ਸਾਉਣ ਦਿਆ ਬੱਦਲਾ ਵੇ…

ਡਾ. ਪ੍ਰਿਤਪਾਲ ਸਿੰਘ ਮਹਿਰੋਕ 

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਸਾਲ ਦੌਰਾਨ ਰੰਗ ਬਦਲਣ ਵਾਲੇ ਮਹੀਨਿਆਂ, ਰੁੱਤਾਂ ਤੇ ਮੌਸਮਾਂ ਦਾ ਆਪਣੀ ਆਪਣੀ ਥਾਂ ਮਹੱਤਵ ਬਣਿਆ ਚਲਿਆ ਆ ਰਿਹਾ ਹੈ। ਪੰਜਾਬੀ ਸੱਭਿਆਚਾਰ ਵਿਚ ਸਾਉਣ ਦੇ ਮਹੀਨੇ ਦਾ ਵਿਸ਼ੇਸ਼ ਤੌਰ ‘ਤੇ ਗੁਣ-ਗਾਇਨ ਕੀਤਾ ਜਾਂਦਾ ਹੈ ਤੇ ਇਸ ਮਹੀਨੇ ਦਾ ਪੰਜਾਬੀ ਲੋਕ ਜੀਵਨ ਨਾਲ ਬੜਾ ਨੇੜਲਾ ਸਬੰਧ ਹੈ। ਪੰਜਾਬੀ ਲੋਕ ਜੀਵਨ ਵਿਚ ਇਹ ਮਹੀਨਾ ਖੁਸ਼ੀਆਂ, ਖੇੜਿਆਂ, ਨੱਚਣ -ਟੱਪਣ, ਗਿੱਧੇ, ਭੰਗੜੇ, ਕਿੱਕਲੀ ਆਦਿ ਪਾਉਣ ਦਾ ਪ੍ਰਤੀਕ ਬਣ ਗਿਆ ਹੈ। ਲੋਕ ਸਾਉਣ ਦੇ ਮਹੀਨੇ ਦੀਆਂ ਖੁਸ਼ੀਆਂ ਨੂੰ ਆਪਣੇ ਧੁਰ ਅੰਦਰ ਤੱਕ ਵਸਾ ਲੈਣਾ ਚਾਹੁੰਦੇ ਹਨ। ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਜਾਂਦਾ ਹੈ ਜਿਵੇਂ ਸਾਉਣ ਦਾ ਮਹੀਨਾ ਵੀ ਲੋਕਾਂ ਸੰਗ ਰਲ ਮਿਲ ਕੇ ਨੱਚਦਾ, ਖੇਡਦਾ, ਗਾਉਂਦਾ, ਹੱਸਦਾ, ਮੌਜ-ਮਸਤੀ ਮਨਾ ਰਿਹਾ ਹੋਵੇ। ਇਸ ਮਹੀਨੇ ਦੀ ਆਮਦ ‘ਤੇ ਲੋਕ ਅਕਸਰ ਆਪਣੇ ਆਪਣੇ ਢੰਗ-ਤਰੀਕਿਆਂ ਨਾਲ ਖੁਸ਼ੀਆਂ ਮਨਾਉਂਦੇ ਹਨ।
ਸਾਉਣ ਦੇ ਮਹੀਨੇ ਵਿਚ ਮਨੁੱਖੀ ਮਨ ਦੇ ਖੁਸ਼ੀ ਵਿੱਚ ਝੂਮ ਉੱਠਣ ਦਾ ਅਸਲ ਕਾਰਨ ਇਹ ਸਮਝਿਆ ਜਾਂਦਾ ਹੈ ਕਿ ਇਸ ਮਹੀਨੇ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ।ਜੇਠ ਹਾੜ ਦੇ ਮਹੀਨਿਆਂ ਦੀ ਕਹਿਰਾਂ ਦੀ ਤਪਸ਼ ,ਲੂਅ ਅਤੇ ਗਰਮੀ ਤੋਂ ਸਤਾਏ ਲੋਕਾਂ ਨੂੰ, ਧਰਤੀ ਨੂੰ, ਜੀਵਾਂ ਨੂੰ, ਬਨਸਪਤੀ ਆਦਿ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ।ਜੇਠ ਹਾੜ ਦੀ ਗਰਮੀ ਲੋਕਾਂ ਨੂੰ ਲੂਹ ਸੁੱਟਦੀ ਹੈ। ਲੋਕ ਲਲਚਾਈਆਂ ਨਜ਼ਰਾਂ ਨਾਲ ਸਵੇਰੇ ਸ਼ਾਮ ਆਕਾਸ਼ ਵਿਚ ਬਦਲੋਟੀਆਂ ਨੂੰ ਭਾਲਦੇ ਫਿਰਦੇ ਹਨ। ਜਦ ਸਾਉਣ ਦੀਆਂ ਫੁਹਾਰਾਂ ਠੰਢਕ ਤੇ ਨਮੀ ਲੈ ਕੇ ਆਉਂਦੀਆਂ ਹਨ,ਧਰਤੀ ਦੀ ਚਿਰੋਕਣੀ ਪਿਆਸ ਬੁਝਦੀ ਹੈ ਤਾਂ ਖੁਸ਼ੀ ਦਾ ਪਾਸਾਰ ਹੋਣਾ ਸੁਭਾਵਿਕ ਹੁੰਦਾ ਹੈ :
ਸਾਉਣ ਮਹੀਨੇ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ, ਕੁੱਦਣ,ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ…
ਸਾਉਣ ਦਾ ਮਹੀਨਾ ਆਪਣਾ ਰੰਗ ਵਿਖਾਉਂਦਾ ਹੈ ਤਾਂ ਹੌਲੀ ਹੌਲੀ ਜੰਮ ਕੇ ਮੀਂਹ ਪੈਣ ਲੱਗਦਾ ਹੈ। ਸਾਉਣ ਦੇ ਮਹੀਨੇ ਲੱਗਦੀਆਂ ਰਹੀਆਂ ਝੜ੍ਹੀਆਂ ਨੂੰ ਲੋਕ ਅਕਸਰ ਯਾਦ ਕਰਦੇ ਹਨ। ਲਗਾਤਾਰ ਵਰ੍ਹਦਾ ਰਹਿਣ ਵਾਲਾ ਮੀਂਹ ਵਾਰੇ ਨਿਆਰੇ ਕਰ ਦਿੰਦਾ ਹੁੰਦਾ ਸੀ। ਹੁਣ ਮੀਂਹ ਪੈਂਦਾ ਹੈ ਤਾਂ ਇਸ ਮਹੀਨੇ ਦਾ ਰੂਪ ਨਿਖਰਨ ਲੱਗਦਾ ਹੈ। ਗਿੱਧੇ, ਭੰਗੜੇ, ਤੀਆਂ, ਕਿੱਕਲੀ ਆਦਿ ਦੇ ਪਿੜਾਂ ਵਿਚ ਰੌਣਕ ਵਧਣ ਲੱਗਦੀ ਹੈ। ਅੱਲ੍ਹੜ ਮੁਟਿਆਰਾਂ ਕਾਲੀਆਂ ਘਟਾਵਾਂ ਵੇਖ ਕੇ ਖੁਸ਼ੀ ਵਿੱਚ ਫੁਲੀਆਂ ਨਹੀਂ ਸਮਾਉਂਦੀਆਂ। ਨੱਚਣ ਲਈ ਉਤਾਵਲੀਆਂ ਹੋਈਆਂ ਕੁੜੀਆਂ ਦੀ ਅੱਡੀ ਟੱਪਣ ਲੱਗਦੀ ਹੈ ਤੇ ਉਨ੍ਹਾਂ ਦੇ ਬੁੱਲ੍ਹਾਂ ‘ਤੇ ਸਾਉਣ ਦੇ ਸਵਾਗਤ ਵਿਚ ਉਚਾਰੇ ਪੰਜਾਬੀ ਲੋਕ ਗੀਤਾਂ ਦੇ ਬੋਲ ਆਪ-ਮੁਹਾਰੇ ਆਉਣ ਲੱਗਦੇ ਹਨ। ਸਾਉਣ ਮਹੀਨੇ ਦਾ ਮੀਂਹ, ਪੀਂਘਾਂ ਦੇ ਹੁਲਾਰੇ, ਰਸ ਭਿੰਨੀਆਂ ਫੁਹਾਰਾਂ ,ਸਹੇਲੀਆਂ ਦਾ ਸਾਥ ਆਦਿ ਗਿੱਧੇ ਦੇ ਬੋਲਾਂ ਨੂੰ ਹੋਰ ਬਲ ਪ੍ਰਦਾਨ ਕਰਦੇ ਹਨ :
੦ ਉਰਲੇ ਪਾਸੇ ਮੀਂਹ ਵਰਸੇਂਦਾ ਪਰਲੇ ਪਾਸੇ ‘ਨ੍ਹੇਰੀ
ਸਾਉਣ ਦਿਆ ਬੱਦਲਾ ਵੇ,ਮੁੜ ਕੇ ਹੋ ਜਾ ਢੇਰੀ                    ੦ ਸਾਉਣ ਮਹੀਨੇ ਘਾਹ ਹੋ ਗਿਆ
ਰੱਜੀਆਂ  ਮੱਝੀਆਂ ਗਾਈਂ
ਗਿੱਧਿਆ ਪਿੰਡ ਵੜ ਵੇ
ਲਾਂਭ – ਲਾਂਭ ਨਾ ਜਾਈਂ…
ਖੁਸ਼ੀਆਂ ਦਾ ਸੰਦੇਸ਼ ਲੈ ਕੇ ਆਉਣ ਵਾਲੀਆਂ ਸਾਉਣ ਦੇ ਮਹੀਨੇ ਦੀਆਂ ਠੰਢੀਆਂ ਫੁਹਾਰਾਂ  ਗਰਮੀ ਨਾਲ ਝੁਲਸੀਆਂ ਤੇ ਮੁਰਝਾਈਆਂ ਜ਼ਿੰਦਗੀਆਂ ਵਿਚ ਨਵੀਂ ਤਾਜ਼ਗੀ, ਨਵੀਂ ਰੂਹ, ਨਵੀਂ ਉਮੰਗ, ਨਵਾਂ ਉਤਸ਼ਾਹ ਆਦਿ ਪੈਦਾ ਕਰ ਦਿੰਦੀਆਂ ਹਨ। ਹਰ ਪ੍ਰਾਣੀ ਤੇ ਜੀਵ ਜੰਤੂ ਸਾਉਣ ਦੀ ਰਿਮ-ਝਿਮ ਨੂੰ ਆਪਣੀ ਝੋਲੀ ਵਿਚ ਭਰ ਲੈਣ ਲਈ ਉਤਾਵਲਾ ਤੇ ਉਤਸੁਕ ਹੁੰਦਾ ਹੈ। ਇਹ ਮਹੀਨਾ ਇਕ ਤਰ੍ਹਾਂ ਨਾਲ ਤਿਉਹਾਰ ਬਣਕੇ ਬਹੁੜਦਾ ਹੈ। ਪਿੰਡ-ਪਿੰਡ ,ਸ਼ਹਿਰ-ਸ਼ਹਿਰ ਮੇਲੇ ਲੱਗਦੇ ਹਨ, ਤੀਆਂ ਲੱਗਦੀਆਂ ਹਨ। ਇਸ ਮਹੀਨੇ ਦੇ ਵਿਲੱਖਣ ਤੇ ਅਨੂਠੇ ਪ੍ਰਭਾਵ ਅਧੀਨ ਮਨ-ਤਰੰਗਾਂ ਚੰਚਲ ਹੋ ਉੱਠਦੀਆਂ ਹਨ ਤੇ ਵੰਨ ਸੁਵੰਨੇ ਪੰਜਾਬੀ ਲੋਕ ਗੀਤਾਂ ਦੀ ਛਹਿਬਰ ਲੱਗਣੀ ਸ਼ੁਰੂ ਹੋ ਜਾਂਦੀ ਹੈ :
ਮੇਰੇ ਭਿੱਜ ਗਏ ਵਰੀ ਦੇ ਲੀੜੇ
ਪੱਛੋਂ ਦੀਆਂ ਪੈਣ ਕਣੀਆਂ।
ਸਾਉਣ ਦੇ ਮਹੀਨੇ ਵਿਚ ਲੋਕਾਂ ਦੇ ਮਨਾਂ ਵਿੱਚ ਸੁੱਤੀਆਂ ਮਸਤੀਆਂ ਜਾਗ ਉੱਠਦੀਆਂ ਹਨ। ਭਰਪੂਰ ਮੀਂਹ ਵਰ੍ਹਾਉਂਦੇ ਮੇਘਲੇ ਧਰਤੀ ਦੇ ਸੀਨੇ ‘ਤੇ ਹਰੇ ਭਰੇ ਘਾਹ ਦੀ ਚਾਦਰ ਵਿਛਾ ਦਿੰਦੇ ਹਨ। ਧਰਤੀ ‘ਤੇ ਲੋਹੜੇ ਦਾ ਨਿਖਾਰ ਆ  ਜਾਂਦਾ ਹੈ।ਸੁਗੰਧੀਆਂ ਲਿਪਟੀਆਂ ਹਵਾਵਾਂ ਵਾਤਾਵਰਨ ਨੂੰ ਮਹਿਕਾਉਂਦੀਆਂ ਹਨ। ਬਨਸਪਤੀ ਫਲਦੀ-ਫੁੱਲਦੀ ਹੈ ਤੇ ਮਹਿਕਾਂ ਵੰਡਣ ਲੱਗਦੀ ਹੈ। ਨਦੀਆਂ ਦੇ ਕੰਢਿਆਂ ‘ਤੇ ਉੱਗੀ ਬਨਸਪਤੀ ਹਵਾਵਾਂ ਨਾਲ ਝੂਮਦੀ ਤੇ ਨੱਚਦੀ ਪ੍ਰਤੀਤ ਹੂੰਦੀ ਹੈ।ਬੱਦਲ ਗਰਜਦੇ ਹਨ, ਮੋਰ ਪੈਲਾਂ ਪਾਉਂਦੇ ਹਨ।ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਮੁਖ਼ਾਤਿਬ ਹੁੰਦਿਆਂ ਕਹਿੰਦੀ ਹੈ:
੦ ਗੱਜੇ ਬੱਦਲ ਚਮਕੇ ਬਿਜਲੀ,ਮੋਰਾਂ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ ,ਦਿਲ ਦੀਆਂ ਖੋਲ੍ਹ ਸੁਣਾਈਆਂ ।
੦   ਸਾਉਣ ਦੇ ਮਹੀਨੇ ਮੰਜੇ ਡਾਹੀਏ ਨਾ ਵੇ ਜੋੜ ਕੇ
ਬੱਦਲ ਚੜ੍ਹ ਕੇ ਆਜੂ ਪਾਣੀ ਲੈ ਜੂਗਾ ਵੇ ਰੋੜ੍ਹ ਕੇ…
ਸਾਉਣ ਦੇ ਮਹੀਨੇ ਵਿਚ ਕੁੜੀਆਂ ਦੇ ਘੇਰਿਆਂ ਵਿਚ ਵਿਸ਼ੇਸ਼ ਕਿਸਮ ਦੀ ਖੁਸ਼ੀ ਅਭਿਆਸ ਕਰ ਰਹੀ ਹੁੰਦੀ ਹੈ।ਪਿੰਡ ਤੋਂ ਬਾਹਰ ਕਿਸੇ ਨਹਿਰ, ਛੱਪੜ, ਟੋਭੇ ਆਦਿ ਦੇ ਕੰਢੇ ‘ਤੇ ਸੰਘਣੇ ਬਿਰਖਾਂ ਦੀ ਛਾਂ ਹੇਠ ਵੱਡੀ ਗਿਣਤੀ ਵਿਚ ਮੁਟਿਆਰਾਂ ਜੁੜਦੀਆਂ ਹਨ, ਨੱਚਦੀਆਂ ਹਨ, ਕਿੱਕਲੀ ਪਾਉਂਦੀਆਂ ਹਨ ਤੇ ਪੀਂਘਾਂ ਝੂਟਦੀਆਂ ਹਨ :
੦   ਨੱਚ ਲਓ ਕੁੜੀਓ ਨੀ
ਸਾਉਣ ਨੇ ਕਦ-ਕਦ ਆਉਣਾ।
੦  ਆਓ ਨੀ ਕੁੜੀਓ ਹੱਸੀਏ ਖੇਡੀਏ
ਬਾਗੀਂ ਪੀਂਘਾਂ ਪਾਈਏ
ਵਿਚ ਗਿੱਧੇ ਦੇ ਪਾਈਏ ਬੋਲੀਆਂ
ਝਾਂਜਰ ਨੂੰ ਛਣਕਾਈਏ
ਸਾਉਣ ਮਹੀਨਾ ਕਦ ਕਦ ਆਉਣੈਂ
ਰੱਜ ਰੱਜ ਸ਼ਗਨ ਮਨਾਈਏ
ਨੀ ,ਨੱਚ ਲੈ ਮੋਰਨੀਏ
ਐਵੇਂ ਨਾ ਸ਼ਰਮਾਈਏ…
੦  ਹੋ ਜਾ ਕੱਲਰ ਵਿੱਚ ਢੇਰੀ
ਵੇ ਬੱਦਲਾ ਸਾਉਣ ਦਿਆ…
੦  ਆਇਆ ਸਾਉਣ ਮਹੀਨਾ ਕੁੜੀਓ
ਲੈ ਕੇ ਠੰਢੀਆਂ ਹਵਾਵਾਂ
ਪੇਕੇ ਘਰੋਂ ਮੈਨੂੰ ਆਈਆਂ ਝਾਂਜਰਾਂ
ਮਾਰ ਅੱਡੀ ਛਣਕਾਵਾਂ
ਖੱਟਾ ਡੋਰੀਆ ਉਡ ਉਡ ਜਾਂਦਾ
ਜਦ ਮੈਂ ਪੀਂਘ ਚੜ੍ਹਾਵਾਂ
ਸਾਉਣ ਦਿਆ ਬੱਦਲਾ ਵੇ
ਤੇਰਾ ਜੱਸ ਗਿੱਧਿਆਂ ਵਿੱਚ ਗਾਵਾਂ…
ਸਾਉਣ ਦੇ ਮਹੀਨੇ  ਵਿਚ ਮਨ ਦੀਆਂ ਖੁਸ਼ੀਆਂ ਅਤੇ ਦਿਲ ਪਰਚਾਵਿਆਂ ਦੀਆਂ ਪੀਂਘਾਂ ਅਸਮਾਨੀ ਛੂੰਹਦੀਆਂ ਹਨ।ਸਾਉਣ ਦੀ ਰੰਗਲੀ ਤੇ ਸੁਹਾਵਣੀ ਰੁੱਤ ਵਿਚ ਜੇ ਕਿਸੇ ਇਸਤਰੀ ਨੂੰ ਆਪਣੇ ਪ੍ਰੀਤਮ ਦੀ ਯਾਦ ਸਤਾਉਂਦੀ ਹੈ ਤਾਂ ਉਹ ਆਪਣੀ ਕਲਪਨਾ ਦੀ ਦੁਨੀਆ ਵਿਚ ਖੋਹੀ ਰਹਿੰਦੀ ਹੈ।ਪੀਂਘ ਝੂਟਦਿਆਂ ਵੀ ਉਸਦਾ ਮਨ ਹੋਰਥੇ ਉਡਾਰੀਆਂ ਮਾਰਦਾ ਰਹਿੰਦਾ ਹੈ।ਫਿਰ ਮਾਹੀ ਦੇ ਆਉਣ ਦਾ ਸੁਨੇਹਾ ਮਿਲਣ ‘ਤੇ ਉਹ ਬਾਗੋ-ਬਾਗ ਹੋ ਜਾਂਦੀ ਹੈ :
ਪਹਿਨ ਪਚਰ ਕੇ ਚੜ੍ਹ ਗਈ ਪੀਂਘ ‘ਤੇ
ਡਿੱਗ ਪਈ ਹੁਲਾਰਾ ਖਾ ਕੇ
ਪੈਣ ਫੁਹਾਰਾਂ ,ਚਮਕੇ ਬਿਜਲੀ
ਮੈਨੂੰ ਵੇਖ ਲੈ ਰਾਂਝਿਆ ਆ ਕੇ
ਬੱਦਲਾਂ ਨੂੰ ਵੇਖ ਰਹੀ
ਮੈਂ ਤੇਰਾ ਸੁਨੇਹਾ ਪਾ ਕੇ…
ਖੇਤਾਂ ਵਿਚ ਹਰੀਆਂ-ਭਰੀਆਂ ,ਲਹਿਰਾਉਂਦੀਆਂ ਫਸਲਾਂ ਵੇਖ ਕੇ ਕਿਸਾਨ ਖੁਸ਼ੀ ਵਿਚ ਫੁੱਲੇ ਨਹੀਂ ਸਮਾਉਂਦੇ। ਪਾਣੀ ਵਿਚ ਖੇਡਦੇ ,ਅਠਖੇਲੀਆਂ ਕਰਦੇ ,ਖੁਸ਼ੀਆਂ ਮਨਾਉਂਦੇ ਨੰਗ-ਧੜੰਗੇ ਬੱਚੇ ਉੱਛਲਦੇ ਕੁੱਦਦੇ ਹਨ,ਗਾਉਂਦੇ ਹਨ,ਖੁਸ਼ੀਆਂ ਮਾਣਦੇ ਹਨ:
ਕਾਲੀਆਂ ਇੱਟਾਂ ਕਾਲੇ ਰੋੜ,ਮੀਂਹ ਵਸਾ ਦੇ ਜ਼ੋਰੋ ਜ਼ੋਰ
ਰੱਬਾ-ਰੱਬਾ ਮੀਂਹ ਵਸਾ ,ਸਾਡੀ ਕੋਠੀ ਦਾਣੇ ਪਾ ।
ਸਾਰੀਆਂ ਰੁੱਤਾਂ ਦਾ ਸਿਰਤਾਜ, ਸਭ ਦੇ ਕਲੇਜੇ ਠੰਢ ਪਾਉਣ ਵਾਲਾ ਸਾਉਣ ਦਾ ਮਹੀਨਾ ਸਵਾਦਲੇ, ਵੰਨ ਸੁਵੰਨੇ ਪਕਵਾਨ ਬਣਾਉਣ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਮਾਲ੍ਹ ਪੂੜੇ, ਖੀਰਾਂ, ਪਕੌੜੇ, ਹਲਵੇ ਅਤੇ ਹੋਰ ਭਾਂਤ ਸੁਭਾਂਤੇ ਪਕਵਾਨ ਲੋਕਾਂ ਦੀਆਂ ਖੁਸ਼ੀਆਂ ਤੇ ਚਾਵਾਂ ਵਿਚ ਵਾਧਾ ਕਰਦੇ ਹਨ। ਇਸ ਮਹੀਨੇ ਦੇ ਰੰਗ ਹੀ ਨਿਰਾਲੇ ਹਨ।
ਆਲਮੀ ਤਪਸ਼ ਨੇ ,ਧਰਤੀ ਦੇ ਵਧਦੇ ਤਾਪਮਾਨ ਨੇ, ਰੁੱਖਾਂ ਦੀ ਬੇਤਹਾਸ਼ਾ ਤੇ ਬੇਰਹਿਮੀ ਨਾਲ ਕੀਤੀ ਜਾਂਦੀ ਕਟਾਈ ਨੇ ਮੌਸਮਾਂ ਤੇ ਰੁੱਤਾਂ ਦੇ ਮਿਜਾਜ਼ ਹੀ ਬਦਲ ਦਿੱਤੇ ਹਨ। ਹੁਣ ਕਈ ਵਾਰ ਜੂਨ ਮਹੀਨੇ ਵਿਚ ਹੀ ਭਰਪੂਰ ਮੀਂਹ ਪੈ ਜਾਂਦੇ ਹਨ। ਸਾਉਣ ਮਹੀਨਾ ਕਈ ਵਾਰ ਸੁੱਕਾ ਲੰਘ ਜਾਂਦਾ ਹੈ। ਕਈ ਵਾਰ ਸਤੰਬਰ ਦੇ ਮਹੀਨੇ ਵਿਚ ਪੈਣ ਵਾਲੇ ਮੀਂਹ ਕਾਰਨ ਹੜ੍ਹਾਂ ਵਾਲੀ ਸਥਿਤੀ ਬਣ ਜਾਂਦੀ ਹੈ। ਸਾਉਣ ਮਹੀਨੇ ਵਿਚ ਕਈ ਵਾਰ ਪਿਆਸੀ ਧਰਤੀ ਮੀਂਹ ਲਈ ਤਰਸਦੀ ਰਹਿ ਜਾਂਦੀ ਹੈ।ਕੱਚਿਆਂ ਕੋਠਿਆਂ ਵਿਚ ਰਹਿਣ ਵਾਲਿਆਂ ਵਾਸਤੇ ਕਈ ਵਾਰ ਸਾਉਣ ਦਾ ਮਹੀਨਾ ਮੁਸੀਬਤ ਬਣ ਕੇ ਆਉਂਦਾ ਹੈ। ਕਈ ਥਾਈਂ ਆ ਜਾਣ ਵਾਲੇ ਹੜ੍ਹ ਇਸ ਮਹੀਨੇ ਦਾ ਮਜ਼ਾ ਕਿਰਕਿਰਾ ਕਰ ਦਿੰਦੇ ਹਨ। ਫਿਰ ਵੀ ਸਾਉਣ ਮਹੀਨੇ ਦੇ ਆਉਣ ਦੀ ਉਡੀਕ ਬਣੀ ਰਹਿੰਦੀ ਹੈ।ਸਾਧਾਰਨ ਵਿਅਕਤੀ, ਵਿਆਹੀਆਂ-ਅਣਵਿਆਹੀਆਂ ਸਖੀਆਂ-ਸਹੇਲੀਆਂ, ਕਿਸਾਨ, ਬਨਸਪਤੀ, ਪਸ਼ੂ-ਪੰਛੀ ਆਦਿ ਵੀ ਮੀਂਹ ਪੈਣ ਵਾਲੇ ਇਸ ਸਮੇਂ (ਮਹੀਨੇ) ਦੀ ਬੜੀ ਬੇਸਬਰੀ ਤੇ ਉਤਸੁਕਤਾ ਨਾਲ ਉਡੀਕ ਕਰ ਰਹੇ ਹੁੰਦੇ ਹਨ। ਮੌਸਮ ਦੀਆਂ ਹਾਲਤਾਂ ਬਦਲ ਜਾਣ ਦੇ ਬਾਵਜੂਦ ਵੀ ਸਾਉਣ ਦੇ ਮਹੀਨੇ ਦਾ ਮਹੱਤਵ ਕਿਸੇ ਨਾ ਕਿਸੇ ਰੂਪ ਵਿਚ ਬਣਿਆ ਚਲਿਆ ਆ ਰਿਹਾ ਹੈ।
*****
                              185 – ਵਸੰਤ ਵਿਹਾਰ ,
         ਡੀ.ਸੀ. ਰੈਜ਼ੀਡੈਂਸ ਰੋਡ, ਹੁਸ਼ਿਆਰਪੁਰ – 146 001.
                                ਮੋਬ. 98885 – 10185.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article22 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਬਹੁਜਨ ਸਮਾਜ ਪਾਰਟੀ ਜਲੰਧਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਸਾਹਮਣੇ ਹੋਣ ਜਾ ਰਹੇ ਪ੍ਰਦਰਸ਼ਨ
Next articleਕਨਿਸ਼ ਹਸਪਤਾਲ ਅੱਪਰਾ ਵਿਖੇ ਲਾਇਨ ਐੱਸ. ਐੱਮ. ਸਿੰਘ ਦਾ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ