“ਲਿਪੀ” ਅਤੇ “ਲਿੱਪੀ” ਸ਼ਬਦਾਂ ਵਿੱਚ ਕੀ ਅੰਤਰ ਹੈ ਅਤੇ ਇਹ ਕਿਵੇਂ ਬਣੇ?

ਜਸਵੀਰ ਸਿੰਘ ਪਾਬਲਾ
ਜਸਵੀਰ ਸਿੰਘ ਪਾਬਲਾ
 (ਸਮਾਜ ਵੀਕਲੀ)  पंजाबी, हिन्दी तथा संस्कृत का “लिपि” शब्द कैसे बना?
      ਬਹੁਤੇ ਲੋਕ ਅੱਜ ਵੀ ਲਿਪੀ (ਲਿਖਣ ਦੇ ਸੰਬੰਧ ਵਿੱਚ ਵਰਤੇ ਜਾਣ ਵਾਲ਼ੇ ਚਿੰਨ੍ਹ) ਸ਼ਬਦ ਨੂੰ ਜੋਕਿ ਬਿਨਾਂ ਅਧਕ ਤੋਂ ਲਿਖਿਆ ਜਾਣਾ ਹੈ, ਅਧਕ ਪਾ ਕੇ “ਲਿੱਪੀ” ( ! ) ਹੀ ਲਿਖਦੇ ਹਨ ਜਦਕਿ ਅਧਕ ਪਾਉਣ ਜਾਂ ਨਾ ਪਾਉਣ ਨਾਲ਼ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਬਹੁਤ ਅੰਤਰ ਆ ਜਾਂਦਾ ਹੈ। ਆਓ, ਦੇਖਦੇ ਹਾਂ, ਕਿਵੇਂ?
         ਅਜਿਹੇ ਸ਼ਬਦਾਂ ਦੇ ਸ਼ਬਦ-ਜੋੜਾਂ ਦੀ ਸ਼ੁੱਧਤਾ ਨੂੰ ਮਹਿਜ਼ ਉਚਾਰਨ ਦੇ ਆਧਾਰ ‘ਤੇ ਹੀ ਪਰਖਿਆ ਨਹੀਂ ਜਾ ਸਕਦਾ। ਉਚਾਰਨ ਤਾਂ ਹਰ ਕੋਈ ਅੱਜ ਤੱਕ ਜਿਵੇਂ ਕਰਦਾ ਆਇਆ ਹੈ ਜਾਂ ਜਿਵੇਂ ਕਿਸੇ ਨੂੰ ਠੀਕ ਲੱਗਦਾ ਹੈ, ਉਵੇਂ ਹੀ ਕਰੇਗਾ। ਅਜਿਹੀ ਥਾਂ ‘ਤੇ ਭਾਸ਼ਾ-ਮਾਹਰਾਂ ਦੀ ਰਾਏ ਹੀ ਕੰਮ ਆਉਂਦੀ ਹੈ।
        ਵਿਦਵਾਨਾਂ ਅਨੁਸਾਰ ਲਿਪ (लिप्) ਸ਼ਬਦ ਦੇ ਹੇਠਾਂ ਲਿਖੇ ਦੋ ਵੱਖ-ਵੱਖ ਅਰਥ ਹਨ:
                  ੧. ਲਿਪੀ (ਕਿਸੇ ਬੋਲੀ ਦੇ ਅੱਖਰ-ਚਿੰਨ੍ਹ)
                 ੨. ਲਿੱਪਣਾ, ਲਿਪਟਣਾ, ਲਿਪਟਾਉਣਾ ਆਦਿ।
           ਇਹ ਸਾਰੇ ਸੰਸਕ੍ਰਿਤ ਭਾਸ਼ਾ ਦੇ ਉਪਰੋਕਤ “ਲਿਪ੍” (लिप्) ਧਾਤੂ ਤੋਂ ਹੀ ਬਣੇ ਹੋਏ ਹਨ। ਪਹਿਲੇ ਦੇ ਅਰਥ ਹਨ-  लिपि (ਲਿਪੀ) ਅਰਥਾਤ ਲਿਖਣ ਦੀ ਕਿਰਿਆ ਜਾਂ ਕਿਸੇ ਬੋਲੀ ਲਈ ਵਰਤਿਆ ਜਾਣ ਵਾਲ਼ਾ ਅੱਖਰ-ਸਮੂਹ/ਅੱਖਰ-ਸਮੂਹ ਦੇ ਚਿੰਨ੍ਹ। ਇਸੇ ਕਾਰਨ ਲੇਖਕ ਨੂੰ ਕਈ ਵਾਰ “ਲਿਪੀਕਾਰ” ਜਾਂ ਲਿਪਕ (लिपिक) ਵੀ ਆਖ ਦਿੱਤਾ ਜਾਂਦਾ ਹੈ। ਦੂਜੇ ਦੇ ਅਰਥ ਹਨ- ਲਿੱਪਣਾ, ਲਿਪਟਣਾ। ਇਹਨਾਂ ਸਾਰੇ ਸ਼ਬਦਾਂ ਦੇ ਅਰਥ ਹਨ- ਚਿਮਟਣਾ, ਚਿਮਟਾਉਣਾ/ਲੇਪਨ ਕਰਨਾ ਆਦਿ।
         ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ: ਨਿਰਮਾਣ ਜਾਂ ਕੁਝ ਹੋਰ ਸ਼ਬਦਾਂ ਦੇ ਦੋ-ਦੋ ਅਰਥ ਹਨ, ਸ਼ਬਦ-ਜੋੜ ਭਾਵੇਂ ਇੱਕ ਹੀ ਹਨ। ਇਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕਈ ਵਾਰ ਇੱਕ ਹੀ ਸ਼ਬਦ ਦੇ ਧੁਨੀਆਂ ਦੇ ਅਰਥਾਂ ਦੇ ਆਧਾਰ ‘ਤੇ ਤਿੰਨ-ਤਿੰਨ/ਚਾਰ-ਚਾਰ ਅਰਥ ਵੀ ਹੋ ਜਾਇਆ ਕਰਦੇ ਹਨ।
      ਇਸੇ ਕਾਰਨ ਪੰਜਾਬੀ ਵਿੱਚ ਲਿੱਪਣ ਆਦਿ ਦੀ ਕਿਰਿਆ ਵਾਲ਼ੇ ਸ਼ਬਦ ਨੂੰ ਅਧਕ (ਅਧਕ ਸ਼ਬਦ ਵੀ ਬਿਨਾਂ ਅਧਕ ਤੋਂ ਹੀ ਲਿਖਣਾ ਹੈ) ਪਾ ਕੇ ਅਤੇ ਕਿਸੇ ਬੋਲੀ ਨੂੰ ਲਿਖਣ ਲਈ ਵਰਤੇ ਜਾਂਦੇ ਸ਼ਬਦ “ਲਿਪੀ” ਨੂੰ ਬਿਨਾਂ ਅਧਕ ਤੋਂ ਲਿਖਿਆ ਜਾਣਾ ਹੈ।
     ਸੰਸਕ੍ਰਿਤ ਭਾਸ਼ਾ ਵਿੱਚ ਵੀ ਲਿਖਣ ਵਾਲ਼ੇ “ਲਿਪੀ” ਸ਼ਬਦ ਲਈ “ਲਿਪਿ” (लिपि) ਸ਼ਬਦ ਵਰਤਿਆ ਜਾਂਦਾ ਹੈ ਤੇ ਇਸੇ ਕਾਰਨ ਪੰਜਾਬੀ ਵਿੱਚ ਇਸ ਉੱਤੇ ਅਧਕ ਨਹੀਂ ਪਾਇਆ ਜਾਂਦਾ। ਪੰਜਾਬੀ ਵਿੱਚ ਅਧਕ ਦੀ ਵਰਤੋਂ ਆਮ ਤੌਰ ‘ਤੇ ਉੱਥੇ ਹੀ ਕੀਤੀ ਜਾਂਦੀ ਹੈ, ਜਿੱਥੇ ਦੂਹਰੇ ਅੱਖਰ ਦੀ ਅਵਾਜ਼ ਆਉਂਦੀ ਹੋਵੇ। ਇਸ ਲਈ ਜਦੋਂ ਸੰਸਕ੍ਰਿਤ ਭਾਸ਼ਾ ਦੇ ਉਪਰੋਕਤ ਸ਼ਬਦ ਲਿਪਿ (लिपि) ਤੋਂ ਬਣੇ “ਲਿਪੀ” ਸ਼ਬਦ ਵਿੱਚ ਕੋਈ ਦੂਹਰਾ ਅੱਖਰ ਵਰਤਿਆ ਹੀ ਨਹੀਂ ਗਿਆ ਤਾਂ ਫਿਰ ਉੱਥੇ ਅਧਕ ਦੀ ਵਰਤੋਂ ਨੂੰ ਜਾਇਜ਼ ਕਿਵੇਂ ਠਹਿਰਾਇਆ ਜਾ ਸਕਦਾ ਹੈ?
                          ……………………..
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਹਾਨ ਸੂਫੀ ਸੰਤ ਤੇ ਵਿਦਵਾਨ ਸ਼ੇਖ਼ ਫ਼ਰੀਦ ਜੀ
Next articleਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜਨਰਲ ਕੌਂਸਲ 22 ਸਤੰਬਰ ਨੂੰ ਰੋਪੜ ਵਿਖੇ ਨਵੇਂ ਸੰਘਰਸ਼ਾਂ ਦੀ ਰੂਪ ਰੇਖਾ ਕੀਤੀ ਜਾਵੇਗੀ ਤਿਆਰ:- ਕਰਨੈਲ ਫਿਲੌਰ