਮਾਜ ਦਾ ਅਪਮਾਨ ਹੈ ਜਿਸ ਨੂੰ ਕਿ ਕਿਸੇ ਦੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਸ ਨੂੰ ਗੰਭੀਰਤਾ ਨੂੰ ਲੈਂਦੇ ਹੋਏ ਇਸ ਲੋਕਤੰਤਰੀ ਵਿਵਸਥਾ ਦੀ ਰੱਖਿਆ ਦੇ ਪੁਖਤਾ ਇੰਤਜ਼ਾਮ ਕਰਕੇ ਸਰਕਾਰ ਆਪਣੇ ਸੰਵਿਧਾਨ ਅਤੇ ਲੋਕਤੰਤਰ ਦੇ ਪ੍ਰਤੀ ਪ੍ਰਤੀਬੱਧਤਾ ਦੁਹਰਾਏ ਅਤੇ ਕਥਿਤ ਦੋਸ਼ੀ ਨੂੰ ਛੱਡਣ ਦੀ ਬਜਾਏ ਉਸ ਉੱਪਰ ਦੇਸ਼ ਧ੍ਰੋਹ ਅਤੇ ਐਸੀ ਐਸਟੀ ਦਾ ਮੁਕਦਮਾ ਦਰਜ ਕਰਕੇ ਉਕਤ ਨੂੰ ਸਲਾਖਾਂ ਪਿੱਛੇ ਸਿੱਟਿਆ ਜਾਵੇ। ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋ ਇਲਾਵਾ ਵਿਪਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਹਲਕਾ ਚੱਬੇਵਾਲ, ਗੁਰਦੀਪ ਕੁਮਾਰ ਪ੍ਰਧਾਨ ਬਲਾਕ ਮੇਹਟੀਆਣਾ, ਕੁਲਵੰਤ ਸਿੰਘ ਉਪ ਪ੍ਰਧਾਨ ਬਲਾਕ ਮੇਹਟੀਆਣਾ, ਗੁਰਮੀਤ ਨਲੋਈਆਂ, ਸਤੀਸ਼ ਕੁਮਾਰ, ਰਾਹੁਲ, ਰਣਜੀਤ, ਸਾਹਿਲ ਕੁਮਾਰ ਨਲੋਈਆਂ, ਐਡਵੋਕੇਟ ਰਜਤ ਬੱਧਣ, ਬਾਬਾ ਕਮਾਲਪੁਰ, ਜਸਵੀਰ ਸਿੰਘ ਮੰਗਾ ਸ਼ੇਰਗੜ੍ਹ, ਗਗਨਦੀਪ ਸ਼ੇਰਗੜ੍ਹ, ਸੁੱਖੀ ਫਤਹਿਗੜ੍ਹ, ਜੱਸੀ ਪੁਰਹਿਰਾ, ਬੀਰਾ ਰਹੀਮਪੁਰ, ਗੋਲੂ ਅਟੱਲਗੜ੍ਹ ਆਦਿ ਹਾਜ਼ਰ ।



