ਪਿਸ਼ਾਵਰ (ਸਮਾਜ ਵੀਕਲੀ): ਪਾਕਿਸਤਾਨ ਦੇ ਉੱਤਰ-ਪੱਛਮ ਸ਼ਹਿਰ ਪਿਸ਼ਾਵਰ ’ਚ ਸਿੱਖ ਹਕੀਮ ਸਤਨਾਮ ਸਿੰਘ ਖਾਲਸਾ (45) ਦੇ ਕਾਤਲਾਂ ਦਾ ਅਜੇ ਤੱਕ ਪੁਲੀਸ ਕੋਈ ਪਤਾ ਨਹੀਂ ਲਗਾ ਸਕੀ ਹੈ। ਯੂਨਾਨੀ ਮੈਡੀਸਿਨ ਦੇ ਹਕੀਮ ਸਤਨਾਮ ਸਿੰਘ ਦੀ ਵੀਰਵਾਰ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਹੱਤਿਆ ਕਰ ਦਿੱਤੀ ਸੀ। ਉਂਜ ਇਸਲਾਮਿਕ ਸਟੇਟ ਖੁਰਾਸਾਨ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਕਬੂਲੀ ਹੈ। ਸਤਨਾਮ ਸਿੰਘ ਦੇ ਭਰਾ ਮਨਮੋਹਨ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਉਸ ਦੇ ਭਰਾ ਦੇ ਕਾਤਲਾਂ ਦਾ ਅਜੇ ਤੱਕ ਕੁਝ ਵੀ ਪਤਾ ਲਹੀਂ ਲੱਗਿਆ ਹੈ। ਉਸ ਨੇ ਕਿਹਾ,‘‘ਸਾਡੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਸੀ।’’ ਉਹ ਪੰਜ ਭਰਾ-ਭੈਣ ਹਨ ਅਤੇ ਪਿਛਲੇ 20 ਸਾਲ ਤੋਂ ਇਥੇ ਰਹਿ ਰਹੇ ਹਨ। ਸਤਨਾਮ ਸਿੰਘ ਦੇ ਪਰਿਵਾਰ ’ਚ ਪਤਨੀ, ਤਿੰਨ ਧੀਆਂ ਅਤੇ ਦੋ ਪੁੱਤਰ ਹਨ।
ਉਧਰ ਪਿਸ਼ਾਵਰ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਹ ਕਾਤਲਾਂ ਨੂੰ ਛੇਤੀ ਫੜ ਲੈਣਗੇ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਖ਼ੈਬਰ ਪਖ਼ਤੂਨਖਵਾ ਸਰਕਾਰ ਤੋਂ ਸਤਨਾਮ ਸਿੰਘ ਦੀ ਹੱਤਿਆ ਬਾਰੇ ਰਿਪੋਰਟ ਮੰਗੀ ਹੈ। ਖ਼ੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਸਤਨਾਮ ਸਿੰਘ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਾਤਲਾਂ ਨੂੰ ਤੁਰੰਤ ਫੜਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਾਲ 2018 ’ਚ ਚਰਨਜੀਤ ਸਿੰਘ ਦੀ ਪਿਸ਼ਾਵਰ ’ਚ ਹੱਤਿਆ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ 2020 ’ਚ ਨਿਊਜ਼ ਚੈਨਲ ਦੇ ਐਂਕਰ ਰਵਿੰਦਰ ਸਿੰਘ ਅਤੇ 2016 ’ਚ ਨੈਸ਼ਨਲ ਅਸੈਂਬਲੀ ਦੇ ਮੈਂਬਰ ਸੋਰੇਨ ਸਿੰਘ ਦੀ ਹੱਤਿਆ ਕੀਤੀ ਗਈ ਸੀ। ਕਰੀਬ 15 ਹਜ਼ਾਰ ਸਿੱਖ ਪਿਸ਼ਾਵਰ ਖਾਸ ਕਰਕੇ ਜੋਗਨ ਸ਼ਾਹ ’ਚ ਵਸਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly