ਸਰਦਾਰ ਅਤਰਜੀਤ ਸਿੰਘ ਕਹਾਣੀਕਾਰ।

ਰਮੇਸ਼‌ ਸੇਠੀ‌ ਬਾਦਲ 

(ਸਮਾਜ ਵੀਕਲੀ) ਜਦੋਂ ਕਦੇ ਬਠਿੰਡਾ ਦੇ ਨਾਮੀ ਸਾਹਿਤਕਾਰਾਂ ਤੇ ਨਜ਼ਰ ਪੈਂਦੀ ਹੈ ਤਾਂ ਸਭ ਤੋਂ ਟੀਸੀ ਤੇ ਮੈਨੂੰ ਇਹ ਸਾਹਿਤਕਾਰ ਬਾਬਾ ਸਰਦਾਰ ਅਤਰਜੀਤ ਸਿੰਘ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਬਠਿੰਡਾ ਸ਼ਹਿਰ ਦੇ ਸਾਹਿਤਕਾਰਾਂ ਦੀ ਲਿਸਟ ਬਣਾਉਣੀ ਸ਼ੁਰੂ ਕਰੀਏ ਤਾਂ ਇੱਕ ਨੰਬਰ ਤੇ ਸਰਦਾਰ ਅਤਰਜੀਤ ਕਹਾਣੀਕਾਰ ਜੀ ਦਾ ਨਾਮ ਲਿਖਣ ਤੋਂ ਬਾਅਦ ਦੋ ਨੰਬਰ ਤੇ ਕਿਸ ਦਾ ਨਾਮ ਲਿਖੀਏ ਸੋਚਣਾ ਪੈਂਦਾ ਹੈ। ਬਠਿੰਡਾ ਸਾਹਿਤ ਦਾ ਗੜ੍ਹ ਹੈ। ਪਹਿਲ਼ਾਂ ਵੀ ਇੱਥੇ ਬਹੁਤ ਸਾਹਿਤਕਾਰ, ਅਦਾਕਾਰ ਹੋਏ ਹਨ। ਪ੍ਰੰਤੂ ਮੌਜੂਦਾ ਦੌਰ ਵਿੱਚ ਇਹ ਲਿਸਟ ਕਾਫੀ ਲੰਮੀ ਹੈ। ਮੁਢਲੇ ਰੂਪ ਵਿੱਚ ਬਠਿੰਡਾ ਦੇ ਮੰਡੀ ਕਲਾਂ ਪਿੰਡ ਨਾਲ ਜੁੜਿਆ ਇਸ ਸਾਹਿਤਕਾਰ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ। ਕੁਝ ਸੰਘਰਸ਼ ਅਜਿਹੇ ਰਹੇ ਹਨ ਕਿ ਵਜ੍ਹਾ ਵੀ ਸਰਦਾਰ ਸਾਹਿਬ ਖੁਦ ਬਣੇ। ਆਪਣੀ ਗੱਲ ਜਾਂ ਵਿਚਾਰਾਂ ਤੇ ਅੜੇ ਰਹਿਣਾ, ਈਨ ਨਾ ਮੰਨਣਾ, ਸਪਸ਼ਟ ਗੱਲ ਮੂੰਹ ਤੇ ਕਹਿਣ ਵੇਲੇ ਨਾ ਝਿਜਕਣਾ, ਹਾਲਾਤ ਅਨੁਸਾਰ ਵਿਚਾਰ ਨਾ ਬਦਲਣ, ਕਰਕੇ ਇਹ੍ਹਨਾਂ ਦੇ ਸਿੰਗ ਕਿਸੇ ਨਾ ਕਿਸੇ ਨਾ ਫਸੇ ਹੀ ਰਹੇ ਹਨ। ਪਤਲੇ ਜਿਹੇ ਜੁੱਸੇ ਵਾਲਾ ਇਹ ਸਖਸ਼ ਕਦੇ ਝੁਕਿਆ ਨਹੀਂ। ਸਰੀਕੇ ਕਬੀਲੇ, ਸਹਿਕਰਮੀਆਂ ਅਤੇ ਅੜਬ ਅਫਸਰਾਂ ਨਾਲ ਜੂਝਦੇ ਹੋਏ ਜਿੰਦਗੀ ਲੰਘਾ ਦਿੱਤੀ। ਤੰਗੀ ਤੁਰਸੀ ਵੀ ਵੇਖੀ ਤੇ ਅਮੀਰੀ ਵੀ। ਵੱਖ ਵੱਖ ਵਿਚਾਰਧਾਰਾਵਾਂ ਨਾਲ ਵੀ ਜੁੜੇ। ਧਰਮ ਦਾ ਸਾਥ ਨਹੀਂ ਛੱਡਿਆ। ਅੱਜ ਵੀ ਸਰਦਾਰ ਸਾਹਿਬ ਇੱਕ ਅੰਮ੍ਰਿਤਧਾਰੀ ਸਿੱਖ ਹਨ ਪ੍ਰੰਤੂ ਗ਼ਲਤ ਨੂੰ ਗ਼ਲਤ ਕਹਿਣ ਲੱਗਿਆ ਦੇਰ ਨਹੀਂ ਲਾਉਂਦੇ ਭਾਵੇਂ ਸਾਹਮਣੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਹੋਵੇ ਜਾਂ ਕੋਈਂ ਗਿਆਨੀ ਧਿਆਨੀ। ਕਲਮ ਵੀ ਖੂਬ ਚਲਾਈ ਅੱਜ ਵੀ ਕਲਮ ਚਲਦੀ ਹੈ। ਖੂਬ ਲਿਖਿਆ ਖੂਬ ਛਪਿਆ। ਬਹੁਤਿਆਂ ਨੂੰ ਲਿਖਣ ਵੱਲ ਤੋਰਿਆ। ਘਰੇ ਵੀ ਸਰਦਾਰ ਸਾਹਿਬ ਆਪਣੀ ਗੱਲ ਕਹਿਣ ਤੋਂ ਨਹੀਂ ਝਿਜਕਦੇ। ਘਰੇਲੂ ਮਤਭੇਦਾਂ ਦੀ ਪਰਵਾਹ ਨਹੀਂ ਕੀਤੀ। ਜਿਸ ਬੰਦੇ ਨੇ ਆਪਣੀ ਜੀਵਨ ਗਾਥਾ ਦੀ ਤੁਲਨਾ ਅੱਕ ਦੇ ਦੁੱਧ ਨਾਲ ਕੀਤੀ ਹੋਵੇ ਫਿਰ ਉਸ ਤੋਂ ਝੁਕਣ ਜਾਂ ਸਚਾਈ ਤੋਂ ਭਟਕਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਆਪਣੀ ਉਮਰ ਦੇ ਅੱਠ ਦਹਾਕੇ ਪਾਰ ਕਰ ਚੁੱਕਿਆ ਸਰਦਾਰ ਅਤਰਜੀਤ ਸਿੰਘ ਮਾਇਕ ਤੇ ਖੜ੍ਹਕੇ ਆਪਣੀ ਅਸਹਿਮਤੀ ਜ਼ਾਹਿਰ ਕਰਨ ਦੀ ਹਿੰਮਤ ਰੱਖਦਾ ਹੈ। ਸਹਿਮਤ ਹੋਣ ਤੇ ਇਹ ਮੰਨਣ ਤੋਂ ਇਨਕਾਰ ਨਹੀਂ ਕਰਦੇ। ਬੇਲੋੜੀ ਚਮਚਾਗਿਰੀ ਅਤੇ ਫੂਕ ਛਕਾਉਣ ਤੋਂ ਦੂਰ ਰਹਿਕੇ ਵੀ ਸਭ ਦਾ ਹਰਮਨ ਪਿਆਰਾ ਹੋਣ ਦਾ ਗੁਣ ਇਸ ਸਖਸ਼ੀਅਤ ਵਿੱਚ ਹੈ। ਅੱਜਕਲ੍ਹ ਮੇਰੇ ਵਰਗੇ 65 ਸਾਲ ਦੀ ਉਮਰ ਵਿੱਚ ਹਾਰ ਮੰਨ ਜਾਂਦੇ ਹਨ। ਪਰ ਸਰਦਾਰ ਸਾਹਿਬ ਇਸ ਉਮਰ ਵਿੱਚ ਕਦੇ ਨਿਊਜ਼ੀਲੈਂਡ ਤੇ ਕਦੇ ਪਾਕਿਸਤਾਨ। ਕਿਸੇ ਸਭਾ ਗੋਸ਼ਟੀ ਲਈ ਸੱਦਾ ਮਿਲਣ ਦਾ ਇੰਤਜ਼ਾਰ ਹੈ ਹਾਜ਼ਰੀ ਪੱਕੀ ਹੈ। ਕੇਰਾਂ ਮੈਨੂੰ ਸਰਦਾਰ ਸਾਹਿਬ ਜੀ ਨੂੰ ਕੌਫ਼ੀ ਦੇ ਕੱਪ ਤੇ ਬੁਲਾਉਣ ਦਾ ਸੁਭਾਗ ਪ੍ਰਾਪਤ ਹੋਇਆ। ਖੂਬ ਗੱਲਾਂ ਹੋਈਆਂ। ਅਸੀਂ ਦੋ ਢਾਈ ਘੰਟੇ ਬੈਠੇ ਰਹੇ।  ਪਰ ਸਰਦਾਰ ਸਾਹਿਬ ਦਾ ਮੂਡ ਅਜੇ ਹੋਰ ਬੈਠਣ ਤੇ ਸੀ। ਗੱਲਬਾਤ ਦੋਰਾਨ ਕਹਿੰਦੇ,” ਯਾਰ ਹੁਣ ਮੈਂ ਇੱਧਰ ਆਇਆ ਤਾਂ ਹਾਂ। ਹੁਣ ਮੈਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਚ ਨਾਟਕ ਵੇਖਕੇ ਹੀ ਜਾਵਾਂਗਾ।” ਅਸੀਂ ਇਹ ਹਿੰਮਤ ਵੇਖਕੇ ਹੈਰਾਨ ਹੋਏ। ਕੇਰਾਂ ਅਸੀਂ ਸਾਹਿਬ ਦੇ ਦਰਸ਼ਨ ਕਰਨ ਇਹ੍ਹਨਾਂ ਦੇ ਦੌਲਤਖਾਨੇ ਗਏ। ਮੈਨੂੰ ਕਾਰ ਬੈਕ ਕਰਨ ਵਿੱਚ ਥੋਡ਼ੀ ਮੁਸ਼ਕਿਲ ਆਈ। ਕਹਿੰਦੇ “ਤੁਸੀਂ ਬਾਹਰ ਆਓਂ, ਮੈ ਕਰਦਾ ਹਾਂ।” ਇਹ੍ਹਨਾਂ ਦੀ ਹਿੰਮਤ ਵੇਖਕੇ ਅਸੀਂ ਹੈਰਾਨ। ਸੱਚੀ ਸਰਦਾਰ ਅਤਰਜੀਤ ਸਿੰਘ ਹੌਸਲੇ ਦੀ ਪੰਡ ਹਨ। ਅੱਜ ਇਹ੍ਹਨਾਂ ਦੇ ਜਨਮਦਿਨ ਤੇ ਮੈਨੂੰ ਸਾਰਾ ਯਾਦ ਆ ਗਿਆ। ਸਰਦਾਰ ਸਾਹਿਬ ਆਪਣੇ ਫਲਸਫੇ ਤੇ ਇਸ ਤਰ੍ਹਾਂ ਹੀ ਵਿਚਰਦੇ ਰਿਹੋ ਤੁਸੀਂ ਕਿਹੜਾ ਜਸਵੰਤ ਸਿੰਘ ਕੰਵਲ ਤੋਂ ਘੱਟ ਹੋ। ਸੌ ਤਾਂ ਹਰ ਹਾਲਤ ਵਿੱਚ ਪਾਰ ਕਰਾਂਗੇ। ਵੱਧ ਦੀ ਗੱਲ ਕਰੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਫ਼ਲਸਫ਼ਾ-ਏ-ਇਸ਼ਕ
Next articleਨਵੇਂ ਲੇਖਕਾਂ / ਕਲਾਕਾਰਾਂ ਨੂੰ ਸਲਾਹ