(ਸਮਾਜ ਵੀਕਲੀ)
ਖੋਜੀ ਉਪਜੈ ਬਾਦੀ ਬਿਨਸੈ
ਹਉ ਬਲਿ ਬਲਿ ਗੁਰ ਕਰਤਾਰਾ ॥
ਉਪਰੋਕਤ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਬਿੰਦ ਤੋਂ ਰਾਗ ਮਲਾਰ ਵਿੱਚ ਉਚਾਰਿਤ ਹੈ। ਇਹ ਸ਼ਬਦ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੧੨੫੪ ਉੱਪਰ ਸੁਸ਼ੋਭਿਤ ਹੈ। ਇਸ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਲੋਕਾਈ ਨੂੰ ਸੇਧ ਦੇ ਰਹੇ ਹਨ ਕਿ ਉਹ ਸੱਚ ਦੀ ਖੋਜ ਕਰਕੇ ਆਪਣੀ ਮਾਨਸਿਕਤਾ ਵਿੱਚ ਅਧਿਆਤਮਕ ਤਬਦੀਲੀ ਲਿਆਉਣ। ਗੁਰੂ ਸਾਹਿਬ ਨੇ ਫ਼ੁਰਮਾਇਆ ਹੈ ਕਿ ਕਿਸੇ ਕਿਸਮ ਦਾ ਤਰਕ ਵਾਦ ਵਿਵਾਦ ਦੀ ਜੜ੍ਹ ਹੁੰਦਾ ਹੈ ਅਤੇ ਇਸ ਦੇ ਸਿੱਟੇ ਹਮੇਸ਼ਾ ਨਕਰਾਤਮਕ ਹੀ ਆਉਂਦੇ ਹਨ ਇਸ ਦੇ ਉਲਟ ਹਾਂ ਪੱਖੀ ਅਮਲ ਨੂੰ ਖੋਜ ਕਿਹਾ ਜਾਂਦਾ ਹੈ ਅਤੇ ਇਸ ਦਾ ਰੂਪ ਹਮੇਸ਼ਾ ਉਸਾਰੂ ਹੁੰਦਾ ਹੈ।
ਅਰਥ ਅਤੇ ਸੰਦੇਸ਼:
ਖੋਜੀ – ਅਸਲ ਖੋਜ ਕਰਨ ਵਾਲਾ ਜੋ ਅੰਦਰਲੀ ਸੱਚਾਈ ਦੀ ਖੋਜ ਕਰਦਾ ਹੈ।
ਉਪਜੈ – ਉਤਪੰਨ ਹੁੰਦਾ ਹੈ, ਆਤਮਿਕ ਗਿਆਨ ਦਾ ਉਗਮ।
ਬਾਦੀ – ਵਾਦ-ਵਿਵਾਦ ਕਰਨ ਵਾਲਾ, ਜੋ ਸਿਰਫ਼ ਬਹਿਸ ਕਰਦਾ ਹੈ।
ਬਿਨਸੈ – ਨਸ਼ਟ ਹੋ ਜਾਂਦਾ ਹੈ।
ਇਸ ਤਰ੍ਹਾਂ ਇਸ ਸ਼ਬਦ ਦੇ ਭਾਵ ਹਨ
“ਜੋ ਖੋਜ ਕਰਦਾ ਹੈ, ਉਹ ਆਤਮਿਕ ਜੀਵਨ ਵਿਚ ਉਤਸ਼ਾਹਿਤ ਹੁੰਦਾ ਹੈ ਅਤੇ ਸਦੈਵ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਸ ਦੇ ਉਲਟ ਜੋ ਕੇਵਲ ਵਾਦ-ਵਿਵਾਦ ਕਰਦਾ ਹੈ, ਉਹ ਆਤਮਿਕ ਤੌਰ ਤੇ ਨਾਸ਼ ਹੋ ਜਾਂਦਾ ਹੈ।”
ਸਿੱਖ ਧਰਮ ਦੀ ਵਿਚਾਰਧਾਰਾ ਵਿੱਚ ਵਿਚਾਰ ਜਾਂ ਖੋਜ ਨੂੰ ਅਹਿਮ ਸਥਾਨ ਪ੍ਰਾਪਤ ਹੈ। ਖੋਜ ਵਿੱਚ ਕੁਝ ਨਾ ਕੁਝ ਨਵਾਂ ਉਸਰਦਾ ਹੈ ਅਤੇ ਖੋਜ ਹਮੇਸ਼ਾ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਚਾਨਣ ਦਾ ਪੈਂਡਾ ਤੈਅ ਕਰਦੀ ਹੈ। ਸਮੂਹ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਰਾਹੀਂ ਸੰਗਤਾਂ ਨੂੰ ਸਮਝਾਇਆ ਹੈ ਕਿ ਗਿਆਨ ਵਿਹੂਣਾ ਮਨੁੱਖ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਇਆ ਭਟਕਦਾ ਰਹਿੰਦਾ ਹੈ। ਗੁਰੂ ਸਾਹਿਬਾਨ ਨੇ ਵਿਚਾਰ ਜਾਂ ਖੋਜ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਅਤੇ ਉਹਨਾਂ ਅਨੁਸਾਰ ਮਨੁੱਖਾਂ ਦੇ ਦੁਨਿਆਵੀ ਅਤੇ ਅਧਿਆਤਮਕ ਜੀਵਨ ਵਿੱਚ ਵਿਚਾਰ ਜਾਂ ਖੋਜ ਅਤੀ ਜਰੂਰੀ ਹੈ।ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਮਨੁੱਖ ਅਕਾਲ ਪੁਰਖ ਦੀ ਅਗਵਾਈ ਵਿੱਚ ਆਪਣੀ ਸੁਰਤਿ ਨੂੰ ਉਸ ਅਕਾਲ ਪੁਰਖ ਨਾਲ ਇਕਸੁਰ ਕਰਕੇ ਉਸ ਦੇ ਗੁਣਾਂ ਤੇ ਧਿਆਨ ਧਰਨ ਲਈ ਅਰਦਾਸ ਕਰਦੇ ਹਨ ਅਤੇ ਸਪੱਸ਼ਟ ਕਰਦੇ ਹਨ ਕਿ ਜੋ ਮਨੁੱਖ ਅਸਲ ਵਿਚ ਸੱਚ ਦੀ ਖੋਜ ਕਰਦਾ ਹੈ, ਉਸ ਦੇ ਗੁਣਾਂ ਦੀ ਖੋਜ ਕਰਦਾ ਹੈ, ਉਹ ਸੱਚ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ, ਪਰ ਵਾਦ-ਵਿਵਾਦ ਵਿਚ ਪੈਣ ਵਾਲਾ ਬਿਨਸ ਜਾਂਦਾ ਹੈ:
ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ॥
ਖੋਜੀ ਉਪਜੈ ਬਾਦੀ ਬਿਨਸੈ
ਹਉ ਬਲਿ ਬਲਿ ਗੁਰ ਕਰਤਾਰਾ॥ (ਪੰਨਾ 1255)
ਅਧਿਆਤਮਿਕਤਾ ਵਿਚ ਖੋਜ ਦਾ ਮਤਲਬ ਹੈ ਮਨ, ਚਿੱਤ ਅਤੇ ਆਤਮਾ ਵਿਚ ਡੁੱਬ ਕੇ ਪਰਮ ਪਿਤਾ ਪ੍ਰਮਾਤਮਾ ਦੀ ਸੱਚੀ ਭਾਲ ਅਤੇ ਪਹਚਾਣ ਕਰਨੀ। ਜਦੋਂ ਮਨੁੱਖ ਆਪਣੇ ਅੰਦਰ ਝਾਤੀ ਮਾਰਦਾ ਹੈ, ਤਾਂ ਉਸਨੂੰ ਆਪਣੀ ਹਸਤੀ ਅਤੇ ਪ੍ਰਭੂ ਦੀ ਹਸਤੀ ਵਿਚ ਕੋਈ ਭੇਦ ਨਹੀਂ ਜਾਪਦਾ। ਇਹ ਖੋਜ ਸਿਮਰਨ, ਨਾਮ ਜਪ, ਧਿਆਨ ਅਤੇ ਆਤਮ-ਵਿਚਾਰ ਰਾਹੀਂ ਹੁੰਦੀ ਹੈ।
ਕਬੀਰ ਤੂੰ ਤੂੰ ਕਰਤਾ ਤੂ ਹੂਆ
ਮੁਝ ਮਹਿ ਰਹਾ ਨ ਹੂੰ ॥
ਜਬ ਆਪਾ ਪਰ ਕਾ ਮਿਟਿ ਗਇਆ
ਜਤ ਦੇਖਉ ਤਤ ਤੂ ॥੨੦੪॥
ਬਾਦ-ਵਿਵਾਦ ਦਾ ਅੰਤ:
ਜਦੋਂ ਤੱਕ ਮਨੁੱਖ ਸਿਰਫ਼ ਦੁਨਿਆਵੀ ਦਿਖਾਵੇ ਲਈ ਪਾਠ, ਧਾਰਮਿਕ ਰਿਵਾਜਾਂ ਜਾਂ ਧਾਰਮਿਕ ਤੱਤਾਂ ਦੇ ਸਿਧਾਂਤਿਕ ਵਿਸ਼ਲੇਸ਼ਣ ਵਿਚ ਫਸਿਆ ਰਹਿੰਦਾ ਹੈ, ਉਹ ਬਾਦੀ ਬਣ ਜਾਂਦਾ ਹੈ। ਉਹ ਧਰਮ ਨੂੰ ਤਰਕ ਦੀ ਬੁਨਿਆਦ ‘ਤੇ ਥਾਪਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲ ਅਨੁਭਵ ਤੋਂ ਵਾਂਝਾ ਰਹਿੰਦਾ ਹੈ।
ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥ ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥
ਖੋਜੀ ਦਾ ਜੀਵਨ:
ਖੋਜੀ ਵਿਅਕਤੀ ਨਿਮਰ, ਸੰਤੁਲਿਤ ਅਤੇ ਅੰਦਰੋਂ ਪ੍ਰਕਾਸ਼ਮਾਨ ਹੁੰਦਾ ਹੈ। ਉਹ ਦੂਜਿਆਂ ਨਾਲ ਵਾਦ-ਵਿਵਾਦ ਨਹੀਂ ਕਰਦਾ, ਸਗੋਂ ਆਪਣੀ ਆਤਮਿਕ ਯਾਤਰਾ ਵਿਚ ਮਸਤ ਰਹਿੰਦਾ ਹੈ। ਉਹ ਹਰ ਚੀਜ਼ ਵਿਚ ਪਰਮਾਤਮਾ ਦੀ ਹਜ਼ੂਰੀ ਵੇਖਦਾ ਹੈ।
ਮਃ ੫ ॥ ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥
ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥ {ਪੰਨਾ 521}
‘ਬਾਦੀ’ — ਜੋ ਸਿਰਫ਼ ਤਰਕ ਕਰਦਾ ਹੈ, ਧਰਮ ਤੇ ਅਧਿਆਤਮਿਕਤਾ ਨੂੰ ਸਿਧਾਂਤਾਂ ਦੀ ਬੇੜੀ ਬਣਾਕੇ ਵਿਵਾਦਾਂ ਵਿਚ ਪਾ ਲੈਂਦਾ ਹੈ — ਉਹ ਸੱਚ ਦੇ ਰਾਹ ਤੋਂ ਵਿਛੁੜ ਜਾਂਦਾ ਹੈ। ਅਜਿਹੀ ਸੋਚ ਨਾ ਕੇਵਲ ਮਨੁੱਖ ਨੂੰ ਦੂਜੇ ਤੋਂ ਵੱਖ ਕਰਦੀ ਹੈ, ਸਗੋਂ ਧਰਮ ਨੂੰ ਵੀ ਟੁਕੜਿਆਂ ਵਿਚ ਵੰਡ ਦਿੰਦੀ ਹੈ।
ਮਨ ਤੂੰ ਜੋਤਿ ਸਰੂਪੁ ਹੈ
ਆਪਣਾ ਮੂਲੁ ਪਛਾਣੁ ॥
ਸਿੱਖ ਧਰਮ ਵਿੱਚ ਗੁਰਬਾਣੀ ਸਦਾ ਮਨੁੱਖ ਨੂੰ ਨੈਤਿਕ, ਆਤਮਿਕ ਅਤੇ ਸਮਾਜਿਕ ਜੀਵਨ ਵਿੱਚ ਉੱਨਤੀ ਦੀ ਰਾਹਦਾਰੀ ਦਿੰਦੀ ਹੈ।ਗੁਰਬਾਣੀ ਸੇਧ ਦਿੰਦੀ ਹੈ ਕਿ ਅਸਲ ਗਿਆਨ ਵਾਦ ਵਿਵਾਦ ਨਹੀਂ ਹੈ ਬਲਕਿ ਸੱਚ ਦੀ ਨਿਰੰਤਰਤਾ ਵਿੱਚ ਖੋਜ ਰਾਹੀਂ ਉਤਪੰਨ ਹੁੰਦਾ ਹੈ। ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਮਨੁੱਖ ਨੂੰ ਖੋਜੀ ਬਣ ਕੇ ਆਪਣੇ ਬੌਧਿਕ ਪੱਧਰ ਨੂੰ ਗਿਆਨ ਰਾਹੀਂ ਪ੍ਰਕਾਸ਼ਮਾਨ ਕਰਨਾ ਚਾਹੀਦਾ ਹੈ ਅਤੇ ਵਾਦੀ ਬਣ ਕੇ ਆਪਣੇ ਅਸਲ ਉਦੇਸ਼ ਤੋਂ ਭਟਕਣਾ ਨਹੀਂ ਚਾਹੀਦਾ। ਸੱਚੀ ਖੋਜ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਲੈ ਜਾਂਦੀ ਹੈ, ਜਿੱਥੇ ਨਾ ਤਾਂ ਪਦਾਰਥਵਾਦ ਦਾ ਹੰਕਾਰ ਹੁੰਦਾ ਹੈ ਤੇ ਨਾ ਹੀ ਕਿਸੇ ਪ੍ਰਕਾਰ ਦਾ ਵਖਰੇਵਾਂ ਹੁੰਦਾ ਹੈ।
“ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩)
ਉਪਰੋਕਤ ਸ਼ਬਦ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੋ ਮਨੁੱਖ ਅਕਾਲ ਪੁਰਖ ਦੁਆਰਾ ਬਖਸ਼ੇ ‘ਮਨ’ ਨੂੰ ਗੁਰੂ ਬਿਰਤੀ ਨਾਲ ਜੋੜ ਕੇ ਇਸਦੀ ਸੁਚੱਜੀ ਕਰਦੇ ਹਨ ਉਹ ਆਪਣੇ ਜੀਵਨ ਨੂੰ ਪ੍ਰਭੂ ਰੰਗ `ਚ ਰੰਗ ਕੇ ਆਪਣਾ ਜਨਮ ਸਫ਼ਲਾ ਕਰ ਲੈਂਦੇ ਹਨ। ਉਹਨਾਂ ਦੇ ਜੀਵਨ ਜੀਉਂਦੇ ਜੀਅ ਅਕਾਲਪੁਰਖੀ ਗੁਣਾਂ ਦਾ ਪ੍ਰਗਟਾਵਾ ਹੁੰਦੇ ਹਨ। ਇਸ ਦੇ ਉਲਟ ਜੋ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਹੂੜਮੱਤਾਂ, ਦੁਰਮੱਤਾ, ਮਨਮੱਤਾਂ ਕਾਰਨ, ਲੋਭ ਮੋਹ ਹੰਕਾਰ ਆਦਿ `ਚ ਫ਼ਸੇ ਹੋਏ ਆਪਣਾ ਜਨਮ ਵਿਅਰਥ ਜ਼ਾਇਆ ਕਰਕੇ ਚਲੇ ਜਾਂਦੇ ਹਨ। ਅਜੇਹੇ ਪ੍ਰਾਣੀ, “ਸੁ ਕਚੁ ਨਿਕਚੁ” ਅਨੁਸਾਰ ਜੀਵਨ ਦੀ ਕੱਚੀ ਵਰਤੋਂ ਕਰਕੇ ਮੁੜ ਜਨਮ-ਮਰਣ ਦੇ ਗੇੜ੍ਹ `ਚ ਪੈ ਜਾਂਦੇ ਹਨ।
ਅੰਤ ਵਿੱਚ ਗੁਰਬਾਣੀ ਮਨੁੱਖ ਨੂੰ ਆਦੇਸ਼ ਦਿੰਦੀ ਹੈ ਕਿ ਨਾਮ ਚਿੰਤਨ ਰਾਹੀਂ ਸੱਚ ਦੀ ਭਾਲ ਕਰੇ। ਇਹ ਸੱਚ ਦੀ ਭਾਲ ਕਰਨ ਵਾਲੇ ਨੂੰ ਖੋਜੀ ਬਣਾਉਂਦੀ ਹੈ ਅਤੇ ਖੋਜੀ ਨੂੰ ਗੁਰਬਾਣੀ ਅਨੁਸਾਰ ਗੁਰਮੁੱਖ ਕਿਹਾ ਗਿਆ ਹੈ।
ਭੁੱਲ ਚੁੱਕ ਦੀ ਖਿਮਾ
ਦਾਸ ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



