ਹਾਂਸ ਵਿਅੰਗ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਬੋਤਲ ਵਿੱਚ ਬੰਦ ਜ਼ਿੰਦਗੀ

(ਸਮਾਜ ਵੀਕਲੀ) ਬੋਤਲ ਦਾ ਸੁਣਦੇ ਹੀ ਆਮ ਆਦਮੀ ਇਸ ਲਈ ਚੌਕਸ ਹੋ ਜਾਂਦਾ ਹੈ ਕਿਉਂਕਿ ਹਾਲੇ ਤੱਕ ਤਾਂ ਬੋਤਲ ਦਾ ਨਾਂ ਸ਼ਰਾਬ ਦੀ ਬੋਤਲ ਦੇ ਨਾਲ ਹੀ ਸੁਣਿਆ ਅਤੇ ਸਮਝਿਆ ਜਾਂਦਾ ਹੈ। ਵਿਆਹ ਸ਼ਾਦੀਆਂ ਹੋਣ, ਕੋਈ ਸਮਾਰੋਹ  ਹੋਵੇ, ਗਮਗੀਨ ਮਾਹੌਲ ਹੋਵੇ, ਆਦਮੀ ਥੱਕਿਆ ਹੋਵੇ, ਪਰੇਸ਼ਾਨ ਹੋਵੇ ਬੋਤਲ (ਸ਼ਰਾਬ ਦੀ) ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਕੋਈ ਜਮਾਨਾ ਸੀ ਜਦੋਂ ਲੋਕ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀ ਬੋਤਲ ਲੁਕ ਛੁਪ ਕੇ ਆਪਣੇ ਨੇਫੇ ਵਿੱਚ ਲੁਕੋ ਕੇ ਲਿਆਇਆ ਕਰਦੇ ਸੀ, ਕੋਈ ਕੋਈ ਪੈਂਟ ਦੀ ਜੇਬ, ਸ਼ਾਲ ਯਾ ਕੰਬਲ ਵਿਚ ਲੁਕੋ ਕੇ ਲਿਆਇਆ ਕਰਦਾ ਸੀ। ਲੇਕਿਨ ਅੱਜ ਕੱਲ ਤਾਂ ਰਮ, ਬਰਾਂਡੀ, ਬੀਅਰ ਆਦਿ ਖੁੱਲਮ ਖੁੱਲਾ ਪੀਤੀਆਂ ਜਾ ਰਹੀਆਂ ਹਨ। ਕਈ ਹਿੰਮਤ ਵਾਲੇ ਬੋਤਲ ਦੇ ਮੂੰਹ ਨੂੰ ਮੂੰਹ ਲਗਾ ਕੇ ਨੀਟ ਹੀ ਤਦ ਤੱਕ ਪੀਣ ਤੋਂ ਨਹੀਂ ਹਟਦੇ ਜਦ ਤੱਕ ਬੋਤਲ ਮੁੱਕ ਨਹੀਂ ਜਾਂਦੀ। ਲੇਕਿਨ ਸਾਹਿਬ! ਇਹ ਸਾਰੀਆਂ ਗੱਲਾਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ। ਅੱਜ ਕੱਲ ਤਾਂ ਬੋਤਲ ਨੇ ਜ਼ਿੰਦਗੀ ਨੂੰ ਘੇਰ ਰੱਖਿਆ ਹੈ। ਜ਼ਿੰਦਗੀ ਦੀ ਸ਼ੁਰੂਆਤ ਅਤੇ ਜ਼ਿੰਦਗੀ ਦਾ ਅੰਤ ਬੋਤਲ ਦੇ ਨਾਲ ਹੀ ਹੁੰਦਾ ਹੈ। ਜਿਵੇਂ ਹੀ ਬੱਚਾ ਪੈਦਾ ਹੁੰਦਾ ਹੈ ਉਸ ਦਾ ਸਾਹਮਣਾ ਬੋਤਲ ਦੇ ਨਾਲ ਹੀ ਹੁੰਦਾ ਹੈ। ਅੱਜ ਕੱਲ ਦੀਆਂ ਫਿਗਰ ਕੋਨਸ਼ੀਅਸ ਸੁੰਦਰੀਆਂ ਜਾਂ ਤਾਂ ਬੱਚੇ ਪੈਦਾ ਹੀ ਨਹੀਂ ਕਰਨੀਆਂ ਚਾਹੁੰਦੀਆਂ ਅਤੇ ਜੇਕਰ ਉਹ ਬੱਚਾ ਪੈਦਾ ਕਰਨ ਦੀ ਮੁਸੀਬਤ ਵਿੱਚ ਫਸ ਵੀ ਜਾਣ ਤਾਂ ਉਹ ਬੱਚੇ ਦੇ ਮੂੰਹ ਨਾਲ ਬੋਤਲ ਲਾ ਦਿੰਦੀਆਂ ਹਨ ਇਸ ਨਾਲ ਬੱਚੇ ਦਾ ਪੇਟ ਵੀ ਭਰ ਜਾਂਦਾ ਹੈ ਅਤੇ ਉਹਨਾਂ ਦੀ ਸੋਹਣੀ ਫਿਗਰ ਤੇ ਵੀ ਕੋਈ ਬੁਰਾ ਅਸਰ ਨਹੀਂ ਪੈਂਦਾ। ਅੱਜ ਕੱਲ ਬਾਜ਼ਾਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਕਰਸ਼ਕ ਬੋਤਲਾਂ ਮਿਲਦੀਆਂ ਹਨ। ਬੱਚੇ ਦੀ ਬੋਝ ਚੁੱਕਣ ਦੀ ਸਮਰਥਾ ਅਤੇ ਬੋਤਲ ਦੀ ਸੁੰਦਰਤਾ ਨੂੰ ਦੇਖ ਕੇ ਜਿਆਦਾਤਰ ਮਾਂਵਾਂ ਬੱਚੇ ਦੇ ਸਕੂਲ ਬੈਗ ਵਿੱਚ ਪਾਣੀ ਦੀ ਬੋਤਲ ਵੀ ਰੱਖ ਦਿੰਦੀਆਂ ਹਨ। ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ,ਕਿਸੇ ਨੌਕਰੀ ਦੇ ਇੰਟਰਵਿਊ ਵਾਸਤੇ ਬਸ ਜਾਂ ਗੱਡੀ ਰਾਹੀਂ ਸਫਰ ਕਰਦਾ ਹੈ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਲੈਜਾਣਾ ਨਹੀਂ ਭੁੱਲਦਾ। ਕੋਈ ਜਮਾਨਾ ਸੀ ਜਦੋਂ ਲੋਕ ਸੌਣ ਲੱਗਿਆਂ ਆਪਣੇ ਸਰਾਣੇ ਪਾਣੀ ਦਾ ਗਿਲਾਸ ਜਾਂ ਲੋਟਾ ਰੱਖ ਲਿਆ ਕਰਦੇ ਸੀ ਲੇਕਿਨ ਅੱਜ ਕੱਲ ਉਸਦੇ ਬਦਲੇ ਪੀਣ ਵਾਸਤੇ ਥਰਮੋਸ ਵਾਲੀ ਬੋਤਲ ਰੱਖ ਲੈਂਦੇ ਹਨ। ਅੱਜ ਕੱਲ ਬਾਜ਼ਾਰ ਵਿੱਚ ਇਹੋ ਜਿਹੀਆਂ ਬੋਤਲਾਂ ਮਿਲ ਜਾਂਦੀਆਂ ਹਨ ਜਿਨਾਂ ਵਿੱਚ ਰੱਖਿਆ ਹੋਇਆ ਠੰਡਾ ਪਾਣੀ ਜਾਂ ਗਰਮ ਚਾਹ ਜਿਸ ਹਾਲ ਵਿੱਚ ਰੱਖਿਆ ਜਾਏ ਉਸ ਹਾਲ ਵਿੱਚ ਕਾਫੀ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ। ਜਿਨਾਂ ਲੋਕਾਂ ਨੂੰ ਡਾਕਟਰ ਨੇ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਣ ਵਾਸਤੇ ਕਿਹਾ ਹੋਵੇ ਉਹ ਆਪਣੇ ਕੋਲ ਪਾਣੀ ਦੀ ਬੋਤਲ ਜਰੂਰ ਰੱਖਦੇ ਹਨ। ਜੇਕਰ ਕਦੇ ਕਿਸੇ ਬੰਦੇ ਨੂੰ ਦਸਤ ਲੱਗ ਜਾਣ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਏ ਜਾਂ ਫਿਰ ਕੋਈ ਹੋਰ ਤਕਲੀਫ ਹੋ ਜਾਏ ਤਾਂ ਅਜਿਹੇ ਮਰੀਜ਼ ਨੂੰ ਗਲੂਕੋਸ ਦੀ ਬੋਤਲ ਚੜਾਈ ਜਾਂਦੀ ਹੈ। ਕਦੇ ਕਦੇ ਕੋਈ ਹਾਦਸਾ ਹੋਣ ਤੇ ਕਿਸੇ ਬੰਦੇ ਦਾ ਬਹੁਤ ਸਾਰਾ ਖੂਨ ਸਰੀਰ ਵਿੱਚੋਂ ਨਿਕਲ ਜਾਂਦਾ ਹੈ ਤਾਂ ਉਸ ਨੂੰ ਖੂਨ ਦੀ ਬੋਤਲ ਚੜਾਈ ਜਾਂਦੀ ਹੈ। ਅੱਜ ਕੱਲ ਤਾਂ ਵਿਆਹ ਸ਼ਾਦੀਆਂ, ਰਸਮ ਕਿਰਿਆ, ਕੋਈ ਫੰਕਸ਼ਨ, ਸਤਸੰਗ ਆਦੀ ਦਾ ਮੌਕਾ ਹੋਵੇ ਤਾਂ ਉਥੇ ਮਿਨਰਲ ਵਾਟਰ ਦੀਆਂ ਬੋਤਲਾਂ ਆਏ ਹੋਏ ਬੰਦਿਆਂ ਨੂੰ ਪਿਆਸ ਬੁਝਾਉਣ ਲਈ ਦਿੱਤੀਆਂ ਜਾਂਦੀਆਂ ਹਨ। ਹਿੰਦੂ ਧਰਮ ਵਿੱਚ ਜਦੋਂ ਕੋਈ ਬੰਦਾ ਪਰਲੋਕ ਸਿਧਾਰਦਾ ਹੈ ਤਾਂ ਉਸਦੀਆਂ ਅਸਥੀਆਂ ਨੂੰ ਹਰਿਦੁਆਰ ਵਿੱਚ ਪਰਵਾਹਿਤ ਕਰਨ ਵਾਸਤੇ ਲਜਾਇਆ ਜਾਂਦਾ ਹੈ ਅਤੇ ਇਹ ਸ਼ੁਭ ਕੰਮ ਕਰਨ ਤੋਂ ਬਾਅਦ ਹਰਿਦੁਆਰ ਤੋਂ ਗੰਗਾ ਜੀ ਦਾ ਜਲ ਬੋਤਲ ਵਿੱਚ ਲਿਆ ਜਾਂਦਾ ਹੈ ਤਾਂ ਜੋ ਘਰ ਵਿੱਚ ਕੋਈ ਸ਼ੁਭ ਕੰਮ ਹੋਵੇ ਜਾਂ ਕੋਈ ਬੰਦਾ ਪਰਲੋਕ ਸਿਧਾਰਨ ਲੱਗੇ ਤਾਂ ਉਸ ਦੇ ਮੂੰਹ ਵਿੱਚ ਗੰਗਾ ਜਲ ਪਾਇਆ ਜਾ ਸਕੇ। ਇਹ ਗੰਗਾ ਜਲ ਬੋਤਲ ਵਿੱਚ ਕਈ ਕਈ ਸਾਲ ਮਹਿਫੂਜ ਰਹਿੰਦਾ ਹੈ। ਅੱਜ ਕੱਲ ਤਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰ ਘਰ ਵਿੱਚ ਫਲਸ਼ ਸਿਸਟਮ ਹੈ ਲੇਕਿਨ ਕਈ ਸਾਲ ਪਹਿਲਾਂ ਜਦੋਂ ਲੋਕ ਸਵੇਰੇ ਉੱਠ ਕੇ ਖੇਤਾਂ ਜਾਂ ਦੂਰ ਦੁਰਾਡੇ ਦੇ ਥਾਵਾਂ ਤੇ ਲੈਟਰਿਨ ਜਾਂਦੇ ਸਨ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਲੈ ਕੇ ਜਾਇਆ ਕਰਦੇ ਸਨ। ਅੱਜ ਕੱਲ ਤਾਂ ਬੋਤਲ ਦਾ ਹੀ ਜਮਾਨਾ ਹੈ। ਕਿਸੇ ਪਾਸੇ ਰੂਹ ਅਫਜਾ ਦੀ ਬੋਤਲ ਹੈ, ਕਿਸੇ ਪਾਸੇ ਬੀਅਰ ਦੀ ਬੋਤਲ ਹੈ, ਕਿਸੇ ਪਾਸੇ ਲਾਹੌਰੀ ਜੀਰੇ ਦੀ ਬੋਤਲ ਹੈ, ਕਿਸੇ ਪਾਸੇ ਪੈਪਸੀ ਦੀ ਬੋਤਲ ਹੈ। ਕਿਸੇ ਜਮਾਨੇ ਵਿੱਚ ਬੋਤਲਾਂ ਵਿੱਚ ਬੰਦ ਕਰਕੇ ਲੋਕਾਂ ਨੂੰ ਦੁੱਧ ਦੀ ਸਪਲਾਈ ਕੀਤੀ ਜਾਂਦੀ ਸੀ ਲੇਕਿਨ ਅੱਜ ਕੱਲ ਬੋਤਲਾਂ ਦੇ ਬਦਲੇ ਅਮੁਲ ਜਾਂ ਵੀਟਾ ਵਾਲੇ ਪੋਲੀਥੀਨ ਵਿੱਚ ਹੀ ਦੁੱਧ ਵੇਚਣ ਲੱਗੇ ਹਨ। ਅਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਬੋਤਲ ਦੇ ਗੁਲਾਮ ਹਾਂ। ਕਿਸੇ ਦਾ ਕਿਸੇ ਤਰੀਕੇ ਨਾਲ ਅਤੇ  ਕਿਸੇ ਦਾ ਕਿਸੇ ਹੋਰ ਤਰੀਕੇ ਨਾਲ ਬੋਤਲ ਤੋਂ ਬਿਨਾਂ ਕੰਮ ਨਹੀਂ ਚਲਦਾ। ਜੇਕਰ ਬੋਤਲਾਂ ਬੰਦ ਹੋ ਜਾਣ ਤਾਂ ਮੇਰਾ ਖਿਆਲ ਹੈ ਕਿ ਜਿੰਦਗੀ ਜੀਣੀ ਬਹੁਤ ਕਠਿਨ ਹੋ ਜਾਵੇਗੀ। ਇਸ ਲਈ ਜੋਰ ਦਾ ਜੈਕਾਰਾ ਲਗਾਓ,,, ਬੋਤਲ ਮਾਈ! ਦੀ ਜੈ ਹੋਵੇ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਦ ਆਪਸੀ ਭਾਈਚਾਰੇ, ਸਦਭਾਵਨਾ ਅਤੇ ਪਿਆਰ ਦਾ ਪ੍ਰਤੀਕ ਹੈ – ਸ਼ੇਖ ਮੰਨਾਨ
Next articleBetter Late Than Never – Addressing the dalit Vote Banks