– ਡਾ. ਹਰਨੇਕ ਸਿੰਘ ਕਲੇਰ
(ਸਮਾਜ ਵੀਕਲੀ) ਭਾਰਤ ਨੂੰ ਪਿੰਡਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਵੀ ਲਗਪਗ 12580 ਪਿੰਡ ਹਨ। ਹਰ ਪਿੰਡ ਨੂੰ ਵਸਾਉਣ ਦਾ ਆਪਣਾ ਇਕ ਦਿਲਚਸਪ ਇਤਹਾਸ ਹੈ। ਸਾਡੇ ਪੁਰਖੇ ਜਦੋਂ ਪਿੰਡ ਦਾ ਬਾਨਣੂੰ ਬੰਨਦੇ ਸਨ। ਬਜ਼ੁਰਗ ਇਸਨੂੰ ਮੋੜੀ ਗੱਡਣਾ ਆਖਦੇ ਸਨ। ਹਰ ਪਿੰਡ ਦੀ ਮੋੜੀ ਗੱਡਣ ਵੇਲੇ ਜਿਸ ਸਥਾਨ ਦੀ ਚੋਣ ਕੀਤੀ ਜਾਂਦੀ ਸੀ। ਉਸ ਸਥਾਨ ਨੂੰ ਪਵਿੱਤਰ ਅਸਥਾਨ ਮੰਨ ਕੇ ਉੱਥੇ ਖੇੜਾ ਸਥਾਪਤ ਕਰ ਦਿੱਤਾ ਜਾਂਦਾ ਸੀ। ਇਸ ਲਈ ਅੱਜ ਤੱਕ ਉਹਨਾਂ ਖੇੜਿਆਂ ਦੀ ਮਾਨਤਾ ਹੈ। ਕਈ ਪਿੰਡਾਂ ਵਿੱਚ ਮੋੜੀ ਗੱਡਣ ਵਾਲੇ ਬਜ਼ੁਰਗ ਦੀ ਯਾਦਗਾਰ ਵੀ ਇਸ ਜਗ੍ਹਾ ਤੇ ਸਥਾਪਤ ਕਰ ਦਿੱਤੀ ਜਾਂਦੀ ਸੀ। ਸਰਬਜੀਤ ਸਿੰਘ ਦੁੱਮਣਾ ਨੇ ਇੱਕ ਖੋਜੀ ਇਤਿਹਾਸਕਾਰ ਦੀ ਤਰ੍ਹਾਂ ਆਪਣੇ ਜੱਦੀ ਪਿੰਡ ਦੁੱਮਣਾ ਦੇ ਇਤਿਹਾਸਕ ਪੱਖ ਨੂੰ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਹੈ। ਇਹ ਕਾਰਜ ਬਹੁਮੁੱਲਾ ਹੈ। ਉਸਨੇ ਸਮੇਂ – ਸਮੇਂ ਪਿੰਡ ਵਿੱਚ ਵਸਣ ਵਾਲੇ ਹਰ ਨੁਮਾਇੰਦੇ ਤੇ ਉਹਨਾਂ ਦੇ ਬਜ਼ੁਰਗਾਂ ਦਾ ਕੁਰਸੀਨਾਮਾ ਪੇਸ਼ ਕੀਤਾ ਹੈ। ਸਰਬਜੀਤ ਸਿੰਘ ਦੁੱਮਣਾ ਇਹ ਕਾਰਜ ਬਹੁਤ ਅਹਿਮ ਹੋ ਜਾਂਦਾ ਹੈ ਜਦੋਂ ਉਹ ਪਿੰਡ ਦੇ ਮੋੜੀ ਗੱਡਣ ਤੋਂ ਸ਼ੁਰੂ ਕਰਕੇ ਪਿੰਡ ਇਕਾਈ ਵਿੱਚ ਜਨਮ ਧਾਰਨ ਕਰਨ ਵਾਲੀਆਂ ਅਹਿਮ ਸ਼ਖਸੀਅਤਾਂ ਦਾ ਹਵਾਲਾ ਦਿੰਦਾ ਹੈ। ਲੇਖਕ ਨੇ ਭਾਰਤ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਸਰਦਾਰ ਬਲਦੇਵ ਸਿੰਘ , ਵਿਧਾਨ ਸਭਾ ਦੇ ਸਪੀਕਰ ਰਹੇ ਰਵੀਇੰਦਰ ਸਿੰਘ ਦਾ ਪਰਿਵਾਰਕ ਪਿਛੋਕੜ ਸਹਿਤ ਵੇਰਵਾ ਪੁਸਤਕ ਵਿਚ ਦਰਜ ਕੀਤਾ ਹੈ। ਇਹ ਹੀ ਭਾਵੇਂ ਉਸ ਨੇ ਆਪਣੇ ਪਿੰਡ ਬਾਰੇ ਖੋਜ ਕਾਰਜ ਕੀਤਾ ਹੈ। ਪਰ ਇਹ ਇੱਕ ਲਗਨ ਤੇ ਇਕਾਗਰਤਾ ਨਾਲ ਕੀਤਾ ਗਿਆ ਖੋਜ ਕਾਰਜ ਇਕ ਨਵੀਂ ਪਿਰਤ ਹੈ। ਸਰਬਜੀਤ ਸਿੰਘ ਦੇ ਮਹੱਤਵਪੂਰਨ ਕਾਰਜ ਨੂੰ ਪੜ੍ਹ ਕੇ ਹਰ ਲੇਖਕ ਦੇ ਮਨ ਵਿੱਚ ਆਪਣੇ ਪਿੰਡ ਬਾਰੇ ਲਿਖਣ ਦੀ ਜਿਗਿਆਸਾ ਪੈਦਾ ਹੋਵੇਗੀ। ਪਹਿਲਾਂ ਪਹਿਲ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕੁਝ ਇਤਿਹਾਸਕ ਪਿੰਡਾਂ ਦੇ ਵਸੇਬੇ ਦੇ ਵੇਰਵੇ ਦਰਜ ਹਨ। ਜਦੋਂ ਹੁਣ ਪਿੰਡ ਦੇ ਪ੍ਰਮਾਣਿਕ ਵੇਰਵੇ ਖੋਜੀ ਸੁਭਾਅ ਦੇ ਲੇਖਕਾਂ ਵਲੋਂ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਹੋ ਰਹੇ ਹਨ। ਇਉਂ ਭਵਿੱਖ ਵਿੱਚ ਪੰਜਾਬ ਦੇ ਇਤਿਹਾਸ ਨੂੰ ਤਰਤੀਬ ਦੇਣ ਵਿੱਚ ਇਹ ਕਾਰਜ ਸਹਾਈ ਹੋਵੇਗਾ। ਸਾਡੀ ਨਵੀਂ ਪੀੜ੍ਹੀ ਲਈ ਇਹ ਪੁਸਤਕ ਬਹੁਤ ਹੀ ਲੋੜੀਂਦੀ ਤੇ ਜਾਣਕਾਰੀ ਭਰਪੂਰ ਹੈ। ਸਰਬਜੀਤ ਸਿੰਘ ਦੁੱਮਣਾ ਨੇ ਦੱਸਿਆ ਕਿ 1820ਤੋਂ 1830 ਦੇ ਦਰਮਿਆਨ ਇਸ ਪਿੰਡ ਦੀ ਮੋੜੀ ਨਵਾਂ ਸ਼ਹਿਰ ਦੇ ਛੋਕਰਾਂ ਪਿੰਡ ਦੇ ਸ਼ਖਸ ਵਲੋਂ ਗੱਡੀ ਗਈ। ਪਿੰਡ ਦੇ ਨਾਂ ਬਾਰੇ ਵੀ ਰੌਚਿਕ ਜਾਣਕਾਰੀ ਹੈ ਕਿ ਇਹ ਇਲਾਕਾ ਰੁੱਖਾਂ ਨਾਲ ਭਰਪੂਰ ਹੋਣ ਕਰਕੇ ਜੰਗਲ ਪ੍ਰਤੀਤ ਹੁੰਦਾ ਸੀ। ਬਹੁਤ ਸਾਰੇ ਡੂੰਮਣੇ ਮਖਿਆਲ ਲੱਗੇ ਹੋਏ ਹੁੰਦੇ ਸਨ। ਇਉਂ ਡੂੰਮਣੇ ਤੋਂ ਲੋਕਾਂ ਦਾ ਵਸੇਬਾ ਹੋ ਜਾਣ ਤੇ ਇਹ ਸ਼ਬਦ ਦੁੱਮਣਾ ਪ੍ਰਚਲਿਤ ਹੋ ਗਿਆ। ਲੇਖਕ ਦੀ ਖੋਜ ਅਨੁਸਾਰ 1962 ਵਿੱਚ ਪਿੰਡ ਦੁੱਮਣਾ ਦਾ ਲੋਕ ਸਭਾ ਹਲਕਾ ਅੰੰਬਾਲਾ ਨਾਲ ਜੁੜਿਆ ਹੋਇਆ ਸੀ। ਪਿੰਡ ਦੁੱਮਣਾ ਨੂੰ 1967 ਵਿੱਚ ਲੋਕ ਸਭਾ ਹਲਕਾ ਰੋਪੜ ਮਿਲਿਆ। ਲੇਖਕ ਨੇ ਰੂਪ ਨਗਰ ( ਰੋਪੜ ) ਹਲਕੇ ਦੇ ਪਹਿਲੇ ਪ੍ਰਤੀਨਿਧ ਮੈਂਬਰ ਲੋਕ ਸਭਾ ਜੋ ਕਿ ਬੂਟਾ ਸਿੰਘ ਤੋਂ ਸ਼ੂਰੂ ਕਰਕੇ ਮੌਜੂਦਾ ਮੈਂਬਰ ਲੋਕ ਸਭਾ ਮਲਵਿੰਦਰ ਸਿੰਘ ਤੱਕ ਮਕੰਮਲ ਵੇਰਵਾ ਦਰਜ ਕੀਤਾ ਹੈ ਜਦਕਿ ਪਿੰਡ ਦੁੱਮਣਾ 2009 ਵਿੱਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਾਮਿਲ ਹੋ ਗਿਆ ਸੀ। ਲੇਖਕ ਨੇ ਪਿੰਡ ਦੀ ਪੰਚਾਇਤ ਮੁੱਖੀ ਸਰਪੰਚ ਬਾਰੇ ਹੋਰ ਵੀ ਅਹਿਮ ਜਾਣਕਾਰੀ ਦਰਜ ਕਰਦਿਆਂ 1955 ਤੋਂ 2024 ਤੱਕ ਪਿੰਡ ਦੀ ਸਰਪੰਚੀ ਕਰਨ ਵਾਲਿਆਂ ਦੇ ਨਾਂ ਦਰਜ ਕੀਤੇ ਹਨ। ਇਸ ਤਰ੍ਹਾਂ ਹੀ ਪਿੰਡ ਦੇ ਨੰਬਰਦਾਰਾਂ ਦੀ ਸੂਚੀ ਦਰਜ ਕੀਤੀ ਹੈ। ਸਰਬਜੀਤ ਸਿੰਘ ਨੇ ਪਿੰਡ ਵਿੱਚ ਵਸਣ ਵਾਲਿਆਂ ਦੀ ਮੂਲ ਪਛਾਣ ਗੋਤ ਤੋਂ ਕਰਵਾਈ ਹੈ। ਲੇਖਕ ਨੇ ਪਿੰਡ ਦੁੱਮਣਾ ਦੇ ਵਾਸੀਆ ਦੇ ਕੇ ਉਹਨਾਂ ਦੇ ਬਜ਼ੁਰਗਾਂ ਦਾ ਕਰਸੀਨਾਮਾ ਦਰਜ ਕਰ ਦਿੱਤਾ ਹੈ। ਇਹ ਬਹੁਤ ਮਿਹਨਤ ਤੇ ਲਗਨ ਵਾਲਾ ਕਾਰਜ ਹੈ। ਇੱਥੇ ਵਸਦੇ ਲੋਕਾਂ ਵਿਚ ਗੋਤ ਝੋਕੇ, ਦੜੌਚ,ਪੁਨੀਆ,(ਬਸਰੇ ਵਾਲੇ )ਪੁਨੀਆ (ਨਾਭੇ ਵਾਲੇ ) ਪੁਨੀਆ (ਬਰੋਟੇ ਵਾਲੇ ) ਬੱਲ, ਬੈੜ , ਭਾਰਦਵਾਜ ਤੇ ਗੋਤ ਮੁੰਡੇ ਦੇ ਵੰਸਜ ਵਸਦੇ ਹਨ। ਲੇਖਕ ਵਲੋਂ ਆਪਣੇ ਪਿੰਡ ਦੁੱਮਣਾ ਬਾਰੇ ਹੋਰ ਵੀ ਅਹਿਮ ਵੇਰਵੇ ਦਰਜ ਕੀਤੇ ਹਨ। ਜਿਵੇਂ ਜਿਵੇਂ ਤੁਸੀਂ ਪੁਸਤਕ ਪੜ੍ਹੋਗੇ ਤੁਹਾਨੂੰ ਯਾਦ ਰੱਖਣਯੋਗ ਤੇ ਸਾਂਭਣਯੋਗ ਜਾਣਕਾਰੀਆ ਮਿਲਣਗੀਆਂ। ਮੈਂ, ਸਰਬਜੀਤ ਸਿੰਘ ਦੇ ਇਸ ਇਤਿਹਾਸਕ ਕਾਰਜ ਪੁਸਤਕ “ਮੇਰਾ ਰੰਗਲਾ ਪਿੰਡ ਦੁੱਮਣਾ” ਦੀ ਭਰਪੂਰ ਸ਼ਲਾਘਾ ਕਰਦਾ ਹੋਇਆ ਇਸ ਕਿਤਾਬ ਦਾ ਹਾਰਦਿਕ ਸਵਾਗਤ ਕਰਦਾ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



