ਬੇਟੀ ਬਚਾਓ ਬੇਟੀ ਪੜ੍ਹਾਓ

ਸ਼ਿੰਦਾ ਬਾਈ
(ਸਮਾਜ ਵੀਕਲੀ)  –ਹੋਇਆ ਇੰਜ ਕਿ ਇੱਕ ਮੰਤਰੀ ਜੀ ਸਰਕਾਰੀ ਹਸਪਤਾਲ ਪਹੁੰਚੇ।
ਉਹਨਾਂ ਕੁੱਝ ਜਾਣਕਾਰੀ ਲੈਣੀ ਸੀ।ਬੜੇ ਰੋਬ੍ਹ ਵਿੱਚ ਚੱਲਕੇ ਰਿਸੈਪਸ਼ਨ ਤੇ ਗਏ ਅਤੇ ਡਿਊਟੀ ਤੇ ਹਾਜ਼ਿਰ ਸਟਾਫ਼ ਨਰਸ ਤੋਂ ਲੋੜੀਂਦੀ ਜਾਣਕਾਰੀ ਮੰਗੀ।
ਨਰਸ ਨੇ ਮੰਤਰੀ ਜੀ ਵੱਲੋਂ ਮੰਗੀ ਗਈ ਪੂਰੀ ਜਾਣਕਾਰੀ ਉਹਨਾਂ ਨੂੰ ਮੁਹਈਆ ਕਰਵਾਈ, ਪਰ ਕਿਸੇ ਅਣਜਾਣ ਮਾਨਸਿਕ ਜਾਂ ਸ਼ਰੀਰਕ ਪ੍ਰੇਸ਼ਾਨੀ ਜਾਂ ਸ਼ਾਇਦ ਕੰਮ ਦੇ ਦਬਾਅ ਕਾਰਣ ਇੱਕ ਗੰਭੀਰ ਗ਼ਲਤੀ ਕਰ ਬੈਠੀ
‘ ਮੰਤਰੀ ਜੀ ਦਾ ਸਵਾਗਤ ਉਸਨੇ ਖੜ੍ਹੀ ਹੋ ਕੇ ਨਹੀਂ ਕੀਤਾ ਸੀ ਨਤੀਜਾ ?
ਮੰਤਰੀ ਜੀ ਗੁੱਸੇ ਹੋ ਗਏ। ਉਹਨਾਂ ਦਾ ਰਾਜ ਹੋਵੇ ਅਤੇ  ‘ ਸਗਲ ਤਾੜਨਾ ਦੇ ਅਧਿਕਾਰੀ ‘ ਅਜਿਹੀ ਉਦੰਡਤਾ ਕਰਨ ?
ਗੱਲ ਨਾਕਾਬਲੇ ਬਰਦਾਸ਼ਤ ਸੀ। ਨਰਸ ਨੇ ਗ਼ਲਤੀ ਨਹੀਂ ਗੰਭੀਰ ਅਪਰਾਧ ਕੀਤਾ ਸੀ।
ਮੰਤਰੀ ਜੀ ਦਾ ਹਾਰਟ ਹਰਟ ਹੋ ਗਿਆ ਸੀ। ਅਪਰਾਧ ਵੀ ਵੱਡਾ ਸੀ। ਮੰਤਰੀ ਜੀ ਦੇ ਮੂਹਰੇ ਕੁਰਸੀ ਤੇ ਬੈਠੀ ਰਹੀ ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ। ਸਜ਼ਾ ਤਾਂ ਬਣਦੀ ਸੀ ?
ਮੰਤਰੀ ਜੀ ਪੂਰੇ ਤਿੰਨ ਘੰਟੇ ਹਸਪਤਾਲ ਵਿੱਚ ਰਹੇ ਜਦਕਿ ਹਸਪਤਾਲ ਵਿੱਚ ਕੰਮ ਉਹਨਾਂ ਦਾ ਤਿੰਨ ਮਿੰਟ ਦਾ ਹੀ ਸੀ। ਪਰ ਸਰਕਾਰ ਵਿੱਚ ਮੰਤਰੀ ਨੇ ਜੇ ਆਪਣੀ ਹਰਟ ਹੋਈ ਈਗੋ ਦਾ ਮਜ਼ਾ ਹੀ ਨਾ ਚਖਾਇਆ ਤਾਂ ਅਜਿਹੇ ਮੰਤਰੀਪਦ ਨੂੰ ਰਗੜ੍ਹ ਕੇ ਕਿਸੇ ਨੇ ਫੋੜੇ ਤੇ ਲਾਉਣੈ ?
ਰਾਤ ਨੂੰ ਹੀ ਸੀ• ਐਮ• ਓ• ਅਤੇ ਸੀ• ਐਮ• ਐਸ• ਸੀ ਲੰਬੀ ਕਲਾਸ ਲੱਗੀ। ਸਬਨੇ ਮੰਤਰੀ ਜੀ ਤੋਂ ਗਿੜਗਿੜਾ ਕੇ ਮੁਆਫ਼ੀ ਮੰਗੀ।ਪਰ ਮੰਤਰੀ ਜੀ ਹਰਟ ਹੋ ਕੇ ਤਪੇ ਹੋਏ ਸਨ।ਇੱਕਦੰਮ ਅੱਗ ਦਾ ਭਭੂਕਾ। ਨਤੀਜਾ?
ਰਾਤੋ ਰਾਤ ਫ਼ੈਸਲਾ ਹੋਇਆ !
ਬੇਸ਼ਊਰ ਨਰਸ ਦੀ ਸੋਲਰੀ ਰੋਕ ਦਿੱਤੀ ਗਈ। ਉਸਦੀ ਬਦਲੀ ਕਿਸੇ ਦੂਰਦਰਾਜ਼ ਦੇ ਸਰਕਾਰੀ ਹਸਪਤਾਲ ਵਿੱਚ ਕਰ ਦਿੱਤੀ ਗਈ। ਇੱਥੇ ਹੀ ਬਸ ਨਹੀਂ ਹੋਈ। ਨੌਕਰੀ ਵਿੱਚ ਨਖ਼ਰਾ ਕਰਨ ਵਾਲ਼ੀ ਨਰਸ ਨੂੰ ਨੌਕਰੀ ਖ਼ਤਮ ਕਰਨ ਦੀ ਚਿੱਠੀ ਵੀ ਭੇਜ ਦਿੱਤੀ ਗਈ।ਆਖ਼ਰ ਸੰਗੀਨ ਅਪਰਾਧ ਕੀਤਾ ਸੀ।
ਐਨਾ ਕੁੱਝ ਕਰਕੇ ਮੰਤਰੀ ਜੀ ਨੂੰ ਫੀਲ ਗੁੱਡ ਹੋਇਆ। ਇਸ ਤੋਂ ਘੱਟ ਉਹ ਕਿੰਵੇਂ ਬਰਦਾਸ਼ਤ ਕਰਦੇ।ਪਿਛਲੇ ਨੌਂ ਸਾਲ ਤੋਂ ਅਜ਼ਾਦ ਹੋਏ ਦੇਸ਼ ਦੇ ਉਹ ਮਾਣਯੋਗ ਮੰਤਰੀ ਸਨ। ਅੰਮ੍ਰਿਤ ਕਾਲ ਦੀ ਏਹੀ ਪਰਿਭਾਸ਼ਾ ਹੈ।
ਹੁਣ ਮੰਤਰੀ ਜੀ ਖੁਸ਼ ਸਨ ਅਤੇ ਮੀਟਿੰਗ ਬਰਖ਼ਾਸਤ ਕਰਕੇ ਆਪਣੀ ਮਨਮੋਹਣੀ ਮੁਸਕਾਨ ਨਾਲ਼ ਸਾਰੇ ਹਾਜ਼ਰ ਸਟਾਫ਼ ਦਾ ਅਭਿਵਾਦਨ ਮੰਨਦੇ ਹੋਏ ਘਰ ਨੂੰ ਚਲੇ ਗਏ। ਸੂਲ਼ੀ ਉੱਤੇ ਟੰਗੇ ਸਾਰੇ ਸਟਾਫ਼ ਨੇ ਸੁੱਖ ਦਾ ਸਾਹ ਲਿਆ।
ਸ਼ਿੰਦਾ ਬਾਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article* ਮਾਪਿਆਂ ਦੀ ਸਵਰਗ ਵਿੱਚ ਸੇਵਾ *
Next articleਪਰਿਵਾਰ ਵਿੱਚ ਮਰਦ ਦੀ ਹਸਤੀ-