HOME ਕਿਸਮਤ ਦੇ ਦਰਵਾਜ਼ੇ ਖੋਲ੍ਹਦੀ ਹੈ ਸਖ਼ਤ ਮਿਹਨਤ

ਕਿਸਮਤ ਦੇ ਦਰਵਾਜ਼ੇ ਖੋਲ੍ਹਦੀ ਹੈ ਸਖ਼ਤ ਮਿਹਨਤ

2
ਨਿਰਭੈ ਸਿੰਘ

  (ਸਮਾਜ ਵੀਕਲੀ)   ਇਹ ਕਹਾਵਤ ਬਿਲਕੁਲ ਸੱਚ ਹੈ ਕਿ ਸਖ਼ਤ ਮਿਹਨਤ ਕਿਸਮਤ ਦੇ ਦਰਵਾਜ਼ੇ ਖੋਲ੍ਹਦੀ ਹੈ। ਕਿਸਮਤ ਸਿਰਫ਼ ਮੌਕਿਆਂ ਦਾ ਨਾਮ ਨਹੀਂ, ਸਗੋਂ ਇਹ ਉਨ੍ਹਾਂ ਮੌਕਿਆਂ ਨੂੰ ਆਪਣੀ ਮਿਹਨਤ ਅਤੇ ਸਮਰਪਣ ਨਾਲ ਹਾਸਲ ਕਰਨ ਦੀ ਯੋਗਤਾ ਦਾ ਪ੍ਰਤੀਕ ਹੈ। ਕਿਸੇ ਵੀ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ, ਸਿਰਫ਼ ਸੁਪਨੇ ਦੇਖਣਾ ਕਾਫ਼ੀ ਨਹੀਂ ਹੁੰਦਾ। ਸਖ਼ਤ ਮਿਹਨਤ ਹੀ ਸਫ਼ਲਤਾ ਦੀ ਨੀਂਹ ਹੈ। ਜਦੋਂ ਤੁਸੀਂ ਪੂਰੀ ਲਗਨ ਨਾਲ ਕੰਮ ਕਰਦੇ ਹੋ, ਤਾਂ ਤੁਹਾਡੀ ਮਿਹਨਤ ਰੰਗ ਲਿਆਉਂਦੀ ਹੈ ਅਤੇ ਤੁਹਾਨੂੰ ਤੁਹਾਡੇ ਟੀਚਿਆਂ ਦੇ ਨੇੜੇ ਲੈ ਜਾਂਦੀ ਹੈ। ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ, ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ । ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਨਵਾਂ ਕਰਨ ਦੀ ਤਮੰਨਾ ਰੱਖਦਾ ਹੈ ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਵੱਡਾ ਹੋ ਕੇ ਕੀ ਬਣੇਗਾ ਤਾਂ ਸਾਨੂੰ ਬੱਚਿਆਂ ਦੇ ਬਹੁਤ ਸਾਰੇ ਸੁਪਨੇ ਜੋ ਉਹ ਵੇਖਦੇ ਹਨ ਸੁਣਨ ਨੂੰ ਮਿਲਦੇ ਹਨ । ਸਿਆਣੇ ਆਖਦੇ ਹਨ ਇਨਸਾਨ ਨੂੰ ਸਭ ਤੋਂ ਪਹਿਲਾਂ ਇਨਸਾਨ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਸਾਡਾ ਸਭਿਅਕ ਸਮਾਜ ਹੀ ਸਭਿਅਕ ਲੋਕਾਂ ਦੇ ਸਮੂਹ ਤੋਂ ਬਣਦਾ ਹੈ ।ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਆਪਣਾ ਤਹਿ ਮੁਕਾਮ ਹਾਸਲ ਕਰਨ ਲਈ ਸਖਤ ਮਿਹਨਤ ਅਤੇ ਮੁਸ਼ੱਕਤ ਕਰਦਾ ਹੈ। ਅਕਸਰ ਹੀ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਜਿਹੜੇ ਇਨਸਾਨ ਸਖਤ ਮਿਹਨਤ ਕਰਦੇ ਹਨ,ਉਹ ਹੀ ਸਫਲਤਾ ਦੀਆਂ ਪੌੜੀਆਂ ਚੜਦੇ ਹਨl ਜਦ ਸਖਤ ਮਿਹਨਤ ਨੂੰ ਬੂਰ ਪੈਂਦਾ ਹੈ ਤਾਂ ਹੀ ਤਕਦੀਰ ਵੀ ਸਾਥ ਦਿੰਦੀ ਹੈ l ਕਈ ਵਾਰ ਅਸੀਂ ਵੇਖਦੇ ਹਾਂ ਕਿ ਸਿਦਕ ਨਾਲ ਕੀਤੀ ਮਿਹਨਤ ਵਿੱਚ ਕਈ ਲੋਕ ਪਛੜ ਜਾਂਦੇ ਹਨl ਜੇਕਰ ਸਾਡੇ ਇਰਾਦਿਆਂ ਵਿੱਚ ਦ੍ਰਿੜਤਾ ਹੁੰਦੀ ਹੈ ਤਾਂ ਉਹ ਹੀ ਰਸਤੇ ਆਸਾਨ ਲੱਗਣ ਲੱਗ ਪੈਂਦੇ ਹਨ l ਜਿਹੜੇ ਬੱਚੇ ਪੜ੍ਹਾਈ ਵਿੱਚ ਮਿਹਨਤ ਕਰਦੇ ਹਨ ,ਉਹਨਾਂ ਦਾ ਆਪਣਾ ਸਮਾਂ ਸਾਰਣੀ ਸੀਮਾ ਬੱਧ ਅਤੇ ਨਿਯਮਤ ਹੁੰਦੀ ਹੈ l ਉਹ ਬੱਚੇ ਆਪਣੇ ਟੀਚੇ ਤੋਂ ਕਦੇ ਵੀ ਨਹੀਂ ਭਟਕਦੇ ਅਤੇ ਮੰਜ਼ਿਲ ਉਹਨਾਂ ਦੇ ਪੈਰਾਂ ਥੱਲੇ ਹੁੰਦੀ ਹੈ l ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਜੇਕਰ ਅਸੀਂ ਉਸ ਕੰਮ ਬਾਰੇ ਸਾਰਥਕ ਸੋਚ ਲੈ ਕੇ ਚਲਦੇ ਹਾਂ ਤਾਂ ਉਸ ਕੰਮ ਵਿੱਚ ਬਰਕਤ ਹੁੰਦੀ ਹੈ ਅਤੇ ਉਸ ਕੰਮ ਨੂੰ ਕਰਨ ਵਿੱਚ ਰੁਚੀ ਵੀ ਪੈਦਾ ਹੁੰਦੀ ਹੈ l ਇਸ ਤਰ੍ਹਾਂ ਪੋਜੀਟਿਵ ਸੋਚ ਨਾਲ ਕੀਤੇ ਕੰਮਾਂ ਵਿੱਚ ਫਤਿਹ ਨਸੀਬ ਹੁੰਦੀ ਹੈ l ਅਵੇਸਲਾਪਨ ਅਤੇ ਨਾਹ ਪੱਖੀ ਸੋਚ ਜਿੱਥੇ ਵਿਅਕਤੀ ਦੇ ਵਿਅਕਤੀਤਵ ਤੇ ਬੁਰਾ ਪ੍ਰਭਾਵ ਪੈਂਦਾ ਹੈ ,ਉੱਥੇ ਉਸ ਦੀ ਮੰਜ਼ਿਲ ਤੋਂ ਵੀ ਦੂਰ ਲੈ ਜਾਂਦੀ ਹੈ ਤੇ ਹਾਂ ਪੱਖੀ ਵਤੀਰਾ ਵਿਅਕਤੀ ਦੇ ਵਿੱਚ ਇੱਕ ਨਵੀਂ ਊਰਜਾ ਪੈਦਾ ਕਰਦਾ ਹੈ ਜਿਸ ਨਾਲ ਸਮਾਜ ਦੀ ਬਾਕੀ ਲੋਕਾਂ ਨੂੰ ਵੀ ਸੇਧ ਮਿਲਦੀ ਹੈ । ਅਜਿਹੇ ਮਿਹਨਤੀ ਇਨਸਾਨ ਜਿੱਥੇ ਆਪਣੇ ਪਰਿਵਾਰ ਲਈ ਪ੍ਰੇਰਣਾਦਾਇਕ ਹੁੰਦੇ ਹਨl ਉਥੇ ਉਹ ਸਮਾਜ ਲਈ ਵੀ ਇੱਕ ਪ੍ਰੇਰਣਾਦਾਇਕ ਬਣਦੇ ਹਨ । ਮਿਹਨਤ ਕਰਨਾ ਮਨੁੱਖ ਦਾ ਕਰਮ ਹੈ ਪਰ ਜੇਕਰ ਕਿਸੇ ਵੀ ਕਾਰਜ ਵਿੱਚ ਕਰਨ ਤੋਂ ਪਹਿਲਾਂ ਉਸ ਦੀ ਰੂਪਰੇਖਾ ਅਤੇ ਟੀਚਾ ਮਿਥ ਲਏ ਜਾਣ ਅਤੇ ਉਸ ਕੰਮ ਬਾਰੇ ਪੂਰਨ ਜਾਣਕਾਰੀ ਅਤੇ ਗਾਈਡੈਂਸ ਲਈ ਜਾਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਲਈ ਮਕਸਦ ਬਹੁਤ ਜਰੂਰੀ ਹੈ ਤੇ ਉਸ ਮਕਸਦ ਲਈ ਸਖਤ ਮਿਹਨਤ ਸਦਕਾ ਅਸੀਂ ਜਿੰਦਗੀ ਦਾ ਅਸਲੀ ਅਨੰਦ ਮਾਣ ਸਕਦੇ ਹਾਂ l ਮੁਕਾਬਲੇ ਦੀ ਭਾਵਨਾ ਮਿਹਨਤ ਦੀ ਚਿਣਗ ਨੂੰ ਹੋਰ ਪ੍ਰਫੁੱਲਤ ਕਰ ਸਕਦੀ ਹੈ ਪਰ ਮੁਕਾਬਲਾ ਚੰਗੀ ਭਾਵਨਾ ਤੇ ਵਧੀਆ ਸੋਚ ਵਾਲਾ ਹੋਣਾ ਚਾਹੀਦਾ ਹੈ । ਕਿਸੇ ਦਾ ਨੁਕਸਾਨ ਕਰਕੇ ਪ੍ਰਾਪਤ ਕੀਤੀ ਸਫਲਤਾ ਸਾਰੀ ਉਮਰ ਨਿਰਾਸ਼ਾ ਦਾ ਅਹਿਸਾਸ ਕਰਵਾਉਂਦੀ ਹੈ ਜਦੋਂ ਵੀ ਕੋਈ ਕੰਮ ਕਰਦੇ ਹਾਂ ਤਾਂ ਖਿਆਲ ਰੱਖਿਆ ਜਾਵੇ ਕਿ ਸਾਡੇ ਕੰਮ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਇਸ ਤਰਾਂ ਚੰਗੀ ਭਾਵਨਾ ਨਾਲ ਕੀਤੀ ਮਿਹਨਤ ਜਿੱਥੇ ਵਿਅਕਤੀ ਦੀ ਚੰਗੇ ਵਿਅਕਤੀਤਵ ਦਾ ਨਿਰਮਾਣ ਕਰਦੀ ਹੈ l ਉਥੇ ਨਰੋਏ ਸਮਾਜ ਸਿਰਜਣ ਵਿੱਚ ਵੀ ਆਪਣੀ ਭੂਮਿਕਾ ਅਦਾ ਕਰਦੀ ਹੈ l

ਨਿਰਭੈ ਸਿੰਘ
ਹੈੱਡ ਟੀਚਰ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ (ਬਠਿੰਡਾ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਬਜੀਤ ਸਿੰਘ ਦੀ  ਇਤਿਹਾਸਕ ਖੋਜ ਪੁਸਤਕ :  “ਮੇਰਾ ਰੰਗਲਾ ਪਿੰਡ ਦੁੱਮਣਾ”
Next article“ਤਿਆਰੀਆਂ ਮੁਕੰਮਲ” ਡਿਜ਼ੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਅੱਜ ਮਨਾਇਆ ਜਾਵੇਗਾ ਵਰਲਡ ਡਿਜ਼ੀਟਲ ਪ੍ਰੈੱਸ ਡੇਅ