(ਸਮਾਜ ਵੀਕਲੀ) ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਖੁਦ ਆ ਕੇ ਪੂਛੇ, ਤੇਰੀ ਰਜ਼ਾ ਕਿਆ ਹੈ ! ਕਹਿਣ ਤੋਂ ਭਾਵ ਹੈ ਕਿ ਇਨਸਾਨ ਆਪਣੇ ਆਪ ਨੂੰ ਇਨਾ ਪ੍ਰਪੱਕ ਕਰ ਲਵੇ, ਕਿਸੇ ਨੂੰ ਵੀ ਉਲਾਂਭਾ ਦੇਣ ਦਾ ਮੌਕਾ ਨਾ ਮਿਲੇ। ਨੀਲੀ ਛਤਰੀ ਵਾਲੇ ਦੀ ਮਿਹਰ ਬਣੀ ਰਹੇ। ਲਾਲਚੀ ਬੰਦਿਆਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ ਦੁਨੀਆਂ ਉਤੇ। ਪਤਾ ਹੋਣ ਦੇ ਬਾਵਜੂਦ,ਚਲਾਕ ਲੋਕਾਂ ਦੀਆਂ, ਹੇਰਾਫੇਰੀਆਂ ਨਾਲ, ਸਿੱਧੇ-ਸਾਦੇ ਬੰਦਿਆਂ ਨੂੰ ਠੱਗਣ ਦੀ ਆਦਤ ਨ੍ਹੀਂ ਜਾਂਦੀ। ਪਰਮਾਤਮਾ ਸਿੱਧੇ ਸਾਧੇ, ਇਮਾਨਦਾਰੀ ਨਾਲ ਆਪਣੀ ਕਿਰਤ ਕਮਾਈ ਕਰਨ ਵਾਲੇ ਨੂੰ, ਕੋਈ ਤੋਟ ਨਹੀਂ ਰੱਖਦਾ। ਕਮਾਈ ਦੇ ਸਾਧਨ ਵਧਣ ਕਰਕੇ, ਬੰਦੇ ਦੇ ਅੰਦਰ, ਹੋਰ, ਹੋਰ ਜੋੜਨ ਦੀ ਰੁਚੀ, ਸੁਭਾਅ ਵੀ ਗੁਸੈਲੇ, ਜ਼ਿਆਦਾ ਧਨ ਜਾਇਦਾਦਾਂ ਜੋੜਨ ਨਾਲ ਹੰਕਾਰ, ਚੀਜ਼ਾਂ ਨਾਲ ਮੋਹ, ਵਰਗੀਆਂ ਅਲਾਮਤਾਂ ਉਪਜਦੀਆਂ ਹਨ। ਬੰਦਿਆਂ ਨੂੰ ਬੰਦੇ ਹੀ ਨ੍ਹੀਂ ਸਮਝਦੇ ਤੇ ਫਨੀਅਰ ਨਾਗਾਂ ਵਰਗੀ ਜ਼ਹਿਰ ਭਰੀ ਹੁੰਦੀ ਹੈ। ਰਾਜਸੀ ਲੀਡਰਾਂ ਵਾਂਗ ਮੇਹਣੋ ਮੇਹਣੀ ਹੋ ਕੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਦਾ ਭਰਮ ਪਾਲਦੇ ਰਹਿੰਦੇ ਹਨ। ਇੱਕ ਛੋਟੀ ਜਿਹੀ ਉਦਾਹਰਣ ਅਮਰੀਕਾ ਰਾਜ ਵਿੱਚ ਡੰਕੀ ਰੂਟ ਰਾਹੀਂ ਸੱਤ ਅੱਠ ਸਾਲ ਪਹਿਲਾਂ ਪਹੁੰਚੇ ਨੌਜਵਾਨ,ਜੋ 50 ਫੁੱਟਾ ਟਰਾਲਾ ਚਲਾਉਣ ਵਾਲਾ ਡਰਾਈਵਰ ਸੀ,ਨੇ ਹਾਈਵੇਅ ਉੱਤੇ 15 ਮਿੰਟ ਦੀ ਬੱਚਤ ਕਰਨ ਲਈ,ਤੇ ਪਹਿਲਾਂ ਪਹੁੰਚਣ ਲਈ, ਸ਼ਾਰਟਕੱਟ ਮਾਰ ਕੇ, ਕੂਹਣੀ ਮੋੜ ਕੱਟ ਲਿਆ, ਜੋ ਗੈਰ ਕਾਨੂੰਨੀ ਸੀ, ਪਿੱਛੋਂ ਤੇਜ ਆ ਰਹੀ ਕਾਰ ਜ਼ੋਰ ਨਾਲ ਟਰਾਲੇ ਵਿੱਚ ਵੱਜੀ। ਤਿੰਨ ਅਮਰੀਕਨ ਸ਼ਹਿਰੀਆਂ ਦੀ ਥਾਂ ਤੇ ਹੀ ਮੌਤ ਹੋ ਗਈ। ਕਾਰ ਤਬਾਹ ਹੋ ਗਈ। ਇੱਥੋਂ ਦੇ ਕਾਨੂੰਨ ਮੁਤਾਬਿਕ 15 ×3=45 ਸਾਲ ਦੀ ਜੇਲ ਕੱਟਣੀ ਪਵੇਗੀ। ਡਰਾਈਵਰ ਦੀ ਉਮਰ 24-25 ਸਾਲ ਹੈ। ਥੋੜੇ ਜਿਹੇ ਲਾਲਚ ਪਿਛੇ ਆਪਣਾ ਭਵਿੱਖ ਤਬਾਹ ਕਰ ਲਿਆ। ਹੁਣ ਉਸ ਵਾਸਤੇ, ਭਾਰਤੀ ਭਾਈਚਾਰੇ ਨੇ, ਰਹਿਮ ਦੀ ਅਪੀਲ ਵਾਸਤੇ, ਦਸਖਤੀ ਮੁਹਿੰਮ ਚਲਾਈ ਹੈ, ਕਿ ਉਸਨੇ ਜਾਣ-ਬੁਝ ਕੇ ਨਹੀਂ ਕੀਤਾ। ਅਮਰੀਕੀ ਪ੍ਰਸ਼ਾਸਨ ਨੇ ਭਵਿੱਖ ਵਿੱਚ ਵਿਦੇਸ਼ੀ, ਖਾਸ ਕਰ ਭਾਰਤੀ, ਡਰਾਈਵਰਾਂ ਤੇ ਬੈਨ (ਬੰਦਿਸ਼) ਲਗਾ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਦਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਿ, “ਆਗਾਮੀ 2027 ਵਾਲੀਆਂ ਚੋਣਾਂ, ਉਹ ਸਾਮ, ਦਾਮ, ਦੰਡ, ਭੇਦ, ਸੱਚ, ਝੂਠ, ਸਵਾਲ, ਜਵਾਬ, ਲੜਾਈ, ਝਗੜਾ, ਜੋ ਵੀ ਕਰਨਾ ਪਵੇਗਾ, ਕਰਾਂਗੇ, ਤਿਆਰ ਰਹੋ”। ਦੇਸ਼ ਦੀ ਆਜ਼ਾਦੀ ਲਈ, ਕੁਰਬਾਨੀਆਂ ਕਰਨ ਵਾਲੀ, ਜ਼ੁਲਮ ਨਾਲ ਲੜਨ ਵਾਲੀ, ਕੌਮ ਦੀ ਨਿਰਾਦਰੀ ਕਰਨ ਦੇ ਤੁਲ ਹੈ। ਇਹ ਉਸ ਦੀ ਹੰਕਾਰ ਵਾਲੀ ਭਾਸ਼ਾ ਦਾ ਸਬੂਤ ਹੈ। ਕੋਈ ਵੀ ਮਸਲਾ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ। ਗਾਜ਼ਾ ਵਿੱਚ ਇਜ਼ਰਾਇਲ, ਹਰ ਰੋਜ਼ ਤਿੰਨ ਚਾਰ ਪੱਤਰਕਾਰਾਂ ਸਮੇਤ 20-25 ਬੰਦੇ ਹਸਪਤਾਲਾਂ ਤੇ ਮੁੱਖ ਸੰਸਥਾਨਾਂ ਤੇ ਹਮਲਾ ਕਰਕੇ ਮਾਰ ਦਿੰਦਾ ਹੈ। ਨੇਤਨਯਾਹੂ ਨੇ ਬਿਆਨ ਦਿੱਤਾ ਹੈ,ਕਿ ਜੇ ਹਿਜਬੁੱਲਾ ਲਿਬਨਾਨ ਵਿੱਚ ਹਥਿਆਰ ਸੁੱਟ ਦਿੰਦਾ ਹੈ ਤਾਂ ਉਹ ਪੂਰੀ ਫੌਜ ਲਿਬਨਾਨ ਵਿੱਚੋਂ ਹਟਾ ਲੈਣਗੇ। “ਨਾ ਨੌ ਮਣ ਤੇਲ ਹੋਵੇਗਾ ਨਾ ਰਾਧਾ ਨੱਚੇਗੀ”। ਦੋਨੋਂ ਧਿਰਾਂ ਹੰਕਾਰੀ ਹਨ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40 ਏ ਚੰਡੀਗੜ੍ਹ।
ਫੋਨ ਨੰਬਰ : 9878469639


