HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਸਿਹੋੜਾ, ਲੁਧਿਆਣਾ ਵਿੱਚ 722ਵਾਂ ਮੁਫ਼ਤ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਸਿਹੋੜਾ, ਲੁਧਿਆਣਾ ਵਿੱਚ 722ਵਾਂ ਮੁਫ਼ਤ ਅੱਖਾਂ ਦਾ ਕੈਂਪ — ਸੈਂਕੜਿਆਂ ਮਰੀਜ਼ਾਂ ਨੇ ਲਿਆ ਲਾਭ

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਦੇ ਨਜ਼ਦੀਕੀ ਪਿੰਡ ਸਿਹੋੜਾ ਵਿਖੇ ਪਿੰਡ ਵਾਸੀਆਂ ਦੀ ਸਿਹਤ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ 722ਵਾਂ ਵਿਸ਼ੇਸ਼ ਮੁਫ਼ਤ ਅੱਖਾਂ ਦਾ ਕੈਂਪ ਬੜੀ ਸ਼ਾਨੋ-ਸ਼ੌਕਤ ਅਤੇ ਸਫਲਤਾ ਨਾਲ ਆਯੋਜਿਤ ਕੀਤਾ ਗਿਆ। ਇਹ ਕੈਂਪ ਡਾ: ਐਸ.ਪੀ.ਸਿੰਘ ਓਬਰਾਏ (ਚੇਅਰਮੈਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਦੀ ਪ੍ਰੇਰਣਾ ਅਤੇ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਦੀ ਅਗਵਾਈ ਐਨ.ਆਰ.ਆਈ. ਸ੍ਰ: ਗੁਰਮੀਤ ਸਿੰਘ ਪੰਧੇਰ ਅਤੇ ਸ੍ਰ: ਜਸਵੰਤ ਸਿੰਘ ਛਾਪਾ (ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ) ਵੱਲੋਂ ਕੀਤੀ ਗਈ। ਕੈਂਪ ਦਾ ਸ਼ੁੱਭ ਆਰੰਭ ਪ੍ਰਸਿੱਧ ਹਸਤੀ ਡਾ: ਇੰਦਰਜੀਤ ਸਿੰਘ ਢੀਂਗਰਾ, ਜੋ ਕਿ ਆਜ਼ਾਦੀ ਸੰਗਰਾਮੀ ਸ੍ਰ: ਗਿਆਨ ਸਿੰਘ ਢੀਂਗਰਾ ਦੇ ਪੁੱਤਰ ਹਨ, ਪੰਜਾਬ ਵਿੱਚ ਵਰਲਡ ਹੈਲਥ ਆਰਗਨਾਈਜ਼ੇਸ਼ਨ (WHO) ਦੇ ਇਕਮਾਤ੍ਰ ਮੈਂਬਰ ਵਜੋਂ ਜਾਣੇ ਜਾਂਦੇ ਹਨ ਅਤੇ ਡਾ: ਦੁਆਰਕਾ ਨਾਥ ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ, ਸਲੇਮ ਟਾਬਰੀ, ਲੁਧਿਆਣਾ ਦੇ ਡਾਇਰੈਕਟਰ ਵੀ ਹਨ, ਵੱਲੋਂ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਮੋਬਾਈਲ ਫੋਨ, ਕੰਪਿਊਟਰ ਅਤੇ ਹੋਰ ਡਿਜ਼ੀਟਲ ਉਪਕਰਣਾਂ ਦੇ ਅਤਿ ਇਸਤੇਮਾਲ ਕਾਰਨ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਆਮ ਹੋ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੇਂ-ਸਿਰ ਅੱਖਾਂ ਦੀ ਜਾਂਚ ਅਤੇ ਸਹੀ ਇਲਾਜ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕੈਂਪ ਦੌਰਾਨ ਸਮੂਹ ਇਲਾਜ ਅਤੇ ਜਾਂਚ ਡਾ: ਪਰਮਜੀਤ ਸਿੰਘ (MBBS, Eye Specialist) ਅਤੇ ਉਨ੍ਹਾਂ ਦੀ ਤਜਰਬੇਕਾਰ ਮੈਡੀਕਲ ਟੀਮ ਵੱਲੋਂ ਕੀਤੀ ਗਈ। ਆਧੁਨਿਕ ਮਸ਼ੀਨਾਂ ਰਾਹੀਂ ਲਗਭਗ 450 ਤੋਂ ਵੱਧ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਮਰੀਜ਼ਾਂ ਨੂੰ ਐਨਕਾਂ ਦੀ ਲੋੜ ਸੀ, ਉਨ੍ਹਾਂ ਨੂੰ ਮੌਕੇ ‘ਤੇ ਹੀ ਮੁਫ਼ਤ ਐਨਕਾਂ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਮੋਤੀਆਬਿੰਦ ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅਗਲੇ ਪੜਾਅ ਲਈ ਦਰਜ ਕੀਤਾ ਗਿਆ, ਤਾਂ ਜੋ ਉਨ੍ਹਾਂ ਦੀ ਮੁਫ਼ਤ ਸਰਜਰੀ ਕਰਵਾਈ ਜਾ ਸਕੇ। ਐਨ.ਆਰ.ਆਈ. ਸ੍ਰ: ਗੁਰਮੀਤ ਸਿੰਘ ਪੰਧੇਰ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੁਰਿੰਦਰ ਕੌਰ, ਡਾ: ਲਾਜਵਿੰਦਰ ਸਿੰਘ (ਡਾਇਰੈਕਟਰ ਬਾਗਬਾਨੀ) ਅਤੇ ਡਾ: ਬਲਦੇਵ ਸਿੰਘ ਦੀ ਓਰੋਂ, ਡਾ: ਇੰਦਰਜੀਤ ਸਿੰਘ ਢੀਂਗਰਾ, ਸ੍ਰ: ਜਸਵੰਤ ਸਿੰਘ ਛਾਪਾ ਅਤੇ ਕੈਂਪ ਵਿੱਚ ਸੇਵਾਵਾਂ ਨਿਭਾਉਣ ਵਾਲੀ ਸਮੂਹ ਡਾਕਟਰੀ ਟੀਮ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕਰਕੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾਕਟਰੀ ਟੀਮ ਅਤੇ ਸਮੂਹ ਸਹਿਯੋਗੀਆਂ ਦੀ ਨਿਸ਼ਕਾਮ ਸੇਵਾ ਨਾਲ ਹੀ ਇਹ ਕੈਂਪ ਸਫਲਤਾਪੂਰਵਕ ਸੰਪੰਨ ਹੋ ਸਕਿਆ ਹੈ। ਪਿੰਡ ਪੱਧਰ ‘ਤੇ ਇਸ ਤਰ੍ਹਾਂ ਦੇ ਕੈਂਪ ਲਗਾਉਣਾ ਇੱਕ ਸਰਾਹਣਯੋਗ ਕਦਮ ਹੈ, ਜਿਸ ਨਾਲ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ। ਸੰਬੋਧਨ ਕਰਦਿਆਂ ਸ੍ਰ: ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਮੇਸ਼ਾਂ ਹੀ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ। ਐਨ.ਆਰ.ਆਈ. ਸ੍ਰ: ਗੁਰਮੀਤ ਸਿੰਘ ਪੰਧੇਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਆਪਣੇ ਪਿੰਡ ਦੀ ਸੇਵਾ ਕਰਨਾ ਸਭ ਤੋਂ ਵੱਡੀ ਸੇਵਾ ਹੈ ਅਤੇ ਉਹ ਅੱਗੇ ਵੀ ਇਸ ਤਰ੍ਹਾਂ ਦੇ ਲੋਕ-ਭਲਾਈ ਦੇ ਕਾਰਜ ਕਰਦੇ ਰਹਿਣਗੇ। ਇਸ ਮੌਕੇ ਪਿੰਡ ਸਿਹੋੜਾ ਦੇ ਸਰਪੰਚ ਸ੍ਰ: ਅਮਰਜੀਤ ਸਿੰਘ, ਸ੍ਰ: ਜਸਵਿੰਦਰ ਸਿੰਘ ਗੋਗਾ (ਪੰਜਾਬ ਪੁਲਿਸ), ਸ੍ਰ: ਬੂਟਾ ਸਿੰਘ ਅਤੇ ਸ੍ਰ: ਗੁਰਜੰਟ ਸਿੰਘ ਫੌਜੀ ਸਮੇਤ ਹੋਰ ਮਾਣਯੋਗ ਹਸਤੀਆਂ ਨੇ ਵੀ ਹਾਜ਼ਰੀ ਭਰੀ ਅਤੇ ਕੈਂਪ ਦੇ ਸੁਚੱਜੇ ਪ੍ਰਬੰਧਾਂ ਦੀ ਪ੍ਰਸੰਸਾ ਕੀਤੀ। ਅੰਤ ਵਿੱਚ ਪਿੰਡ ਵਾਸੀਆਂ ਵੱਲੋਂ ਸਮੂਹ ਆਯੋਜਕਾਂ, ਡਾਕਟਰੀ ਟੀਮ ਦਾ ਧੰਨਵਾਦ ਕੀਤਾ ਗਿਆ। 722ਵਾਂ ਇਹ ਮੁਫ਼ਤ ਅੱਖਾਂ ਦਾ ਕੈਂਪ ਪਿੰਡ ਸਿਹੋੜਾ ਲਈ ਇੱਕ ਯਾਦਗਾਰ ਅਤੇ ਇਤਿਹਾਸਕ ਸਮਾਜ ਸੇਵੀ ਉਪਰਾਲਾ ਸਾਬਤ ਹੋਇਆ, ਜਿਸ ਨਾਲ ਸੈਂਕੜਿਆਂ ਪਰਿਵਾਰਾਂ ਨੂੰ ਸਿੱਧਾ ਲਾਭ ਪ੍ਰਾਪਤ ਹੋਇਆ ਅਤੇ “ਸਰਬੱਤ ਦਾ ਭਲਾ” ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਪੰਜਾਬ ਦੀਆਂ ਸਮੂਹ ਐਸ.ਸੀ. ਮੁਲਾਜਮ ਜਥੇਬੰਦੀਆਂ ਦੀਆਂ ਮੁਸ਼ਕਲਾਂ ਸੁਣਨ ਲਈ 23 ਫਰਵਰੀ ਨੂੰ ਵਿਸ਼ੇਸ਼ ਮੀਟਿੰਗ: ਜਸਵੀਰ ਸਿੰਘ ਗੜ੍ਹੀ*
Next articleਡੋਨਾਲਡ ਟਰੰਪ ਨੇ ਅਦਾਲਤ ਦੇ ਫੈਸਲੇ ਨੂੰ ਸ਼ਰਮਨਾਕ ਦੱਸਿਆ ਅਤੇ ਵਾਧੂ 10 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ।