ਮਹਿੰਗਾਈ ਕੰਟਰੋਲ ਕਰਕੇ ਲੋਕਾਂ ਨੂੰ ਆਰਥਿਕ ਤੰਗੀ ਵਿੱਚੋਂ ਬਾਹਰ ਕੱਢਣ ਵੱਲ ਧਿਆਨ ਦੇਣ ਸਰਕਾਰਾਂ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਲਗਾਤਾਰ ਮਹਿੰਗਾਈ ਵਧਣ ਦੇ ਨਾਲ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹਨ। ਹੁਣ ਸੂਬੇ ਦੀ ਆਪ ਸਰਕਾਰ ਨੇ ਇਨ੍ਹਾਂ ਕੀਮਤਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਪੈਟਰੋਲ ਤੇ ਡੀਜ਼ਲ ਹੋਰ ਮਹਿੰਗਾ ਹੋਣ ਕਾਰਨ ਇਸਦਾ ਵਾਧੂ ਭਾਰ ਲੋਕਾਂ ਦੀ ਜੇਬ ‘ਤੇ ਪਵੇਗਾ ਅਤੇ ਉਨ੍ਹਾਂ ਦੇ ਘਰ ਦਾ ਬਜਟ ਵਿਗੜ ਜਾਵੇਗਾ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਵਧ ਰਹੀ ਹੈ, ਪਰ ਇਸਨੂੰ ਰੋਕਣ ਲਈ ਨਾ ਤਾਂ ਕੇਂਦਰ ਸਰਕਾਰ ਵੱਲੋਂ ਹੀ ਕੋਈ ਖਾਸ ਕਦਮ ਚੁੱਕੇ ਜਾ ਰਹੇ ਹਨ ਤੇ ਨਾ ਹੀ ਸੂਬਾ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਮਹਿੰਗਾਈ ਦਾ ਸਭ ਤੋਂ ਵਧ ਅਸਰ ਆਮ ਲੋਕਾਂ ਤੇ ਖਾਸ ਕਰਕੇ ਕੰਮਕਾਜੀ ਵਰਗ ‘ਤੇ ਪੈ ਰਿਹਾ ਹੈ। ਜ਼ਿੰਦਗੀ ਜੀਊਣ ਲਈ ਰੋਜ਼ਾਨਾ ਦੀਆਂ ਜ਼ਰੂਰੀ ਚੀਜਾਂ ਖਰੀਦਣਾ ਹੀ ਲੋਕਾਂ ਲਈ ਮੁਸ਼ਕਿਲ ਹੋ ਰਿਹਾ ਹੈ। ਮਹਿੰਗਾਈ ਵਧਣ ਦੇ ਨਾਲ ਗਰੀਬੀ ਵੀ ਵਧ ਰਹੀ ਹੈ ਅਤੇ ਲੋਕਾਂ ਲਈ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਰਿਹਾ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਦੀ ਜ਼ਿੰਦਗੀ ਬੇਹਤਰ ਬਣਾਉਣਾ ਹੈ ਤੇ ਇਸਦੇ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ, ਪਰ ਸਰਕਾਰਾਂ ਵੱਲੋਂ ਮਹਿੰਗਾਈ ਨੂੰ ਕੰਟਰੋਲ ਕਰਨ ਤੇ ਆਮ ਵਰਤੋਂ ਦੀਆਂ ਜ਼ਰੂਰੀ ਚੀਜਾਂ ਲੋਕਾਂ ਦੀ ਪਹੁੰਚ ਵਿੱਚ ਕਰਨ ਲਈ ਕੋਈ ਖਾਸ ਯਤਨ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਰਥਿਕ ਤੰਗੀ ਦੇ ਮੁਸ਼ਕਿਲ ਦੌਰ ਵਿੱਚੋਂ ਕੱਢਣ ਲਈ ਜ਼ਰੂਰੀ ਹੈ ਕਿ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ ਤੇ ਜ਼ਰੂਰੀ ਚੀਜਾਂ ਨੂੰ ਲੋਕਾਂ ਦੀ ਪਹੁੰਚ ਵਿੱਚ ਕਰਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਵੱਲ ਤੋਰਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly