ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸਾਕਾ ਸਾਰਾਗੜ੍ਹੀ ਦੀ 127ਵੀਂ ਵਰ੍ਹੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ

ਪ੍ਰਮੁੱਖ ਸ਼ਖ਼ਸੀਅਤਾਂ ਨੇ 21 ਸਿੱਖ ਫ਼ੌਜੀਆਂ ਦੀ ਲਾਸਾਨੀ ਕੁਰਬਾਨੀ ਨੂੰ ਆਪਣਾ ਸਿੱਜਦਾ ਭੇਂਟ ਕੀਤਾ
ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਸਾਕਾ ਸਾਰਾਗੜ੍ਹੀ ਦੇ ਸ਼ਹੀਦ ਗੁਰਮੁੱਖ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਨੂੰ ਸਨਮਾਨਿਤ ਕੀਤਾ ਗਿਆ 
ਲੁਧਿਆਣਾ  (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)  ਸਾਰਾਗੜ੍ਹੀ ਫਾਊਡੇਸ਼ਨ ਵੱਲੋਂ  ਸਾਕਾ ਸਾਰਾਗੜ੍ਹੀ ਦੇ ਮਹਾਨ ਸ਼ਹੀਦ ਸਿਗਨਲਮੈਨ ਗੁਰਮੁੱਖ ਸਿੰਘ ਦੇ ਪਰਿਵਾਰਕ ਮੈਬਰਾਂ ਦੇ ਨਿੱਘੇ ਸਹਿਯੋਗ ਦੇ ਨਾਲ ਅੱਜ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 127ਵੀਂ ਵਰ੍ਹੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ । ਸਾਕਾ ਸਾਰਾਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫ਼ੌਜ਼ੀਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਵਿਖੇ ਉਚੇਚੇ ਤੌਰ ਤੇ ਪੁੱਜੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ੍ਰ: ਰਣਜੀਤ ਸਿੰਘ ਖ਼ਾਲਸਾ ਨੇ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਹੋਇਆਂ ਕਿਹਾ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਦੇ ਸ਼ਹੀਦ ਹਨ, ਜਿਨ੍ਹਾਂ ਦੀ ਬਦੌਲਤ ਸਿੱਖ ਕੌਮ ਇੱਕ ਸ਼ਹੀਦਾਂ ਦੀ ਕੌਮ ਹੋਣ ਦਾ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀਆਂ ਮਿਸਾਲਾਂ ਵਿਰਲੀਆਂ ਹੀ ਮਿਲਦੀਆਂ ਹਨ ਕਿ ਕਿਵੇਂ 36ਵੀਂ ਸਿੱਖ ਰੈਜ਼ੀਮੈਂਟ ਦੇ 21 ਅਣਖੀਲੇ, ਬਹਾਦਰ ਸੂਰਮਿਆਂ ਵੱਲੋਂ 12 ਸਤੰਬਰ 1897 ਨੂੰ ”ਨਿਸ਼ਚੈ ਕਰ ਅਪਨੀ ਜੀਤ ਕਰੋਂ” ਦੇ ਸਿਧਾਂਤ ਨੂੰ ਲੈ ਕੇ ਆਪਣੇ ਤੋਂ 500 ਗੁਣਾਂ ਵੱਧ ਹਥਿਆਰਾਂ ਨਾਲ ਲੈਸ ਕਬਾਇਲੀ ਅਫਗਾਨੀਆਂ ਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ੍ਹ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ । ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫ਼ੌਜੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਿਤ ਕੀਤਾ ਸੀ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਮੌਜੂਦਾ ਸਮੇਂ ਅੰਦਰ ਦੇਸ਼ ਵਾਸੀ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰਦੇ ਜਾ ਰਹੇ ਹਨ । ਇਸ ਦੌਰਾਨ ਉਨ੍ਹਾਂ ਨੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਸਾਕਾ ਸਾਰਾਗੜ੍ਹੀ ਦੇ ਸ਼ਹੀਦ ਸਿਗਨਲਮੈਨ ਗੁਰਮੁੱਖ ਸਿੰਘ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਬੀਬੀ ਜਸਪਾਲ ਕੌਰ,ਬੀਬੀ ਪੂਜਾ ਗਿੱਲ ਤੇ ਬੀਬਾ ਹਰਪ੍ਰੀਤ ਕੌਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਸ਼ਹੀਦ ਗੁਰਮੁੱਖ ਸਿੰਘ ਦੇ ਪਰਿਵਾਰ ਵੱਲੋਂ ਸਾਰਾਗੜ੍ਹੀ ਫਾਊਂਡੇਸ਼ਨ ਦੇ ਨਿੱਘੇ ਸਹਿਯੋਗ ਨਾਲ  ਸਾਰਾਗੜ੍ਹੀ ਲੜਾਈ ਦੀ 127ਵੀਂ ਵਰੇ ਗੰਢ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਜੋ ਗੁਰਮਤਿ ਸਮਾਗਮ ਕਰਵਾਉਣ ਦਾ  ਵੱਡਾ ਉਪਰਾਲਾ ਕੀਤਾ ਹੈ। ਉਹ ਸਾਡੇ ਸਾਰਿਆਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ। ਇਸ ਦੌਰਾਨ ਉੱਘੇ ਵਿਦਵਾਨ ਤੇ ਪ੍ਰਸਿੱਧ ਕਵੀ ਡਾ. ਹਰੀ ਸਿੰਘ ਜਾਚਕ ਤੇ ਕਵੀ ਕਰਮਜੀਤ ਸਿੰਘ ਨੂਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਣ ਦੇ ਮਨੋਰਥ ਨੂੰ ਲੈ ਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਵੱਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਬਹਾਦਰ ਸਿੱਖ ਫ਼ੌਜੀਆਂ ਦੀ ਲਾਸਾਨੀ ਕੁਰਬਾਨੀ ਤੋਂ ਜਾਣੂ ਕਰਵਾਇਆ ਜਾ ਸਕੇ । ਉਨ੍ਹਾਂ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ 21 ਸਿੱਖ ਫ਼ੌਜੀਆਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਭੇਟ ਕਰਨ ਹਿੱਤ ਵਿਸ਼ਵ ਦੇ ਕਈ ਦੇਸ਼ਾਂ ਜਿਵੇਂ ਬ੍ਰਿਟੇਨ, ਫਰਾਂਸ਼ ਅਤੇ ਆਸਟ੍ਰੇਰਲੀਆ ਆਦਿ ਦੇ ਸਕੂਲਾਂ ਵਿੱਚ ”ਬੈਟਲ ਆਫ ਸਾਰਾਗੜ੍ਹੀ” ਨੂੰ ਇੱਕ ਵਚਿੱਤਰ ਸੂਰਬੀਰਤਾ ਗਾਥਾ ਦੇ ਰੂਪ ਵੱਜੋਂ ਪੜ੍ਹਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਫ਼ੌਜੀਆਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈ ਸਕਣ । ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸ਼ਹੀਦੀ ਗੁਰਮਤਿ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀ ਭਾਈ ਸੁਰਿੰਦਰ ਸਿੰਘ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਪ੍ਰਸਿੱਧ ਕਵੀਆਂ ਡਾ: ਹਰੀ ਸਿੰਘ ਜਾਚਕ ਤੇ ਸ੍ਰ: ਕਰਮਜੀਤ ਸਿੰਘ ਨੂਰ ਨੇ ਸਮਾਗਮ ਦੌਰਾਨ ਬੀਰ ਰਸੀ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਸਾਕਾ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਆਪਣਾ ਸਿੱਜਦਾ ਭੇਂਟ ਕੀਤਾ । ਸਮਾਗਮ ਦੇ ਅੰਤ ਵਿੱਚ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ੍ਰ: ਰਣਜੀਤ ਸਿੰਘ ਖਾਲਸਾ  ਵੱਲੋਂ ਜਿੱਥੇ ਸਾਕਾ ਸਾਰਾਗੜ੍ਹੀ ਦੇ ਸ਼ਹੀਦ  ਸਿਗਨਲਮੈਨ ਗੁਰਮੁੱਖ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਬੀਬੀ ਜਸਪਾਲ ਕੌਰ,ਬੀਬੀ ਪੂਜਾ ਗਿੱਲ ਰਾਏਪੁਰ, ਬੀਬਾ
ਹਰਪ੍ਰੀਤ ਕੌਰ ਕਨੇਡਾ, ਬੀਬੀ ਸਤਵਿੰਦਰ ਕੌਰ ਗਿੱਲ,ਜਗਪ੍ਰੀਤ ਸਿੰਘ ਸਮੇਤ ਉਕਤ ਸਮਾਗਮ ਨੂੰ ਸਫਲ ਕਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਦਵਾਨ ਕਵੀ ਸੱਜਣ ਡਾ: ਹਰੀ ਸਿੰਘ ਜਾਚਕ ਤੇ ਸ੍ਰ : ਕਰਮਜੀਤ ਸਿੰਘ ਨੂਰ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਉ ਤੇ ਪ੍ਰਸੰਸਾ – ਪੱਤਰ ਭੇਟ ਕਰਕੇ ਸਨਮਾਨਿਤ ਕੀਤਾ।  ਸਮਾਗਮ ਅੰਦਰ ਜਗਜੀਤ ਸਿੰਘ ਢਿੱਲੋਂ, ਪਿਆਰ ਸਿੰਘ, ਕੁਲਦੀਪ ਸਿੰਘ ਖੀਰਨੀਆਂ, ਚਰਨ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਜਾਰੀ ਕਰਤਾ
ਰਣਜੀਤ ਸਿੰਘ ਖਾਲਸਾ
ਮੋ : 84372-00728 62394-40407
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦੋ ਰੋਜ਼ਾ ਲੁਧਿਆਣਾ ਦੇ ਕਿਸਾਨ ਮੇਲੇ ਮੌਕੇ ਬਰਾੜ ਸੀਡਜ ਤੇ ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜਾਂ ਦੀ ਭਾਰੀ ਮੰਗ ਕਿਸਾਨਾਂ ਦੀਆਂ ਲੱਗੀਆਂ ਰੌਣਕਾਂ
Next articleਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ