(ਸਮਾਜ ਵੀਕਲੀ)
ਕਬੱਡੀ ਸਰਕਲ ਸਟਾਈਲ ਪੰਜਾਬ ਦੇ ਲੋਕਾਂ ਦੇ ਖੂਨ ਚ ਰਚੀ ਖੇਡ ਹੈ ।ਅੱਜ ਦੇਸ਼ ਵਿਦੇਸ਼ ਵਿੱਚ ਕਬੱਡੀ ਦੇ ਵੱਡੇ ਵੱਡੇ ਟੂਰਨਾਮੈਂਟ ਹੋ ਰਹੇ ਹਨ ।ਜਿੱਥੇ ਕਬੱਡੀ ਖਿਡਾਰੀਆਂ ਦੇ ਨਾਲ ਨਾਲ ਕੁਮੈਂਟਰੀ ਕਰਨ ਵਾਲੇ ਨੌਜਵਾਨਾਂ ਨੂੰਵੀ ਮੌਕਾ ਦਿੱਤਾ ਜਾ ਰਿਹਾ ਹੈ । ਜੋ ਕਿ ਬਹੁਤ ਹੀ ਚੰਗੀ ਗੱਲ ਹੈ ।ਪੰਜਾਬ ਦੇ ਖੇਡ ਮੇਲਿਆਂ ਤੇ ਤੁਸੀਂ ਅਕਸਰ ਨਵੇਂ ਨਵੇਂ ਬੁਲਾਰਿਆਂ ਨੂੰ ਕਬੱਡੀ ਮੈਚਾਂ ਤੇ ਬੋਲਦੇ ਸੁਣਦੇ ਹੋ । ਪਰ ਕਬੱਡੀ ਖੇਡ ਦੀ ਜਾਣਕਾਰੀ ਨਾਲ ਭਰਪੂਰ ਖੇਡ ਜਗਤ ਦੇ ਇਨਸਕਲੋਪੀਡੀਆ ਦੇ ਤੌਰ ਤੇ ਜਾਣੇ ਜਾਂਦੇ ਬੁਲਾਰੇ ਸਤਪਾਲ ਮਾਹੀ ਖਡਿਆਲ ਦੀ ਗੱਲ ਵੱਖਰੀ ਹੈ ।ਕਬੱਡੀ ਖੇਡ ਮੇਲਿਆ ਤੇ ਉਸਨੂੰ ਮਾਹੀ ਖਡਿਆਲ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।ਕਬੱਡੀ ਦੇ ਪੁਰਾਣੇ ਖਿਡਾਰੀਆਂ ਦੇ ਨਾਲ ਨਾਲ ਪੁਰਾਤਨ ਸ਼ਾਇਰਾ ਦੇ ਬੋਲ ਉਸਦੀ ਕੁਮੈਂਟਰੀ ਦਾ ਹਿੱਸਾ ਹਨ ।
ਕਬੱਡੀ ਜਗਤ ਵਿੱਚ ਪਿਛਲੇ ਪੰਝੀ ਸਾਲਾਂ ਤੋਂ ਆਪਣੀ ਕੁਮੈਂਟਰੀ ਕਲਾ ਨਾਲ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਖਡਿਆਲ ਨੇ ਬਹੁਤ ਸਾਰੇ ਉਤਰਾਅ ਚੜਾਅ ਵੀ ਵੇਖੇ ਹਨ । ਉਸਦਾ ਜੀਵਨ ਅੱਜ ਵੀ ਬਹੁਤ ਹੀ ਸਾਦਾ ਅਤੇ ਸਾਧਾਰਣ ਹੈ । ਅੱਤ ਦੀ ਗਰੀਬੀ ਵਿੱਚ ਪੈਦਾ ਹੋਏ ਖਡਿਆਲ ਨੇ ਕਬੱਡੀ ਜਗਤ ਦੀਆਂ ਬੁਲੰਦੀਆਂ ਤੇ ਪਹੁੰਚ ਕੇ ਵੀ ਕਦੇ ਆਪਣੇ ਜਮੀਰ ਦਾ ਸਸਤਾ ਸੌਦਾ ਨਹੀਂ ਕੀਤਾ । ਉਸਨੂੰ ਰਾਜਨੀਤਿਕ,ਸਮਾਜਿਕ,ਧਾਰਮਿਕ ਪ੍ਰਸਥਿਤੀਆ ਦੀ ਸੂਝ ਹੈ ,ਜਿਸ ਬਾਰੇ ਉਹ ਬੜੀ ਬੇਬਾਕੀ ਨਾਲ ਬੋਲਦਾ ਹੈ ।ਉਹ ਚੰਗਾ ਬੁਲਾਰਾ,ਲੇਖਕ,ਗੀਤਕਾਰ ਵੀ ਹੈ। ਕਬੱਡੀ ਦੇ ਮੌਜੂਦਾ ਹਲਾਤਾਂ ਬਾਰੇ ਉਸਦੀ ਸਮਝ ਬਾ ਕਮਾਲ ਹੈ । ਗਿਆਨ ਦੇ ਬਹੁਤ ਵੱਡੇ ਭੰਡਾਰ ਸਮਝੇ ਜਾਂਦੇ ਖਡਿਆਲ ਨੂੰ ਕਬੱਡੀ ਵਾਲਿਆ ਨੇ ਅਜੋਕੇ ਦੌਰ ਦੀ ਫੌਕੀ ਵਾਹ ਵਾਹ ਪਿੱਛੇ ਅਣਗੌਲਿਆ ਵੀ ਕੀਤਾ ਹੈ ।ਕਬੱਡੀ ਜਗਤ ਵਿੱਚ ਜੋ ਸਨਮਾਨ ਉਸਨੂੰ ਮਿਲਣਾ ਚਾਹੀਂਦਾ ਸੀ ਉਹ ਮਿਲ ਨਹੀਂ ਸਕਿਆ। ਲਗਪਗ ਵੀਹ ਸਾਲ ਦੀ ਪੈਦਲ ਯਾਤਰਾ ਤੋਂ ਬਾਅਦ ਉਸ ਨੂੰ ਸੈਂਟਰਵੈਲੀ ਕਲੱਬ ਅਮਰੀਕਾ ਨੇ ਆਲਟੋ ਕਾਰ ਨਾਲ ਸਨਮਾਨਿਆ।ਜੋ ਕਿ ਬਹੁਤ ਲੰਮੇ ਸਫਰ ਦੀ ਪੀੜਾਂ ਤੋਂ ਬਾਅਦ ਥੋੜੀ ਰਾਹਤ ਸੀ ।
ਜਿੰਦਗੀ ਦੇ ਵਧੇਰੇ ਸਾਲ ਉਸਨੇ ਤੁਰ ਕੇ ਜਾਂ ਬੱਸਾਂ ਚ ਬੇਅਰਾਮੀ ਚ ਗੁਜਾਰੇ ਹਨ ।ਜਿੰਦਗੀ ਦੀਆਂ ਔਕੜਾਂ ਨੇ ਉਸਨੂੰ ਅੱਗੇ ਵਧਣ ਲਈ ਹੋਰ ਪ੍ਰੇਰਿਤ ਕੀਤਾ ।ਉਹ ਪਹਿਲੇ ਵਿਸ਼ਵ ਕਬੱਡੀ ਕੱਪ 2010 -11 ਅਤੇ 2014-16 ਵਿੱਚ ਅਤੇ 2019 ਦੇ ਵਿਸ਼ਵ ਕਬੱਡੀ ਟੂਰਨਾਮੈਂਟ ਵਿੱਚ ਕੁਮੈਂਟਰੀ ਕਰ ਚੁੱਕਿਆ ਹੈ ।ਜਿਸ ਬਾਰੇ ਉਸਦਾ ਤਜੁਰਬਾ ਹੈ ਕਿ ਉਸ ਸਮੇਂ ਦੀ ਤਤਕਾਲੀ ਹਕੂਮਤ ਨੇ ਜਿੱਥੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦਿੱਤੇ ਉਹ ਕੁਮੈਂਟਟਰਾ ਅਤੇ ਰੈਫਰੀਆਂ ਦਾ ਕੌਡੀ ਮੁੱਲ ਨਹੀਂ ਪਾਇਆ ਜੋ ਕਿ ਗਰਾਊਂਡ ਦਾ ਧੁਰਾ ਮੰਨੇ ਜਾਂਦੇ ਹਨ । ਉਹ 2010-11 ਵਿੱਚ ਕੈਨੇਡਾ,2013 ਵਿੱਚ ਦੁਬਈ,2017-18 ਵਿੱਚ ਮਨੀਲਾ,2018 ਮਲੇਸੀਆ,2020 ਵਿੱਚ ਵਿਸ਼ਵ ਕੱਪ ਪਾਕਿਸਤਾਨ ਵਿੱਚ ਕੁਮੈਂਟਰੀ ਕਰ ਚੁੱਕਿਆ ਹੈ ।ਉਸਨੂੰ 2014,16 ਦੀ ਵਿਸ਼ਵ ਕਬੱਡੀ ਲੀਗ ਵਿੱਚ ਪੀਟੀਸੀ ਚੈਨਲ ਤੇ 2019 ਵਿੱਚ ਵੂਮੈਨ ਕਬੱਡੀ ਲੀਗ ਹਰਿਆਣਾ ਵਿੱਚ ਕੁਮੈਂਟਰੀ ਬੋਲਣ ਦਾ ਮਾਣ ਪ੍ਰਾਪਤ ਹੈ ।ਉਸ ਨੇ ਉਸਨੇ ਦੇਸ਼ ਵਿਦੇਸ਼ ਵਿੱਚ ਸੈਂਕੜੇ ਟੂਰਨਾਮੈਂਟ ਬੋਲੇ ਹਨ ।
ਜਿੱਥੇ ਲੋਕਾਂ ਨੇ ਉਹਨਾਂ ਨੂੰ ਸੁਣਿਆ ਹੈ । ਸਫਲਤਾ ਦੇ ਬਹੁਤ ਵੱਡੇ ਮੁਕਾਮ ਤੇ ਪਹੁੰਚ ਕੇ ਵੀ ਉਹ ਤੰਗੀਆ ਤੁਰਸੀਆ ਨਾਲ ਜੂਝਦਾ ਰਿਹਾ ਹੈ । ਉਸਨੂੰ ਲੋਕਾਂ ਵਾਂਗੂ ਮੰਗਣਾ ਨਹੀਂ ਆਉਂਦਾ । ਮੈਂ ਵੇਖਿਆ ਕਿ ਕਈ ਲੋਕ ਉਸ ਨੂੰ ਪਿਆਰ ਨਾਲ ਦੋ ਚਾਰ ਮਿੱਠੀਆ ਮਾਰ ਕੇ ਹੀ ਕੰਮ ਲੈ ਜਾਂਦੇ ਹਨ।ਉਸ ਨੇ ਕਿਸੇ ਟੂਰਨਾਮੈਂਟ ਕਮੇਟੀ ਨੂੰ ਨਾਰਾਜ ਤੇ ਨਿਰਾਸ਼ ਨਹੀਂ ਕੀਤਾ ।ਉਸ ਦੀ ਆੜ ਲੈ ਕੇ ਲੋਕ ਵੱਡੇ ਵੱਡੇ ਨਾਂ ਤੇ ਨਾਂਵੇ ਇੱਕਠੇ ਕਰ ਗਏ ਹਨ ।ਪਰ ਉਹ ਤਮਾਮ ਜਿੰਦਗੀ ਸਬਰਾਂ ਵਾਗੂ ਜਿਊਂਦਾ ਰਿਹਾ ਹੈ ।ਕਬੱਡੀ ਬਾਰੇ ਆਪਣੀ ਸਮਝ ਰੱਖਣ ਵਾਲੇ ਮਾਹੀ ਖਡਿਆਲ ਨੇ 2001 ਤੋਂ ਵੱਖ ਵੱਖ ਅਖਬਾਰਾਂ ਵਿੱਚ ਰੇਖਾ ਚਿੱਤਰ ਅਤੇ ਕਬੱਡੀ ਦੇ ਸੁਧਾਰਾਂ ਬਾਰੇ ਲਿਖਿਆ ਹੈ । ਜਿਸ ਨੂੰ ਪੰਜਾਬੀਆਂ ਨੇ ਬਹੁਤ ਤਵੱਜੋ ਦਿੱਤੀ ਹੈ । ਬਹੁਤ ਸੀਮਿਤ ਸਾਧਨਾ ਵਿੱਚ ਪੈਦਾ ਹੋਇਆ ਕਬੱਡੀ ਦਾ ਜਗਤ ਪ੍ਰਸਿੱਧ ਬੁਲਾਰਾ ਗਰੀਬੀ ਵਿੱਚ ਜੀਵਨ ਬਸਰ ਕਰ ਰਿਹਾ ਹੈ ।ਕਬੱਡੀ ਦੀ ਕੁਮੈਂਟਰੀ ਵਿੱਚ ਨਿਘਾਰ ਆਉਣ ਕਾਰਨ ਪੜੇ ਲਿਖੇ ਸੁਲਝੇ ਹੋਏ ਹੁੰਨਰਮੰਦ ਬੰਦਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ।ਜਿਸ ਨਾਲ ਕਬੱਡੀ ਸੁਣਨ ਵਾਲੇ ਦਰਸ਼ਕਾਂ ਦਾ ਦਾਇਰਾ ਘੱਟ ਰਿਹਾ ਹੈ ।
ਸ਼ੋਸਲ ਮੀਡੀਆ ਦੇ ਜੁੱਗ ਵਿੱਚ ਬੜਾ ਹਲਕਾ ਫੁਲਕਾ ਦਰਸ਼ਕਾਂ ਨੂੰ ਪਰੋਸਿਆ ਜਾ ਰਿਹਾ ਹੈ ।ਜਿਸ ਨਾਲ ਜਿੱਥੇ ਖੇਡ ਦਾ ਮਿਆਰ ਡਿੱਗ ਰਿਹਾ ਹੈ ਉੱਥੇ ਹੀ ਕਬੱਡੀ ਬੋਲਣ ਵਾਲਿਆ ਦੇ ਬੋਲਾਂ ਵਿੱਚ ਵੀ ਬਰਕਤ ਨਜਰ ਨਹੀਂ ਆ ਰਹੀ । ਕਬੱਡੀ ਦੀ ਕੁਮੈਂਟਰੀ ਵਿੱਚ ਪੰਜਾਬੀ ਸਾਹਿਤ ਦਾ ਰੁਝਾਨ ਖਤਮ ਹੋ ਰਿਹਾ ਹੈ । ਕੁੱਝ ਇੱਕ ਲੋਕਾਂ ਨੂੰ ਖੁਸ਼ ਕਰਨ ਲਈ ਰੋਲੇ ਰੱਪੇ ਤੇ ਸ਼ੋਰ ਸ਼ਰਾਬੇ ਦੀ ਕੁਮੈਂਟਰੀ ਸੁਣਨ ਨੂੰ ਮਿਲ ਰਹੀ ਹੈ ।ਜਿਸ ਤੋਂ ਕਬੱਡੀ ਦਰਸ਼ਕ ਵੀ ਪੀੜਤ ਵੀ ਹਨ । ਕਬੱਡੀ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਮਿਆਰੀ ਵਜਨਦਾਰ ਬੋਲਾਂ ਦੇ ਬੁਲਾਰਿਆ ਨੂੰ ਹੀ ਅੱਗੇ ਲੈ ਕੇ ਆਉਣ । ਸਤਪਾਲ ਖਡਿਆਲ ਕਬੱਡੀ ਦਾ ਦਹਾਕਿਆਂ ਬੱਧੀ ਸੇਵਾ ਕਰਨ ਵਾਲਾ ਸੱਚਾ ਸੁੱਚਾ ਬੁਲਾਰਾ ਹੈ ।ਉਸਨੇ ਆਪਣੇ ਪਿੰਡ ਖਡਿਆਲ ਜਿਲਾ ਸੰਗਰੂਰ ਅਤੇ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ ਹੈ।ਜਿਸ ਦੀ ਗਵਾਹੀ ਬੱਚਾ ਬੱਚਾ ਭਰਦਾ ਹੈ ।ਅੱਜ ਇਹੋ ਜਿਹੇ ਸ਼ਾਨਦਾਰ ਬੁਲਾਰੇ ਦੀ ਸਾਰ ਲੈਣਾ ਮੌਜੂਦਾ ਸਰਕਾਰ ਅਤੇ ਕਬੱਡੀ ਪ੍ਰਬੰਧਕਾਂ ਦੀ ਨੈਤਿਕ ਜੁੰਮੇਵਾਰੀ ਵੀ ਹੈ ।ਜਿਸ ਨੇ ਕਬੱਡੀ ਜਗਤ ਵਿੱਚ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ ।
ਉਹ ਕਬੱਡੀ ਜਗਤ ਵਿੱਚ ਇਸ ਤਰਾਂ੍ਹ ਅਮਿੱਟ ਪੈੜਾਂ ਪਾਵੇ ਸਾਡੀ ਦੁਆ ਹੈ ॥
ਲੇਖਕ
ਹਰਜਿੰਦਰ ਸਿੰਘ ਛਾਬੜਾ ਮਹਿਤਪੁਰ ( ਨਕੋਦਰ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly