(ਸਮਾਜ ਵੀਕਲੀ)
ਬੱਚੇ ਨੂੰ ਦੁਲਾਰ ਕੇ ਨਜ਼ਾਰਾ ਬੜਾ ਆਉਂਦਾ ਏ।
ਹੁਸਨ ਨਿਹਾਰ ਕੇ ਨਜ਼ਾਰਾ ਬੜਾ ਆਉਂਦਾ ਏ।
ਸਾਇਕਲ ਚਲਾਉਣਾ ਹੋਵੇ ਤਾਜ਼ਾ ਤਾਜ਼ਾ ਸਿੱਖਿਆ ਹੀ,
ਟੱਲੀਆਂ ਜ੍ਹੀ ਮਾਰ ਕੇ ਨਜ਼ਾਰਾ ਬੜਾ ਆਉਂਦਾ ਏ।
ਗਰਮੀ ਦੀ ਅੱਤ, ਸੰਘ ਸੁੱਕੇ, ਮਿਲੇ ਠੰਡਾ ਪਾਣੀ,
ਸੀਨਾ ਜਿਹਾ ਠਾਰ ਕੇ ਨਜ਼ਾਰਾ ਬੜਾ ਆਉਂਦਾ ਏ।
ਖਾਣਾ ਹੋਈਏ ਖਾਂਵਦੇ ਤੇ ਵਿੱਚੋਂ ਮੰਗ ਲਵੇ ਬੱਚਾ,
ਬਿਨਾਂ ਖਾਧੇ ਸਾਰ ਕੇ ਨਜ਼ਾਰਾ ਬੜਾ ਆਉਂਦਾ ਏ।
ਚਾਹੀਦੀ ਸਦਾ ਹੀ ਭਾਵੇਂ ਪਰ ਜੀ ਦੀਵਾਲੀ ਨੇੜੇ,
ਘਰ ਨੂੰ ਸੰਵਾਰ ਕੇ ਨਜ਼ਾਰਾ ਬੜਾ ਆਉਂਦਾ ਏ।
ਤਾਸ਼ ਵਾਲੀ ਬਾਜੀ ਵਿੱਚੋਂ ਤਗਮੇ ਨਾ ਪੈਣ ਭਾਵੇਂ,
ਪਰ ਸਾਰਾਂ ‘ਤਾਰ ਕੇ ਨਜ਼ਾਰਾ ਬੜਾ ਆਉਂਦਾ ਏ।
ਠੱਗਾਂ ਦਾ ਵੀ ਠੱਗ ਕੋਈ ਆ ਜਵੇ ਜੇ ਜਾੜ੍ਹ ਥੱਲੇ,
ਉਹਨੂੰ ਖੂੰਜੇ ਵਾੜ ਕੇ ਨਜ਼ਾਰਾ ਬੜਾ ਆਉਂਦਾ ਏ।
ਸੋਹਲ਼ਵੇਂ ਕੁ ਸਾਲ ਮੁੱਛ ਚੁਟਕੀ ‘ਚ ਆਵੇ ਵੀ ਨਾ,
ਤਾਂ ਵੀ ਪਰ ਚਾੜ੍ਹ ਕੇ ਨਜ਼ਾਰਾ ਬੜਾ ਆਉਂਦਾ ਏ।
ਗੁਰੂ ਘਰ ਜਾ ਕੇ ਖੌ਼ਰੇ ਉੱਡਦੈ ਹੰਕਾਰ ਕਿੱਥੇ ?
ਜੋੜੇ ਤੱਕ ਝਾੜ ਕੇ ਨਜ਼ਾਰਾ ਬੜਾ ਆਉਂਦਾ ਏ।
ਸਾਰਿਆਂ ਤੋਂ ਵੱਧ ਪਰ ਰੋਮੀ ਨੂੰ ਘੜਾਮੇਂ ਪਿੰਡ,
ਸੜਦਿਆਂ ਨੂੰ ਸਾੜ ਕੇ ਨਜ਼ਾਰਾ ਬੜਾ ਆਉਂਦਾ ਏ।
ਰੋਮੀ ਘੜਾਮਾਂ।
9855281105 (ਵਟਸਪ ਨੰ.)



