HOME ਆਪਣੀ ਹੀ ਸਰਕਾਰ ਤੋਂ ਇਨਸਾਫ਼ ਲੈਣ ਲਈ ਧੱਕੇ ਖਾ ਰਿਹਾ ਆਪ ਦਾ...

ਆਪਣੀ ਹੀ ਸਰਕਾਰ ਤੋਂ ਇਨਸਾਫ਼ ਲੈਣ ਲਈ ਧੱਕੇ ਖਾ ਰਿਹਾ ਆਪ ਦਾ ਪੁਰਾਣਾ ਵਲੰਟੀਅਰ ਨਿਰਦੇਸ਼ ਕੁਮਾਰ

1
ਫੋਟੋ ਅਜਮੇਰ ਦੀਵਾਨਾ

• ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿਰਾਸਤੀ ਜ਼ਮੀਨ ਤੋਂ ਹੋਇਆ ਵਾਂਝਾ 

• ਜ਼ਿਲੇ ਦੀ ਉੱਚ ਅਫ਼ਸਰਸ਼ਾਹੀ ਦੀ ਘੁੰਮਣਘੇਰੀ ‘ਚ ਫੱਸ ਕੇ ਹੋਇਆ ਬੇਵਸ 

•ਨਿਰਦੇਸ਼ ਦੀ ਮੁੱਖ ਮੰਤਰੀ ਨੂੰ ਅਪੀਲ; ਇਨਸਾਫ਼ ਲਈ ਅਫ਼ਸਰਸ਼ਾਹੀ ਨੂੰ ਦੇਣ ਨਿਰਦੇਸ਼ 

ਹੁਸ਼ਿਆਰਪੁਰ,  (ਸਮਾਜ ਵੀਕਲੀ)   ( ਤਰਸੇਮ ਦੀਵਾਨਾ) ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਤੌਰ ਤੇ ਦੋ ਨਾਅਰੇ “ਯੁੱਧ ਨਸ਼ਿਆਂ ਵਿਰੁੱਧ” ਤੇ “ਜੰਗ-ਏ-ਭ੍ਰਿਸ਼ਟਾਚਾਰ” ਨਾਲ ਆਪਣੀ ਕਾਰਗੁਜ਼ਾਰੀ ਤੇ ਆਪਣਾ ਅਕਸ ਲੋਕਾਂ ਵਿੱਚ ਬੇਹਤਰ ਬਣਾਉਣ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਮਲੀ ਰੂਪ ਵਿੱਚ ਯੁੱਧ ਨਸ਼ਿਆਂ ਵਿਰੁੱਧ ਦਾ ਹਾਲ ਤਾਂ ਇਹ ਹੈ ਕਿ ਨਜਾਇਜ਼ ਕਬਜ਼ਿਆਂ ਨੂੰ ਜੇਸੀਬੀ ਨਾਲ ਢਹਿ ਢੇਰੀ ਕਰਨ ਦੇ ਮਾਮਲੇ ਨੂੰ ਵੀ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚਲਾਉਣ ਦਾ ਮੁੱਲਮਾ ਚਾੜ੍ਹ ਕੇ ਮੀਡੀਆ ਟ੍ਰਾਇਲ ਕਰ ਲਿਆ ਜਾਂਦਾ ਹੈ ਤੇ ਵਾਹ ਵਾਹੀ ਖੱਟ ਲਈ ਜਾਂਦੀ ਹੈ ਪਰ ਬਾਅਦ ਵਿੱਚ ਸੱਚਾਈ ਸਾਹਮਣੇ ਆਉਣ ਤੇ ਸਰਕਾਰ ਦੀ ਬੁਰੀ ਤਰ੍ਹਾਂ ਕਿਰਕਿਰੀ ਹੋ ਜਾਂਦੀ ਹੈ, ਇਹੋ ਹਾਲ “ਜੰਗ-ਏ-ਭ੍ਰਿਸ਼ਟਾਚਾਰ” ਦਾ ਹੈ ਜਿਸ ਦਾ ਸਭ ਤੋਂ ਵੱਡਾ ਕੌੜਾ ਸੱਚ ਹੁਸ਼ਿਆਰਪੁਰ ਵਿੱਚ ਉਦੋਂ ਸਾਹਮਣੇ ਆਇਆ ਜਦੋਂ ਆਮ ਆਦਮੀ ਪਾਰਟੀ ਦਾ ਪਿਛਲੇ ਲੱਗਭਗ 15 ਸਾਲ ਤੋਂ ਪਾਰਟੀ ਲਈ ਸਖ਼ਤ ਮਿਹਨਤ ਕਰਦਿਆਂ ਅਤੇ ਗਰਮੀ ਸਰਦੀ ਦੇ ਬਾਵਜੂਦ ਅਪਣਾ ਖੂਨ ਪਸੀਨਾ ਵਹਾ ਕੇ ਇਨਕਲਾਬ ਦੇ ਸੁਪਨੇ ਅੱਖਾਂ ਵਿੱਚ ਭਰਨ ਵਾਲੇ ਆਮ ਵਲੰਟੀਅਰ ਨਿਰਦੇਸ਼ ਕੁਮਾਰ ਪੁੱਤਰ ਸਵ ਸੰਸਾਰ ਚੰਦ ਵਾਸੀ ਪਿੰਡ ਮੁੱਖਲਿਆਣਾ ਡਾਕਖਾਨਾ ਖਾਸ ਤਹਿਸੀਲ ਵਾ ਜਿਲਾ ਹੁਸ਼ਿਆਰਪੁਰ ਨੂੰ ਆਪਣੀ ਜੱਦੀ ਪੁਸ਼ਤੀ ਜਾਇਦਾਦ ਨੂੰ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਤੇ ਭ੍ਰਿਸ਼ਟਾਚਾਰ ਵੱਸ ਹੋ ਕੇ ਧੋਖਾਦੇਹੀ ਤੇ ਠੱਗੀ ਨਾਲ ਖੋਹ ਕੇ ਆਪਣੇ ਹੱਕ ਤੋਂ ਵਾਂਝੇ ਕਰ ਦਿੱਤਾ ਗਿਆ | ਸਿਤਮਜ਼ਰੀਫੀ ਇਹ ਕਿ ਮਾਲ ਮਹਿਕਮੇ ਤੇ ਹੋਰ ਆਲ੍ਹਾ ਦਰਜੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਦਰਬਾਰ ਵਿੱਚ ਵਾਰ -ਵਾਰ ਗੇੜੇ ਮਾਰਨ ਦੇ ਬਾਵਜੂਦ ਵੀ ਜਲਾਲਤ, ਨਮੋਸ਼ੀ ਤੇ ਧੱਕਿਆਂ ਤੋਂ ਸਿਵਾਏ ਕੁੱਝ ਪੱਲੇ ਨਹੀਂ ਪਿਆ ਜਿਸ ਤੋਂ ਅੱਕ ਕੇ ਉਸ ਨੇ ਹੁਸ਼ਿਆਰਪੁਰ ਦੇ ਇੱਕ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਦੁੱਖੜੇ ਫਰੋਲੇ ਅਤੇ ਆਪਹੁਦਰੀ ਅਫ਼ਸਰਸ਼ਾਹੀ ਖਿਲਾਫ਼ ਦੱਬ ਕੇ ਭੜਾਸ ਕੱਢੀ |
ਮੁੱਖ ਮੰਤਰੀ ਦੇ ਦਰਬਾਰ ‘ਚ ਪਹੁੰਚ ਚੁੱਕਾ ਆਮ ਆਦਮੀ ਦਾ ਮਸਲਾ :-
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਨਿਰਦੇਸ਼ ਕੁਮਾਰ ਪੁੱਤਰ ਸੰਸਾਰ ਚੰਦ ਵਾਸੀ ਪਿੰਡ ਮੁੱਖਲਿਆਣਾ ਡਾਕਖਾਨਾ ਖਾਸ ਤਹਿਸੀਲ ਵਾ ਜਿਲਾ ਹੁਸ਼ਿਆਰਪੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੇਰੇ ਹੱਕ ਦਾ ਜਮੀਨੀ ਕੇਸ ਹੁਸ਼ਿਆਰਪੁਰ ਸਿਵਲ ਕੋਰਟ ਵਿੱਚ ਚੱਲ ਰਿਹਾ ਸੀ ਪਰੰਤੂ ਕਾਨੂੰਗੋ ਸਦਰ ਹੁਸ਼ਿਆਰਪੁਰ ਅਤੇ ਮੇਰੇ ਵਕੀਲ ਨੇ ਦੋਹਾਂ ਨੇ ਰੱਲ ਕੇ ਇੰਤਖਾਬ ਦੀ ਗਲਤ ਰਿਪੋਰਟ ਬਣਾ ਕੇ ਮੈਨੂੰ ਮਜਬੂਰ ਕਰਕੇ ਸਾਈਨ ਕਰਵਾ ਕੇ ਮੇਰਾ ਚੱਲਦਾ ਕੇਸ ਬੰਦ ਕਰਵਾ ਦਿੱਤਾ, ਤਾਂ ਕਿ ਪਟਵਾਰੀਆਂ ਦੇ ਕੀਤੇ ਹੋਏ ਭ੍ਰਿਸ਼ਟਾਚਾਰੀ ਕਾਲੇ ਕਾਰਨਾਮੇ ਉਜਾਗਰ ਨਾ ਹੋ ਸਕਣ । ਇਸ ਤੋਂ ਬਾਅਦ ਉਸ ਨੇ 26-04-24 ਅਤੇ 18-02-2025 ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਸ ਸਬੰਧੀ ਅਰਜੀ ਲਿਖ ਕੇ ਜਾਣੂ ਕਰਵਾਇਆ ਅਤੇ ਕੇਸ ਦੇ ਸਾਰੇ ਡਾਕੂਮੈਂਟ ਅਤੇ ਕਾਨੂੰਗੋ ਦਾ ਗਲਤ ਬਣਾਇਆ ਹੋਇਆ ਇੰਤਖਾਬ ਦੀ ਕਾਪੀ ਨਾਲ ਨੱਥੀ ਕਰਕੇ ਮਿਤੀ 26-04-2024 ਨੂੰ ਪੇਸ਼ ਕਰ ਦਿੱਤੀ ਜਿਸਨੂੰ ਮਨਜੂਰ ਕਰਕੇ ਡੀ.ਸੀ.ਸਾਹਿਬ ਨੇ ਉਸੇ ਟਾਇਮ ਐਸਕੇ ਬਰਾਂਚ ਨੂੰ ਨੋਟਿਸ ਵੀ ਭੇਜ ਦਿੱਤਾ। ਹੁਣ ਤੱਕ ਮੈਂ ਸਾਰੇ ਦਫਤਰਾਂ ਵਿੱਚ ਗੇੜੇ ਮਾਰ ਮਾਰ ਕੇ ਥੱਕ ਗਿਆ ਹਾਂ ਪਰੰਤੂ ਪੰਜ ਮਹੀਨੇ ਬੀਤਣ ਤੱਕ ਵੀ ਕੋਈ ਹੱਲ ਨਹੀਂ ਹੋਇਆ । ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ 27-09-2024 ਨੂੰ ਲਿਖੇ ਸ਼ਿਕਾਇਤ ਪੱਤਰ ਵਿੱਚ ਨਿਰਦੇਸ਼ ਕੁਮਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤੀ ਹੋਈ ਅਰਜੀ ਦੀ ਕਾਪੀ ਇਸ ਅਰਜੀ ਨਾਲ ਨੱਥੀ ਕਰਕੇ ਬੇਨਤੀ ਕੀਤੀ ਕਿ ਇਸ ਕੇਸ ਨੂੰ ਤਹਿ ਤੱਕ ਫਰੋਲਿਆ ਜਾਵੇ ਅਤੇ ਮੇਰੇ ਨਾਲ ਇਨਸਾਫ ਕੀਤਾ ਜਾਵੇ ਕਿਉਂਕਿ ਇਸ ਕੇਸ ਵਿੱਚ 5 ਮਲਕੀਅਤਾਂ ਅਤੇ ਦੋ ਵਸੀਅਤਾਂ ਅਤੇ ਇੱਕ ਰਜਿਸਟਰੀ ਗਲਤ ਤਰੀਕੇ ਨਾਲ ਕੀਤੀਆਂ ਗਈਆਂ ਹਨ ਨਾਲ ਹੀ ਬੇਨਤੀ ਕੀਤੀ ਕਿ ਇਸ ਕੇਸ ਨੂੰ ਜਨਤੱਕ ਕੀਤਾ ਜਾਵੇ ਤਾਂ ਕਿ ਸਾਰੇ ਸਮਾਜ ਨੂੰ ਪ੍ਰਸ਼ਾਸ਼ਨਕ ਅਧਿਕਾਰੀਆਂ ਬਾਰੇ ਪਤਾ ਲੱਗ ਸਕੇ ਕਿ ਇਹ ਲੋਕ ਕਿਵੇਂ ਕਿਵੇਂ ਚਲਾਕੀਆਂ ਵਰਤ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ ਅਤੇ ਭ੍ਰਿਸ਼ਟਾਚਾਰੀਆਂ ਦੀ ਮਦਦ ਕਰਦੇ ਹਨ। ਮੇਰਾ ਦਾਅਵਾ ਹੈ ਕਿ ਇਹਨਾਂ ਦੀਆਂ ਚਲਾਕੀਆਂ ਦੇਖ ਕੇ ਵਕੀਲ,ਜੱਜ ਸਭ ਹੈਰਾਨ ਹੋ ਜਾਣਗੇ । ਨਿਰਦੇਸ਼ ਕੁਮਾਰ ਨੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਰਜੀ ਨੂੰ ਮਨਜੂਰ ਕਰਕੇ ਮੇਰੀ ਗਰੀਬ ਆਮ ਆਦਮੀ ਦੀ ਮਦਦ ਕੀਤੀ ਜਾਵੇ ਅਤੇ ਬਣਦਾ ਹੱਕ ਦਵਾਉਣ ਦੇ ਨਾਲ ਨਾਲ ਗਲਤ ਕੰਮ ਕਰਨ ਵਾਲਿਆਂ ਤੇ ਕਾਰਵਾਈ ਵੀ ਕੀਤੀ ਜਾਵੇ |
ਉੱਚ ਸਰਕਾਰੀ ਅਧਿਕਾਰੀ ਰਿਸ਼ਤੇਦਾਰ ਨੇ ਕੀਤਾ ਸ਼ਰੇਆਮ ਧੱਕਾ :-
ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਹੁਸ਼ਿਆਰਪੁਰ ਨੂੰ ਮਿਤੀ 26-04-2024 ਨੂੰ ਇਨਸਾਫ ਲੈਣ ਲਿਖੀ ਦਰਖ਼ਾਸਤ ਵਿੱਚ ਨਿਰਦੇਸ਼ ਕੁਮਾਰ ਪੁੱਤਰ ਸੰਸਾਰ ਚੰਦ ਵਾਸੀ ਪਿੰਡ ਮੁੱਖਲਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੇਰੇ ਨਾਲ ਬਹੁਤ ਜਿਆਦਾ ਧੱਕਾ ਕੀਤਾ ਜਾ ਰਿਹਾ ਹੈ। ਕਿਉਂਕਿ ਮੈਂ ਗਰੀਬ ਮਜਦੂਰ ਆਦਮੀ ਹਾਂ ਅਤੇ ਮੇਰਾ ਹੱਕ ਮਾਰਨ ਵਾਲੇ ਅਮੀਰ ਤਾਕਤਵਰ ਲੋਕ ਹਨ। ਜਿਸ ਕਰਕੇ ਉਹ ਤਾਕਤ ਦਾ ਇਸਤੇਮਾਲ ਕਰਕੇ ਸੱਚ ਨੂੰ ਧੱਕੇ ਨਾਲ ਦਬਾ ਰਹੇ ਹਨ। ਉਸ ਨੇ ਦੱਸਿਆ ਕਿ ਇਹ ਧੱਕਾ ਉਸਦੇ ਰਿਸ਼ਤੇ ‘ਚ ਭਣੋਈਏ ਤੇ ਉੱਚ ਸਰਕਾਰੀ ਅਹੁਦੇ ਤੇ ਤਾਇਨਾਤ ਰਿਹਾ ਬਲਦੇਵ ਰਾਮ ਪੁੱਤਰ ਗੁਰਦਾਸ ਰਾਮ ਵਾਸੀ ਪਿੰਡ ਡੀਗਰੀਆਂ ਤਹਿਸੀਲ ਤੇ ਜਿਲਾ ਹੁਸਿਆਰਪੁਰ ਵੱਲੋਂ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਕੀਤਾ ਗਿਆ ਹੈ | ਨਿਰਦੇਸ਼ ਕੁਮਾਰ ਨੇ ਦੱਸਿਆ ਕਿ ਇਸ ਆਦਮੀ ਨੇ ਆਪਣੀ ਅਫਸਰਸ਼ਾਹੀ ਦਾ ਦੁਰਉਪਯੋਗ ਕਰਕੇ ਪਟਵਾਰੀਆਂ ਤਹਿਸੀਲਦਾਰ ਦੇ ਦਬਾਅ ਪਾ ਕੇ ਮੇਰੇ ਬਾਬੇ ਬਤਨਾ ਰਾਮ ਪੁੱਤਰ ਧੰਨਾ ਰਾਮ ਕੋਲੋਂ ਸਾਡੀ ਖਾਨਦਾਨੀ ਵਿਰਾਸਤੀ ਜਮੀਨ ਦੀ ਨਜਾਇਜ ਤਰੀਕੇ ਨਾਲ ਮੇਰੇ 92 ਸਾਲਾ ਬਾਬੇ ਤੋਂ 1854 ਤੋਂ ਵਰਾਸਤ ਚੱਲਦੀ ਜ਼ਮੀਨ ਦੀ ਨਜਾਇਜ ਵਸੀਅਤ ਕਰਵਾ ਦਿੱਤੀ । ਜਿਸਦੀ ਵਜਾ ਨਾਲ ਸਾਡੀਆਂ ਭੂਆ, ਮੇਰਾ ਅਤੇ ਮੇਰੀ ਭੈਣ ਦਾ ਹੱਕ ਮਾਰਿਆ ਉਸ ਨੇ ਪਟਵਾਰੀਆਂ ਕਾਨੂੰਗੋਆਂ ਨੂੰ ਖਰੀਦ ਕੇ ਜਾਂ ਦਬਾਅ ਹੇਠ ਲਿਆ ਕੇ ਗਲਤ ਰਿਪੋਰਟ ਤਿਆਰ ਕਰਕੇ ਮੇਰੇ ਵਕੀਲ ਨਾਲ ਹਮਸਲਾਹ ਹੋ ਕੇ ਮੇਰੇ ਹੱਕ ਮਾਰਨ ਦੀ ਕੋਸਿਸ਼ ਕੀਤੀ ਹੈ। ਮੇਰੇ ਕੋਲ ਕੋਈ ਆਮਦਨ ਦਾ ਸਾਧਨ ਵੀ ਨਹੀਂ ਹੈ ਜਿਸ ਨਾਲ ਮੈਂ ਅੱਗੇ ਲੜ ਕੇ ਇਨਾਂ ਕੋਲੋਂ ਆਪਣੇ ਹੱਕ ਲੈ ਸਕਾਂ, ਜਿਸ ਨੇ ਵੀ ਗਲਤ ਕੰਮ ਕੀਤੇ ਹਨ ਉਨ੍ਹਾਂ ਸਾਰਿਆਂ ਤੋਂ ਚੰਗੀ ਤਰਾਂ ਪੁੱਛ-ਗਿਛ ਕੀਤੀ ਜਾਵੇ ਅਤੇ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦੇ ਕੇ ਮੇਰਾ ਬਣਦਾ ਹੱਕ ਦਿੱਤਾ ਜਾਵੇ ਜੀ।ਇਸ ਮੌਕੇ ਸਰਪੰਚ ਉਂਕਾਰ ਸਿੰਘ ਮੁਖਲਿਆਣਾ,ਸੁਖਵਿੰਦਰ ਸਿੰਘ, ਸਤਨਾਮ ਸਿੰਘ ਮੁਖਲਿਆਣਾ, ਪ੍ਰਗਟ ਸਿੰਘ ਮੁਖਲਿਆਣਾ ਹਾਜ਼ਿਰ ਸਨ
ਮੁੱਖ ਮੰਤਰੀ ਵੱਲੋਂ ਆਈ ਦਰਖ਼ਾਸਤ ਉੱਪਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਫਤਰ ਦੀ ਕਾਰਵਾਈ :-
ਇਸ ਮਾਮਲੇ ਸੰਬੰਧੀ ਦਫਤਰ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦੀ ਸਦਰ ਕਾਨੂੰਗੋ ਸ਼ਾਖਾ ਨੇ ਨਿਰਦੇਸ਼ ਕੁਮਾਰ ਪੁੱਤਰ ਸੰਸਾਰ ਚੰਦ, ਵਾਸੀ ਪਿੰਡ ਮੁੱਖਲਿਆਣਾ, ਡਾਕਖਾਨਾ ਖਾਸ. ਤਹਿਸੀਲ ਵਾ ਜਿਲ੍ਹਾ ਹੁਸ਼ਿਆਰਪੁਰ ਨੂੰ ਭੇਜੇ ਪੱਤਰ ਅਨੁਸਾਰ ਇਨਸਾਫ ਲੈਣ ਲਈ ਦਿੱਤੇ ਬਿਨੈ ਪੱਤਰ ਦਰਖ਼ਾਸਤ ਮਿਤੀ 26.04.2024 ਅਤੇ 27.09.2024 ਦੇ ਸੰਬੰਧ ਵਿੱਚ ਦਰਖਾਸਤਾਂ ਦੀ ਪੜ੍ਹਤਾਲ ਕਰਕੇ ਉਪ ਮੰਡਲ ਮੈਜਿਸਟਰੇਟ, ਹੁਸਿਆਰਪੁਰ ਦੀ ਰਿਪੋਰਟ ਅਨੁਸਾਰ ਦਰਖਾਸਤ ਮਿਤੀ 26.04.2024 ਮਾਨਯੋਗ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦੀ ਪ੍ਰਵਾਨਗੀ ਅਨੁਸਾਰ ਦਾਖਲ ਦਫਤਰ ਕਰ ਦਿੱਤੀ ਗਈ ਹੈ ਇਸ ਨਾਲ ਇੱਕ ਵਾਰ ਦਾ ਨਿਰਦੇਸ਼ ਕੁਮਾਰ ਨੂੰ ਇਨਸਾਫ਼ ਮਿਲਣ ਦੇ ਰਸਤੇ ਖਤਮ ਹੋ ਗਏ ਜਾਪਦੇ ਹਨ। ਇਸ ਲਈ ਪੀੜਿਤ ਨਿਰਦੇਸ਼ ਕੁਮਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋ ਇਨਸਾਫ ਦੀ ਗੁਹਾਰ ਲਾਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਥਾਣਾ ਦਸੂਹਾ ਦੀ ਪੁਲਿਸ ਨੇ ਕੀਤਾ ਦੋ ਮੁਲਜਮਾਂ ਨੂੰ ਗ੍ਰਿਫਤਾਰ
Next articleਸੰਤ ਧਿਆਨ ਦਾਸ ਦੇ 30ਵੇਂ ਬਰਸੀ ਸਮਾਗਮ 31 ਜੁਲਾਈ ਨੂੰ ਸਲੇਮਟਾਵਰੀ ‘ਚ ਮਨਾਏ ਜਾਣਗੇ – ਸੰਤ ਸਰਵਣ ਦਾਸ