ਦਸ ਦੋਹੇ

(ਸਮਾਜ ਵੀਕਲੀ)

ਮਤਾ ਅਨੰਦਪੁਰ ਭੁੱਲਿਆ, ਯਾਦ ਨ ਇੱਕ ਵੀ ਮਦ।
ਕਰ ਦਹਾਕੇ ਰਾਜ ਇਹ, ਕਰਦੇ ਰਹੇ ਖੁਦ ਰੱਦ।

ਹੱਕੀਂ ਡਾਕਾ ਮਾਰਿਆ, ਲੁੱਟਿਆ ਬੜਾ ਪੰਜਾਬ।
ਵਕਤ ਕਰੇਗਾ ਫੈਸਲਾ, ਲੈਂਦੇ ਲੋਕ ਹਿਸਾਬ।

ਲਾ ਜੈਕਾਰੇ ਭੁੱਲ ਗਏ, ਕਰਦੇ ਕੀ ਸੀ ਗੱਲ?
ਮੂੰਹ ਤੇ ਚੇਪੀ ਚੁੱਪ ਦੀ, ਕੀਹਨੇ ਕੱਢਣੇ ਹੱਲ।

ਮਤਿ ਤੋਂ ਗਰਦਾ ਝਾੜਦੇ, ਛੱਡਿਆ ਫ਼ਾਨੀ ਜਹਾਨ।
ਦਿਲ ਹੋਗੇ ਨੇ ਪੱਥਰਾਂ, ਝੱਲਦੇ ਆ ਅਪਮਾਨ।

ਖ਼ੁਦਮੁਖ਼ਤਿਆਰੀ ਸੂਬਿਆਂ, ਦਿੱਤਾ ਖੁਦ ਹੀ ਛੱਡ।
ਏਸੀ ਉੱਤੇ ਗਿੱਝ ਗੇ,ਜੇਲ ਭਰਨ ਨਾ ਹੱਢ।

ਸਤਲੁਜ ਜਮਨਾ ਲਿੰਕ ਦਾ, ਲੱਗਿਆ ਜਦ ਤੋਂ ਟੱਕ।,
ਟਲਗੇ ਅੱਜ ਮਰਜੀਵੜੇ, ਲੈਣਾ ਭੁੱਲੇ ਹੱਕ।

ਤਾਕਤ ਤਖ਼ਤਾ ਪਲਟਦੀ, ਮੂੰਹ ਤੇ ਦਿੰਦੀ ਮਾਰ।
ਜਿੱਤ ਦੀ ਤੂਤੀ ਬੋਲਦੇ,ਮਿਲੇ ਕਰਾਰੀ ਹਾਰ।

ਰਹਿਣੀ ਸਦਾ ਹੀ ਰੜਕਦੀ, ਹਾਰਿਆ ਕਾਹਤੋਂ ਪੰਥ।
ਰਾਜ ਕਰੇਗਾ ਖਾਲਸਾ, ਬੇਅਦਬ ਗੁਰੂ ਗ੍ਰੰਥ।

ਸੱਚ ਮੁੱਚ ਲਾਵਾ ਫੁੱਟਿਆ , ਧਰਤੀ ਲਹੂ ਲੁਹਾਣ।
ਭਰਨੀ ਕਿਸਨੇ ਜੇਲ ਹੈ, ਵਿਹਲੜ ਗੋਲਕ ਖਾਣ।

ਘੜਦੀ ਹੁਣ ਟਕਸਾਲ ਨਾ,ਕੱਟੜ ਫੌਜ ਅਕਾਲ।
ਵੱਡਿਆਂ ਦੇ ਵਸ਼ ਪੰਥ ਐ,ਚੁੱਪ ਹੋ ਦਿੰਦੇ ਟਾਲ।

ਚੀਚੀ ਖੂਨ ਲਗਾ ਲਿਆ, ਬਣਗੇ ਜਿੰਦਾ ਸ਼ਹੀਦ।
ਸੱਤਾ ਸਿੰਘਾਸਣ ਖੁੱਸਿਆ, ਟਲ਼ ਗਏ ਸਭ ਮੁਰੀਦ।

ਰਜਿੰਦਰ ਸਿੰਘ ਰਾਜਨ

Previous articleਗ਼ਜ਼ਲ
Next articleਇੱਕੋ ਪੱਲੜੇ ਤੋਲ ਨੀਂ ਮਾਏ..