ਪੰਜਾਬ ਦੀ ਚੱਪਾ-ਚੱਪਾ ਧਰਤੀ ਨੂੰ ਰੁੱਖਾਂ ਨਾਲ ਭਰਨ ਦੀ ਅਪੀਲ
ਸੰਤ ਸੀਚੇਵਾਲ ਵਲੋਂ ਬੂਟਿਆਂ ਦਾ ਵੰਡਿਆ ਪ੍ਰਸ਼ਾਦ ਵੰਡਣ ਦੀ ਪਾਈ ਪਿਰਤ ਨੂੰ ਮਿਲ ਰਿਹਾ ਹੈ ਭੰਗਵਾਂ ਹੁੰਗਾਰਾ: ਸੁਰਜੀਤ ਸਿੰਘ ਸੀਚੇਵਾਲ
ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿੱਚੋਂ ਹਰ ਸਾਲ ਲੱਖਾਂ ਬੂਟੇ ਦਿਤੇ ਜਾਂਦੇ ਨੇ ਮੁਫ਼ਤ
ਸੀਚੇਵਾਲ/ਸੁਲਤਾਨਪੁਰ ਲੋਧੀ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਵਿਸ਼ਵ ਵਾਤਾਵਰਣ ਦਿਵਸ ਮੌਕੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਗਤਾਂ ਵਲੋਂ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਕੰਪਲੈਕਸ ਵਿੱਚ ਬੂਟੇ ਲਗਾ ਕਿ ਮਨਾਇਆ ਗਿਆ। ਇਸ ਮੌਕੇ ਸੁਰਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਹਰ ਸਾਲ ਪਿੰਡ ਸੀਚੇਵਾਲ ਵਿਖੇ ਸੰਗਤਾਂ ਵਲੋਂ ਵਾਤਾਵਰਣ ਦਿਵਸ ਮੌਕੇ ਜਿੱਥੇ ਬੂਟੇ ਲਗਾਏ ਜਾਂਦੇ ਹਨ ਓਥੇ ਹੀ ਵੱਡੀ ਗਿਣਤੀ ਵਿੱਚ ਇਹਨਾਂ ਬੂਟਿਆਂ ਦਾ ਪ੍ਰਸ਼ਾਦ ਵੀ ਸੰਗਤਾਂ ਨੂੰ ਦਿੱਤਾ ਜਾਂਦਾ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਵਲੋਂ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਪਾਈ ਪਿਰਤ ਨੂੰ ਪੂਰੇ ਪੰਜਾਬ ਵਿਚੋਂ ਭੰਗਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਹਰ ਸਾਲ ਪਿੰਡ ਸੀਚੇਵਾਲ ਵਿਖੇ ਸੰਗਤਾਂ ਨੂੰ ਲੱਖਾਂ ਦੇ ਕਰੀਬ ਬੂਟੇ ਮੁਫਤ ਵਿੱਚ ਦਿਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਦਾ ਸੁਫਨਾ ਹੈ ਕਿ ਪੰਜਾਬ ਦੇ ਚੱਪੇ ਚੱਪੇ ਨੂੰ ਬੂਟਿਆਂ ਨਾਲ ਭਰਿਆ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀਆ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕਿ ਵਾਤਾਵਰਣ ਪਖੋਂ ਅੱਜ ਪੰਜਾਬ ਦੇ ਹਲਾਤ ਬਹੁਤ ਨਾਜੁਕ ਬਣੇ ਹੋਏ ਹਨ, ਜਿਸ ਨਾਲ ਕੇਵਲ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਨਜਿੱਠਿਆ ਜਾ ਸਕਦਾ ਹੈ। ਸੁਰਜੀਤ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਅੱਜ ਰੇਗਸਤਾਨ ਬਣਨ ਵੱਲ ਵੱਧ ਰਹੀ ਹੈ। ਉਹਨਾਂ ਕਿਹਾ ਕਿ ਜਿਸ ਧਰਤੀ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੁਲ ਲੋਕਾਈ ਨੂੰ ਵਾਤਾਵਰਨ ਦੀ ਅਹਿਮੀਅਤ ਦਾ ਸੁਨੇਹਾ ਪੰਜ ਸਦੀਆਂ ਪਹਿਲਾਂ ਦਿੱਤਾ ਗਿਆ ਸੀ ਉਹੀ ਧਰਤੀ ਪਾਣੀ ਨੂੰ ਤਰਸਣ ਜਾ ਰਹੀ ਹੈ। ਇਸ ਮੌਕੇ ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ ਵਿੱਚੋਂ ਲਿਆਂਦੇ ਗਏ ਬੂਟਿਆਂ ਦਾ ਪ੍ਰਸ਼ਾਦ ਸੰਗਤਾਂ ਨੂੰ ਵੰਡਿਆ ਗਿਆ। ਇਸ ਮੌਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮਹੰਤ ਜਤਿੰਦਰ ਸਿੰਘ, ਪਰਮਜੀਤ ਸਿੰਘ ਮਾਨਸਾ, ਸੈਕਟਰੀ ਅਜੀਤ ਸਿੰਘ, ਅਨਮੋਲ ਸਿੰਘ ਅਤੇ ਸੰਗਤ ਹਾਜ਼ਰ ਸੀ।



