
ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸਤਾਈਆਂ ਦੇ ਜੋੜ ਮੇਲੇ ਸਬੰਧੀ ਤਿਆਰੀਆਂ ਜ਼ੋਰਾਂ ਤੇ -ਬਾਬਾ ਹਰਜੀਤ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸੂਰਬੀਰ ਯੋਧੇ ਸੰਤ ਸਿਪਾਹੀ, ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੌਜੂਦਾ ਮੁਖੀ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਤੇ ਦੇਖ ਰੇਖ ‘ਚ 2 ਦਿਨਾਂ ( 8 ਤੇ 9 ਮਈ ) ਮਹਾਨ ਸ਼ਹੀਦੀ ਸਮਾਗਮ ਤੇ ਜੋੜ ਮੇਲਾ (ਸਤਾਈਆਂ ) ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ। 5 ਮਈ ਤੋਂ 11 ਮਈ ਤੱਕ ਚੱਲਣ ਵਾਲੇ ਗੁਰਮਤਿ ਸਮਾਗਮਾਂ ਦੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਨੂੰ ਸਬੰਧਿਤ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 5 ਮਈ ਤੋਂ 7 ਮਈ , 7 ਤੋਂ 9 ਮਈ ਤੇ 9 ਮਈ ਤੋਂ 11 ਮਈ ਨੂੰ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ 8 ਮਈ (26 ਵੈਸਾਖ ) ਦੀ ਰਾਤ ਨੂੰ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਢਾਡੀ, ਕਥਾਵਾਚਕ,ਰਾਗੀ ਗੁਰਬਾਣੀ ਦਾ ਕੀਰਤਨ ਕਰਨਗੇ ਤੇ ਹੋਰ ਕਥਾ ਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਵਿਚਾਰ ਰਾਹੀਂ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਜੀਵਨ ਇਤਿਹਾਸ ਤੇ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨਗੇ।ਇਸੇ ਤਰ੍ਹਾਂ 9 ਮਈ (27 ਵੈਸਾਖ ) ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੁੰਦਰ ਦੀਵਾਨ ਸਜਣਗੇ ਜਿਸ ਵਿਚ ਰਾਗੀ, ਢਾਡੀ, ਕਥਾ ਵਾਚਕ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ । ਇਹਨਾਂ ਸਮਾਗਮਾਂ ਸਮੇਂ ਸਮੂਹ ਸੰਤ ਮਹਾਂਪੁਰਸ਼ ਤੇ ਹੋਰ ਵਿਦਵਾਨ ਸਿੱਖ ਹਸਤੀਆਂ ਵੀ ਹਾਜਰੀ ਭਰਨਗੀਆਂ । ਇਸ ਸਮੇਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲੇ ‘ਚ ਪੁੱਜੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਦੀ ਸੇਵਾ ਸਮੁੱਚੇ ਸਮਾਗਮਾਂ ਦੌਰਾਨ ਨਿਰੰਤਰ ਨਿਭਾਈ ਜਾਵੇਗੀ । ਇੰਨਾ ਸਮਾਗਮਾਂ ਪ੍ਰਤੀ ਦੇਸ਼ ਵਿਦੇਸ਼ ਤੇ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗੁਰੂ ਘਰ ਵਿਖੇ ਨਿਰੰਤਰ ਸੇਵਾਵਾਂ ਚੱਲ ਰਹੀਆਂ ਹਨ। ਸਮਾਗਮ ਦੌਰਾਨ ਇਲਾਕੇ ਭਰ ਦੀਆਂ ਸੰਗਤਾਂ ਤੇ ਹੋਰ ਸੇਵਾ ਸੁਸਾਇਟੀਆਂ ਵੀ ਸਮਾਗਮਾਂ ਦੌਰਾਨ ਸੇਵਾ ਦੇ ਕਾਰਜ ਨਿਭਾਉਣਗੀਆਂ । ਇਸ ਮੌਕੇ ਖਾਲਸਾ ਮਾਰਬਲ ਦੇ ਭਾਈ ਪਰਮਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਖਾਲਸਾ ,ਸੁਖਬੀਰ ਸਿੰਘ ਝੰਡ, ਦਿਲਮੋਹਿਤ ਸਿੰਘ ਖਾਲਸਾ,ਭਾਈ ਸਤਿੰਦਰਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਭਾਈ ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਸ਼ੇਰਾ ਦਰੀਏਵਾਲ, ਭਾਈ ਬਚਿੱਤਰ ਸਿੰਘ ਆਦਿ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

