ਆਪਣੀ ਤੇ ਬੇਗਾਨੀ ਮਾਰ

ਰਮੇਸ਼‌ ਸੇਠੀ‌ ਬਾਦਲ
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  “ਭੈਣ ਚੋ ਸਾਲਾ।” ਮੇਰੇ ਮੂੰਹੋਂ ਭੈਣ ਦੀ ਗਾਲ੍ਹ ਸੁਣਕੇ ਉਸ ਕਾਲਜੀਏਟ ਜਿਹੇ ਸਰਦਾਰ ਮੁੰਡੇ ਨੇ ਸਾਈਕਲ ਵਾਪਿਸ ਮੋੜ ਲਿਆ। ਆਉਂਦੇ ਨੇ ਹੀ ਮੇਰੇ ਚਾਰ ਪੰਜ ਥੱਪੜ ਜੜ੍ਹ ਦਿੱਤੇ। ਉਸ ਦਾ ਹੱਥ ਭਾਰੀ ਸੀ ਮੇਰਾ ਚੇਹਰਾ ਸੁੰਨ ਹੋ ਗਿਆ। ਉਸ ਦਿਨ ਅਸੀਂ ਛੇਵੀਂ ਚ ਪੜ੍ਹਦੇ ਤਿੰਨ ਬੇਲੀ ਪਿੰਡੋਂ ਪੈਦਲ ਚੱਲਕੇ ਰਾਜਸਥਾਨ ਕੈਨਾਲ ਨਾਲ ਬਣੀ ਆਰਜ਼ੀ ਫੌਜੀ ਛਾਉਣੀ ਦੇਖਣ ਗਏ ਸੀ। ਫੌਜੀ ਗੱਡੀਆਂ ਆਪਣੇ ਪਿੱਛੇ ਪਾਣੀ ਤੇ ਟੈਂਕਰ ਲ਼ੈਕੇ ਕਿੱਲਿਆਂਵਾਲੀ ਦੇ ਵਾਟਰ ਵਰਕਸ ਤੋਂ ਪੀਣ ਵਾਲਾ ਪਾਣੀ ਲ਼ੈਕੇ ਸਾਰਾ ਦਿਨ ਆਉਂਦੀਆਂ ਜਾਂਦੀਆਂ ਸਨ। ਅਸੀਂ ਸੜਕ ਤੇ ਖੜ੍ਹਕੇ ਫੌਜੀਆਂ ਨੂੰ ਬਾਏ ਬਾਏ ਕਰਦੇ ਹੋਏ ਬਹੁਤ ਖ਼ੁਸ਼  ਹੁੰਦੇ ਸੀ। ਓਦੋਂ 1971 ਦੀ ਲੜ੍ਹਾਈ ਲੱਗਕੇ ਹਟੀ ਸੀ। ਅਸੀਂ ਕਿਸੇ ਫੌਜੀ ਗੱਡੀ ਤੋਂ ਵੀ ਲਿਫਟ ਮੰਗਕੇ ਛਾਉਣੀ ਵੇਖਣ ਜਾ ਸਕਦੇ ਸੀ ਪ੍ਰੰਤੂ ਅਸੀਂ ਤੁਰਦੇ ਹੋਏ ਹੀ ਛਾਉਣੀ ਦੇ ਨੇੜੇ ਪਾਹੁੰਚ ਗਏ ਸੀ। ਸਾਨੂੰ ਸਕਿਊਰਿਟੀ ਵਾਲਿਆਂ ਨੇ ਅੰਦਰ ਨਾ ਜਾਣ ਦਿੱਤਾ ਤੇ ਅਸੀਂ ਨਾਕੇ ਤੇ ਖੜ੍ਹੇ ਫੌਜੀ ਨਾਲ ਹੀ ਦੋ ਤਿੰਨ ਘੰਟੇ ਗੱਲਾਂ ਮਾਰਦੇ ਰਹੇ। ਸਾਡੇ ਲਈ ਇਹ ਬਹੁਤ ਵੱਡੀ ਗੱਲ ਸੀ। ਅਸੀਂ ਫੌਜੀਆਂ ਨੂੰ ਨਜ਼ਦੀਕ ਤੋਂ ਵੇਖਿਆ। ਉਸ ਫੌਜੀ ਨੇ ਸਾਨੂੰ ਕਿਸੇ ਮਿਲਟਰੀ ਗੱਡੀ ਤੇ ਚੜ੍ਹਾਕੇ ਪਿੰਡ ਤੱਕ ਛੱਡਣ ਦੀ ਪੇਸ਼ਕਸ਼ ਵੀ ਕੀਤੀ। ਪ੍ਰੰਤੂ ਬਾਲ ਮਨ ਆਪਣੀ ਗੱਲ ਤੇ ਅੜਿਆ ਰਿਹਾ। ਵਾਪਿਸ ਆਉਂਦੇ ਆਉਂਦੇ ਅਸੀਂ ਥੱਕ ਗਏ ਅਤੇ ਉਲਟ ਦਿਸ਼ਾ ਵੱਲੋਂ ਆਉਂਦੇ ਉਸ ਸਾਈਕਲ ਸਵਾਰ ਨੂੰ ਪਿੰਡ ਤੱਕ ਛੱਡਣ ਲਈ ਕਿਹਾ। ਉਹ ਮਿੱਡੂ ਖੇੜੇ ਵੱਲ ਜਾ ਰਿਹਾ ਸੀ ਤੇ ਅਸੀਂ ਉਧਰੋਂ ਆ ਰਹੇ ਸੀ। ਸਾਡਾ ਉਸਨੂੰ ਸਵਾਲ ਪਾਉਣਾ ਹੀ ਬੇਤੁੱਕਾ ਸੀ। ਫਿਰ ਉਸ ਦੇ ਇਨਕਾਰ ਕਰਨ ਤੇ ਜਵਾਨ ਮੁੰਡੇ ਨੂੰ ਭੈਣ ਦੀ ਗਾਲ੍ਹ ਦੇਣਾ ਤਾਂ ਹੋਰ ਵੀ ਗਲਤ ਸੀ। ਚਾਹੇ ਮੈਂ ਗਾਲ੍ਹ ਹੋਲੀ ਜਿਹੇ ਦਿੱਤੀ ਸੀ ਪ੍ਰੰਤੂ ਉਧਰਲੀ ਹਵਾ ਹੋਣ ਕਰਕੇ ਮੇਰੀ ਗਾਲ੍ਹ ਉਸਨੂੰ ਸੁਣ ਗਈ। ਚਾਰ ਪੰਜ ਥੱਪੜ ਮਾਰਕੇ ਉਸ ਨੂੰ ਤਸੱਲੀ ਨਾ ਹੋਈ। ਉਹ ਜ਼ਬਰਦਸਤੀ ਮੈਨੂੰ ਆਪਣੇ ਨਾਲ ਲਿਜਾਣ ਲੱਗਿਆ ਤੇ ਬਹਾਨੇ ਨਾਲ ਥੱਪੜ ਵੀ ਮਾਰਦਾ ਰਿਹਾ।  ਜਵਾਨ ਉਮਰ ਸੀ ਤੇ ਕੁੱਟਣ ਦਾ ਕਾਰਨ ਵੀ ਜਾਇਜ਼ ਸੀ। ਫਿਰ ਉਸਨੇ ਸਾਨੂੰ ਛੱਡ ਦਿੱਤਾ ਤਾਂ ਅਸੀਂ ਪਿੰਡ ਨੂੰ ਭੱਜ ਪਏ। ਮੇਰੇ ਮੂੰਹ ਤੇ ਪਏ ਨਿਸ਼ਾਨ ਮੇਰੀ ਦਸ਼ਾ ਬਿਆਨ ਕਰਦੇ  ਸਨ। ਉਸ ਦੀਆਂ ਉਂਗਲਾਂ ਦੇ ਨਿਸ਼ਾਨ ਬਹੁਤ ਕੁਝ ਕਹਿੰਦੇ ਸਨ। ਘਰੋਂ ਬਚਨ ਲਈ ਮੈਂ ਛੱਪੜ ਤੋਂ ਵਾਰ ਵਾਰ ਮੂੰਹ ਧੋਤਾ। ਪ੍ਰੰਤੂ ਕੋਈਂ ਫਰਕ ਨਾ ਪਿਆ। ਹੁਣ ਘਰੋਂ ਵੀ ਪ੍ਰਸ਼ਾਦ ਮਿਲਣ ਦੀ ਸੰਭਾਵਨਾ ਪੱਕੀ ਸੀ। ਮੈਂ ਮੇਰੇ ਸਾਥੀਆਂ ਦਾ ਮੂੰਹ ਬੰਨ ਦਿੱਤਾ ਤੇ ਕਾਫੀ ਦੇਰ ਘਰ ਨਾ ਗਿਆ। ਆਥਣੇ ਜਿਹੇ ਜਦੋਂ ਮੈਂ ਘਰੇ ਗਿਆ ਤਾਂ ਮੇਰੀ ਮਾਂ ਨੇ ਸਭ ਕੁਝ ਦੇਖ ਲਿਆ।  ਮੈਨੂੰ ਸਖ਼ਤਾਈ ਨਾਲ ਪੁੱਛਿਆ ਤੇ ਮੈਂ ਕਿਸੇ ਗੱਲ ਤੇ ਨਾ ਆਇਆ। ਆਖਿਰ ਉਹ ਮਾਂ ਸੀ ਉਸਨੇ ਮੈਥੋਂ ਸੱਚ ਉਗਲਵਾ ਲਿਆ। ਉਹ ਬਹੁਤ ਰੋਈ। ਮੈਨੂੰ ਪੁਚਕਾਰਿਆ। ਮੇਰੇ ਨਾਲ ਪੂਰੀ ਹਮਦਰਦੀ ਵੀ ਵਿਖਾਈ। ਉਹ ਚੋਰ ਦੀ ਮਾਂ ਵਾੰਗੂ ਕਿਸੇ ਕੋਲ੍ਹ ਗੱਲ ਵੀ ਨਹੀਂ ਸੀ ਕਰ ਸਕਦੀ। ਪਾਪਾ ਜੀ ਫਤੇਹਾਬਾਦ ਕੋਲ੍ਹ ਪਟਵਾਰੀ ਲੱਗੇ ਹੋਏ ਸਨ। ਉਹ ਦਸੀ ਪੰਦਰੀ ਗੇੜਾ ਮਾਰਦੇ ਸਨ। ਮਾਂ ਕੋਲੋੰ ਤਾਂ ਬਚ ਗਿਆ ਸੀ ਮੈਂ। ਪ੍ਰੰਤੂ ਪਾਪਾ ਜੀ ਦੀ ਪੇਸ਼ੀ ਦਾ ਡਰ ਸੀ। ਪਾਪਾ ਜੀ ਆਏ ਮੇਰੀ ਮਾਂ ਜੋ ਇੰਨੇ ਦਿਨਾਂ ਦਾ ਦਰਦ ਆਪਣੇ ਅੰਦਰ ਸਮੋਈ ਬੈਠੀ ਸੀ ਉਹ ਪਾਪਾ ਜੀ ਕੋਲ੍ਹ ਫੁੱਟ ਪਈ। ਪਾਪਾ ਜੀ ਤੋਂ ਵੀ ਇਹ ਗੱਲ ਸੁਣੀ ਨਾ ਗਈ। ਉਹਨਾਂ ਨੇ ਮੈਨੂੰ ਤਲਬ ਕਰ ਲਿਆ। ਕਿਉਂਕਿ ਗਲਤੀ ਮੇਰੀ ਸੀ। ਇਸ ਲਈ ਓਹਨਾ ਨੇ ਵੀ ਉਸ ਸਰਦਾਰ ਮੁੰਡੇ ਵਾਲੀ ਕਾਰਵਾਈ ਮੇਰੇ ਤੇ ਪਾ ਦਿੱਤੀ। ਇੱਥੇ ਪੰਜ ਸੱਤ ਥੱਪੜਾਂ ਨਾਲ ਛੁਟਕਾਰਾ ਹੋ ਗਿਆ। ਮੇਰੀ ਮਾਂ ਮੇਰੇ ਅਤੇ ਪਾਪਾ ਜੀ ਦੇ ਵਿੱਚ ਆ ਗਈ। ਬੇਸ਼ੱਕ ਪਾਪਾ ਜੀ ਦੀ ਕੁੱਟ ਉਸਤੋਂ ਘੱਟ ਸੀ ਪ੍ਰੰਤੂ ਉਸ ਬੇਗਾਨੇ ਆਦਮੀ ਦੀ ਕੁੱਟ ਨਾਲੋਂ ਜਿਆਦਾ ਦਰਦ ਹੋਇਆ।  ਸ਼ਾਇਦ ਇਹ ਆਪਣੇ ਅਤੇ ਬੇਗਾਨੇ ਦਾ ਫਰਕ ਸੀ। ਕਹਿੰਦੇ ਮਾਂ ਮਾਰੇ ਪਰ ਮਾਰਨ ਨਾ ਦੇਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੁਕਮ ਦੀ ਬੁਰਕੀ
Next articleਹੱਟ ਕੇ ਸੋਚਣਾ