- ਸਮਾਜ ਵੀਕਲੀ ਸਤੀਸ਼ ਅੱਜ ਵੀ ਸ਼ਰਾਬ ਪੀ ਕੇ ਆਇਆ ਤੇ ਘਰ ਆ ਕੇ ਚੁੱਪਚਾਪ ਸੌ ਗਿਆ। ਉਸਨੂੰ ਕੋਈ ਮਤਲਬ ਨਹੀਂ ਸੀ ਕਿ ਉਸਦੀ ਪਤਨੀ ਸੀਮਾ ਸਾਰੀ ਰਾਤ ਪਰੇਸ਼ਾਨ ਰਹੇਗੀ। ਉਸਦੇ ਬੱਚੇ ਅੱਜ ਵੀ ਭੁੱਖੇ ਢਿੱਡ ਹੀ ਸੌਣਗੇ।
ਦਰਅਸਲ ਸਤੀਸ਼ ਇੱਕ ਆਟੋ ਰਿਕਸ਼ਾ ਚਲਾਉਂਦਾ ਸੀ। ਜਿਸ ਦਿਨ ਉਸਦੀ ਕਮਾਈ ਚੰਗੀ ਹੁੰਦੀ ਉਸ ਦਿਨ ਉਸਦੇ ਪਰਿਵਾਰ ਨੂੰ ਭਰਪੇਟ ਖਾਣਾ ਮਿਲਦਾ ਤੇ ਜਿਸ ਦਿਨ ਉਸਦੀ ਕਮਾਈ ਘੱਟ ਹੁੰਦੀ ਉਸ ਦਿਨ ਉਸ ਦੀ ਪਤਨੀ ਤੇ ਬੱਚਿਆਂ ਨੂੰ ਭੁੱਖੇ ਪੇਟ ਜਾਂ ਘੱਟ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਪਰ ਇਨ੍ਹਾਂ ਦੋਹਾਂ ਹੀ ਹਾਲਾਤਾਂ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਸੀ ਤੇ ਉਹ ਸੀ ਸਤੀਸ਼ ਦਾ ਸ਼ਰਾਬ ਪੀਣਾ। ਸੀਮਾ ਉਸਦੇ ਇਸ ਪੀਣ ਦੀ ਆਦਤ ਤੋਂ ਬਹੁਤ ਪਰੇਸ਼ਾਨ ਹੁੰਦੀ ਤੇ ਅਕਸਰ ਪੁੱਛਦੀ ਕਿ ਬੱਚਿਆਂ ਨੂੰ ਭੁੱਖਿਆਂ ਰੱਖ ਕੇ ਉਸਨੂੰ ਪੀਣ ਦੀ ਕਿਉਂ ਪਈ ਰਹਿੰਦੀ ਹੈ। ਜੇ ਸ਼ਰਾਬ ਦੀ ਜਗ੍ਹਾ ਬੱਚਿਆਂ ਲਈ ਦੁੱਧ ਲੈ ਆਓ ਤਾਂ ਕੀ ਘੱਟ ਜਾਵੇਗਾ?
ਪਰ ਸਤੀਸ਼ ਦਾ ਇੱਕ ਹੀ ਉੱਤਰ ਹੁੰਦਾ ਕਿ ਪੀ ਕੇ ਜੋ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲਦੀ।
ਇੱਕ ਦਿਨ ਉਸਦਾ ਵੱਡਾ ਪੁੱਤਰ ਬਿਮਾਰ ਹੋ ਗਿਆ। ਇਲਾਜ਼ ਲਈ ਪੈਸੇ ਘੱਟ ਗਏ ਤੇ ਮੁੰਡੇ ਦੀ ਮੌਤ ਹੋ ਗਈ। ਪੁੱਤਰ ਦੇ ਗਮ ਵਿੱਚ ਸੀਮਾ ਬਿਮਾਰ ਹੋ ਗਈ ਤੇ ਹੌਲ਼ੀ-ਹੌਲ਼ੀ ਉਹ ਵੀ ਚਲ ਵਸੀ। ਇੱਕ ਧੀ ਬਚੀ ਸੀ, ਉਸਨੂੰ ਵੀ ਕੋਈ ਭਲੀ ਔਰਤ ਆਪਣੇ ਘਰ ਲੈ ਗਈ।ਇਸ ਤਰ੍ਹਾਂ ਸਾਰਾ ਘਰ ਖਾਲੀ ਹੋ ਗਿਆ। ਕੋਈ ਆਵਾਜ਼ ਨਹੀਂ ਸੀ।
ਸਤੀਸ਼ ਹੱਥ ਵਿੱਚ ਬੋਤਲ ਫੜੀ ਆ ਰਿਹਾ ਸੀ। ਮੰਜੇ ‘ਤੇ ਡਿੱਗਦਾ ਹੋਇਆ ਬੋਲਿਆ, ਵਾਹ! ਅੱਜ ਮਿਲੀ ਅਸਲੀ ਸਤੁੰਸ਼ਟੀ, ‘ਮਨ ਦੀ ਸਤੁੰਸ਼ਟੀ’, ਐਵੇਂ ਕਿੜ-ਕਿੜ ਕਰਦੇ ਰਹਿੰਦੇ ਸਨ ਸਾਰੇ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059