(ਸਮਾਜ ਵੀਕਲੀ)-ਅੱਜ-ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਖਾਸ ਤੌਰ ’ਤੇ ਪੰਜਾਬ ਤੇ ਹਰਿਆਣਾ ਵਿੱਚ ਧਰਤੀ ਹੇਠਲੇ ਪਾਣੀ ਨੂੰ ਝੋਨਾ ਲਾਉਣ ਲਈ ਬੜੀ ਤੇਜੀ ਨਾਲ ਵਰਤਿਆ ਜਾ ਰਿਹਾ ਹੈ। ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਜੋ ਕਿ ਮਨੁੱਖਤਾ ਲਈ ਚਿੰਤਾ ਦਾ ਵਿਸ਼ਾ ਹੈ। ਸੰਸਾਰ ਦੇ ਵੱਖ-ਵੱਖ ਹਿੱਸਿਆਂ ਤੋਂ ਸਾਨੂੰ ਰੋਜ਼ਾਨਾ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਵੱਡੇ-ਵੱਡੇ ਮਹਾਂਨਗਰਾਂ ਵਿਚ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਸਹਿਜੇ ਨਹੀਂ ਮਿਲ ਰਿਹਾ।
ਇਹ ਪਾਣੀ ਦਾ ਸੰਕਟ ਨਹੀਂ ਤਾਂ ਹੋਰ ਕੀ ਹੈ? ਇਹ ਸਥਿਤੀ ਅਸੀਂ ਖੁਦ ਪੈਦਾ ਕੀਤੀ ਹੈ। ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਪੰਜਾਬ, ਹਰਿਆਣਾ ਵਿੱਚ ਪਾਣੀ ਦੇ ਘਟਦੇ ਪੱਧਰ ਕਾਰਨ ਚਿੰਤਾ ਦੇ ਬੱਦਲ ਮੰਡਰਾ ਰਹੇ ਹਨ। ਇਹ ਵਾਸਤਵਿਕਤਾ ਕਿਸੇ ਤੋਂ ਵੀ ਲੁਕੀ ਨਹੀਂ। ਭਵਿੱਖ ਵਿੱਚ ਇਹ ਦੋਵੇਂ ਰਾਜ ਆਪਣੀ ਖੁਸ਼ਹਾਲੀ ਬਰਕਰਾਰ ਰੱਖਣਗੇ ਇਸ ਦੀ ਗਰੰਟੀ ਕਿਸੇ ਕੋਲ ਨਹੀਂ। ਪਾਣੀ ਦੀ ਚਿੰਤਾ ਸਭ ਨੂੰ ਹੈ ਪਰ ਇਸ ਗੱਲ ਦੀ ਚਿੰਤਾ ਕੋਈ ਨਹੀਂ ਕਰਦਾ ਕਿ ਇਸ ਨੂੰ ਅਸੀਂ ਸੁਰੱਖਿਅਤ ਕਿਵੇਂ ਰੱਖਣਾ ਹੈ।
ਅਸੀਂ ਸਰਕਾਰਾਂ ਦੇ ਭਰੋਸੇ ’ਤੇ ਹਾਂ। ਪਰ ਜੋ ਅੱਜ ਤੱਕ ਸਰਕਾਰਾਂ ਨੇ ਪਾਣੀ ਨੂੰ ਬਚਾਉਣ ਲਈ ਮੁਹਿੰਮਾਂ ਉਲੀਕੀਆਂ ਹਨ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹਨਾਂ ਤੋਂ ਕੋਈ ਵੀ ਸੰਤੁਸ਼ਟ ਨਹੀਂ। ਪਾਣੀ ਸਾਨੂੰ ਕੁਦਰਤ ਵੱਲੋਂ ਮਿਲੀ ਅਨਮੋਲ ਦਾਤ ਹੈ ਜਿਸ ਨੂੰ ਸੁਰੱਖਿਅਤ ਰੱਖਣਾ ਵੀ ਸਾਡਾ ਪਹਿਲਾ ਫ਼ਰਜ ਤੇ ਕਰਤੱਵ ਹੈ। ਅੱਜ ਸਾਡੇ ਸਾਹਮਣੇ ਧਰਤੀ ਵਿਚਲੇ ਪਾਣੀ ਦੇ ਲਗਾਤਾਰ ਘਟ ਰਹੇ ਪੱਧਰ ਦੀ ਚਿੰਤਾ ਤੇ ਮੰਥਨ ਕਰਨਾ ਇੱਕ ਅਹਿਮ ਤੇ ਮਹਤੱਵਪੂਰਨ ਵਿਸ਼ਾ ਹੈ। ਜਿਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਝੋਨੇ ਦੀ ਫਸਲ ਕਾਰਨ ਅਸੀਂ ਵੱਡੀ ਮਾਤਰਾ ਵਿਚ ਪਾਣੀ ਕੱਢ ਰਹੇ ਹਾਂ ਜਿਸਦਾ ਮੁੱਖ ਮਕਸਦ ਸਾਡਾ ਉਸ ਫਸਲ ’ਚੋਂ ਵੱਧ ਮੁਨਾਫਾ ਕਮਾਉਣਾ ਹੈ ਨਾ ਕਿ ਭੋਜਨ ਲਈ ਫਸਲ ਉਗਾਉਣਾ।
ਇਸ ਗੱਲ ’ਤੇ ਧਿਆਨ ਬਹੁਤ ਥੋੜ੍ਹੇ ਲੋਕਾਂ ਦਾ ਹੈ ਕਿ ਜੀਵਨ ਲਈ ਪਾਣੀ ਸਾਡੇ ਲਈ ਅਤਿ ਮੁੱਲਵਾਨ ਹੈ। ਫਸਲ ਦੇ ਬਦਲਵੇਂ ਰੂਪ ਹਨ ਜਿਨ੍ਹਾਂ ਨੂੰ ਸਹਿਜੇ ਹੀ ਅਪਣਾਇਆ ਜਾ ਸਕਦਾ ਹੈ ਪਰ ਇੱਥੇ ਸਰਕਾਰ ਦੀ ਭਰੋਸੇਯੋਗਤਾ ਤੇ ਉਸ ਵੱਲੋਂ ਮੁਹੱਈਆ ਕਰਵਾਏ ਜਾਂਦੇ ਸਾਧਨਾਂ ’ਤੇ ਸਵਾਲ ਉੱਠਦੇ ਰਹੇ ਹਨ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਪਾਣੀ ਬਚਾਉਣ ਲਈ ਸਰਕਾਰ ਨੇ ਕੋਈ ਉਚਿਤ ਪ੍ਰਬੰਧ ਕੀਤਾ ਹੈ। ਫਸਲੀ ਵਿਭਿੰਨਤਾ ਸਿਰਫ ਭਾਸ਼ਣਾਂ, ਸੈਮੀਨਾਰਾਂ ਤੇ ਕਾਗਜੀ ਕਾਰਵਾਈ ਤੱਕ ਹੀ ਸੀਮਤ ਰਹਿ ਗਈ ਹੈ।
ਵਰਤਮਾਨ ਮੰਗ ਕਰ ਰਿਹਾ ਹੈ ਕਿ ਪਾਣੀ ਨੂੰ ਬਚਾਉਣ ਲਈ ਇੱਕ ਵੱਡੀ ਤੇ ਸਾਰਥਿਕ ਮੁਹਿੰਮ ਚੱਲੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਲਈ ਇੱਕ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਵੇ। ਇਸ ਪ੍ਰਕਾਰ ਦੀ ਫਸਲ ਨੂੰ ਉਨ੍ਹਾਂ ਰਾਜਾਂ ਵਿਚ ਉਗਾਉਣ ਦੀ ਇਜਾਜਤ ਹੋਵੇ ਜਿੱਥੇ ਬਰਸਾਤ ਜਿਆਦਾ ਹੁੰਦੀ ਹੈ। ਖਾਸ ਕਰਕੇ ਪੰਜਾਬ, ਹਰਿਆਣੇ ਨੂੰ ਫ਼ਸਲੀ ਚੱਕਰ ਹੇਠ ਲਿਆਂਦਾ ਜਾਣਾ ਚਾਹੀਦਾ ਹੈ। ਕਦਮ ਤਾਂ ਇੱਕ ਨਾ ਇੱਕ ਦਿਨ ਉਠਾਉਣਾ ਪਵੇਗਾ ਫਿਰ ਹੀ ਅਸੀਂ ਵਡਮੁੱਲੀ ਦਾਤ ਨੂੰ ਸੁਰੱਖਿਅਤ ਰੱਖ ਸਕਾਂਗੇ। ਜਿਸ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲੀ ਦਾ ਜੀਵਨ ਜੀ ਸਕਣਗੀਆਂ।
ਮਾਸਟਰ ਪ੍ਰੇਮ ਸਰੂਪ ਛਾਜਲੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly