ਬੰਗਾ (ਸਮਾਜ ਵੀਕਲੀ) ਬਹਿਰਾਮ(ਚਰਨਜੀਤ ਸੱਲ੍ਹਾਂ) ਨਵਾਂਸ਼ਹਿਰ ਵਿੱਚ ਨਵੀਂ ਬਣੀ ਸਤੀ ਕਰਤਾਰ ਸੇਵਾ ਸੁਸਾਇਟੀ ਮੁਫ਼ਤ ਨਿਰਸਵਾਰਥ ਟਿਫਿਨ ਸੇਵਾ ਗੁਰੂ ਕੀ ਰਸੋਈ ਬਹਿਰਾਮ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਇਲਾਕੇ ਦੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਬਹਿਰਾਮ ਕਸਬੇ ਵਿੱਚ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਮੁਫ਼ਤ ਟਿਫਿਨ ਸੇਵਾ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਤੇ ਜਨਰਲ ਸਕੱਤਰ ਸਤਪਾਲ ਸਿੰਘ ਨੇ ਦੱਸਿਆ ਕਿ ਇਹ ਨਿਰਸਵਾਰਥ ਸੇਵਾ 6 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਬਹਿਰਾਮ ਕਸਬੇ ਦੇ ਗੁਰਦੁਆਰਾ ਨਾਨਕ ਦਰਬਾਰ (ਨੇੜੇ ਥਾਣਾ ਬਹਿਰਾਮ) ਵਿਖੇ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਬਹਿਰਾਮ ਕਸਬੇ ਦੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਅਤੇ ਸਮਾਜ ਭਲਾਈ ਸੰਸਥਾਵਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਵੱਲੋਂ ਇੱਕ ਸੁਸਾਇਟੀ ਬਣਾ ਕੇ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਜੋਗਿੰਦਰ ਸਿੰਘ ਨੇ ਦੱਸਿਆ ਕਿ ਮੁਫ਼ਤ ਟਿਫਿਨ ਸੇਵਾ ਵਿੱਚ ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਸਵੇਰੇ ਦੋ ਸਮੇਂ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਸਤਪਾਲ ਸਿੰਘ ਨੇ ਕਿਹਾ ਕਿ ਸੁਸਾਇਟੀ ਪੌਦੇ ਲਗਾਉਣ ਦੀ ਮੁਹਿੰਮ ਚਲਾ ਕੇ ਵਾਤਾਵਰਣ ਦੀ ਸਵੱਛਤਾ ਵਿੱਚ ਵੀ ਯੋਗਦਾਨ ਪਾਏਗੀ, ਜਦੋਂ ਕਿ ਇਲਾਕੇ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ-ਕਢਾਈ ਕੇਂਦਰ ਖੋਲ੍ਹਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਮੀਟਿੰਗ ਵਿੱਚ ਸੁਸਾਇਟੀ ਦੇ ਉਪ ਪ੍ਰਧਾਨ ਜਗਦੀਸ਼ ਕੌਰ, ਕੈਸ਼ੀਅਰ ਬਲਵੀਰ ਰਾਮ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਵੀਨ ਚੱਡਾ, ਮਨਜੀਤ ਸਿੰਘ ਭੰਗਲ, ਜਸਵਿੰਦਰ ਸਿੰਘ, ਗੁਰਪਾਲ ਸਿੰਘ ਮੌਜੂਦ ਸਨ।


