3 ਥਾਣਿਆਂ ਦੀ ਪੁਲਿਸ ਨੇ ਜੱਥੇਦਾਰ ਇਕਬਾਲ ਸਿੰਘ ਨੂੰ ਭੀੜ ਵਿਚੋਂ ਕੱਢ ਕੇ ਬਚਾਈ ਜਾਨ
ਕਪੂਰਥਲਾ (ਕੌੜਾ) (ਸਮਾਜ ਵੀਕਲੀ): ਪਰਉਪਕਾਰੀ ਸੂਰਬੀਰ ਸੰਤ ਸਿਪਾਹੀ ਸ਼ਹੀਦ ਧੰਨ-ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ ਕੱਲ੍ਹ 14 ਅਪ੍ਰੈਲ ਦੁਪਹਿਰ 12.40 ਵਜੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸੱਚਖੰਡ ਪਿਆਣਾ ਕਰ ਗਏ ਸਨ, ਜਿੰਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਹੋਣ ਸਮੇਂ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਵਾਲਿਆਂ ਵੱਲੋਂ ਅੰਤਿਮ ਸੰਸਕਾਰ ਕਰਨ ਲਈ ਕੀਤੀ ਜਾ ਗਈ ਅਰਦਾਸ ਵਿਚ ਗੁਰਦਵਾਰਾ ਦਮਦਮਾ ਸਾਹਿਬ ਠੱਟਾ ਦੇ ਨਵੇਂ ਮੁੱਖ ਸੇਵਾਦਾਰ ਦਾ ਨਾਮ ਐਲਾਨ ਕਰ ਦਿੱਤਾ ।ਜਿਸ ਤੋਂ ਬਾਅਦ ਨੇੜਲੇ ਪਿੰਡਾਂ ਤੇ ਹੋਰ ਲੋਕਾਂ ਦੇ ਭਾਰੀ ਇਕੱਠ ਵੱਲੋਂ ਇਸ ਤਰ੍ਹਾਂ ਗਲਤ ਅਰਦਾਸ ਕਰਨ ਦਾ ਵਿਰੋਧ ਸ਼ੁਰੂ ਕਰ ਦਿੱਤਾ ਤੇ ਭੜਕੀ ਹੋਈ ਭੀੜ ਨੇ ਰੋਸ ਵਿਚ ਆ ਕੇ ਗਿਆਨੀ ਇਕਬਾਲ ਸਿੰਘ ਉੱਤੇ ਹਮਲਾ ਕਰ ਦਿੱਤਾ ਤੇ ਕੁੱਟਮਾਰ ਕਰ ਦਿੱਤੀ ਤੇ ਇਸ ਦੌਰਾਨ ਧੱਕੇ ਮੁੱਕੀ ਕਰਦਿਆਂ ਕਿਸੇ ਨੇ ਗਿਆਨੀ ਇਕਬਾਲ ਸਿੰਘ ਦੀ ਦਸਤਾਰ ਵੀ ਉਤਾਰ ਦਿੱਤੀ ।
ਇਸ ਸਮੇ ਸਿੰਘ ਸਾਹਿਬ ਦੇ ਗੰਨਮੈਨ ਪੁਲਸ ਕਰਮਚਾਰੀਆਂ ਤੇ ਇਲਾਕੇ ਦੇ ਕੁਝ ਲੋਕਾਂ ਭੀੜ ਤੋਂ ਬੜੀ ਮੁਸ਼ਕਲ ਨਾਲ ਸਿੰਘ ਸਾਹਿਬ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਇੱਕ ਕਮਰੇ ‘ਚ ਬੰਦ ਕਰ ਦਿੱਤਾ । ਇਸਤੋਂ ਬਾਅਦ ਰੋਸ ‘ਚ ਆਈਆਂ ਭੜਕੀਆਂ ਕੁਝ ਸੰਗਤਾਂ ਨੇ ਜਿਸ ਕਮਰੇ ‘ਚ ਗਿਆਨੀ ਇਕਬਾਲ ਸਿੰਘ ਨੂੰ ਬੰਦ ਕੀਤਾ ਗਿਆ ਸੀ , ਉਸਨੂੰ ਘੇਰਾ ਪਾ ਲਿਆ ਤੇ ਬਾਹਰ ਨਿੱਕਲਣ ਦਾ ਰਸਤਾ ਬੰਦ ਕਰ ਦਿੱਤਾ । ਇਸ ਸਬੰਧੀ ਵਾਪਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ. ਸ੍ਰੀ ਰਾਜੇਸ਼ ਕੱਕੜ ਦੀ ਅਗਵਾਈ ‘ਚ ਥਾਣਾ ਤਲਵੰਡੀ ਚੌਧਰੀਆਂ ਦੇ ਐਸ.ਐਚ.ਓ. ਰਾਜਿੰਦਰ ਸਿੰਘ , ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਬਿਕਰਮ ਸਿੰਘ , ਥਾਣਾ ਫੱਤੂਢਿਘਾ ਦੇ ਐਸ.ਐਚ.ਓ. ਬਲਵਿੰਦਰ ਸਿੰਘ ਵੱਡੀ ਗਿਣਤੀ ‘ਚ ਪੁਲਸ ਫੋਰਸ ਲੈ ਕੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁੱਜੇ ਤੇ ਗਿਆਨੀ ਇਕਬਾਲ ਸਿੰਘ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਆਪਣੀ ਗੱਡੀ’ਚ ਬਿਠਾ ਕੇ ਭੇਜਿਆ ।
ਇਸ ਸਬੰਧੀ ਇਲਾਕੇ ਦੀਆਂ ਸੰਗਤਾਂ ਸਮੇਤ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਅੰਤਿਮ ਸੰਸਕਾਰ ਦੀ ਅਰਦਾਸ ਕਰਨੀ ਸੀ ਪ੍ਰੰਤੂ ਉਨ੍ਹਾਂ ਅਰਦਾਸ ‘ਚ ਗਲਤ ਢੰਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਅਗਲੇ ਮੁਖੀ ਵੱਜੋਂ ਇੱਕ ਸੇਵਾਦਾਰ ਦਾ ਨਾਮ ਲੈ ਦਿੱਤਾ , ਜੋ ਇਲਾਕੇ ਦੇ ਸੰਗਤਾਂ ਨੂੰ ਮਨਜ਼ੂਰ ਨਹੀਂ ਸੀ । ਉਨ੍ਹਾਂ ਕਿਹਾ ਕਿ ਗਿਆਨੀ ਜੀ ਨੇ ਗਲਤ ਅਰਦਾਸ ਕਰਕੇ ਅਰਦਾਸ ਦੀ ਵੀ ਬੇਅਦਬੀ ਕੀਤੀ ਹੈ , ਜਿਸ ਕਾਰਨ ਸੰਗਤਾਂ ‘ਚ ਰੋਸ ਫੈਲ ਗਿਆ ਹੈ । ਉਨ੍ਹਾਂ ਤੇ ਪਿੰਡ ਠੱਟਾ ਦੀਆਂ ਹੋਰ ਸੰਗਤਾਂ ਕਿਹਾ ਕਿ ਕੱਲ੍ਹ ਦਾ ਮਹਾਂਪੁਰਸ਼ਾਂ ਦੇ ਅਕਾਲ ਚਲਾਣੇ ਕਾਰਨ ਮਾਹੌਲ ਗਮਗੀਨ ਸੀ ਤੇ ਸੰਗਤਾਂ ਮਹਾਂਪੁਰਸ਼ਾਂ ਦੇ ਵਿਛੋੜੇ ‘ਚ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ ਤੇ ਅੱਜ ਗਿਆਨੀ ਇਕਬਾਲ ਸਿੰਘ ਨੇ ਸ਼ਾਜਿਸ਼ੀ ਢੰਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਦਾ ਮਾਹੌਲ ਖੁਰਾਬ ਕਰ ਦਿੱਤਾ ।
ਸੰਗਤ ਦਾ ਕਹਿਣਾ ਹੈ ਇਲਾਕੇ ਦੀਆਂ ਸੰਗਤਾਂ ਵੱਲੋਂ ਹੁਣ ਤੱਕ ਕੋਈ ਵੀ ਵਿਅਕਤੀ ਵਿਸ਼ੇਸ਼ ਨੂੰ ਇਸ ਸਥਾਨ ਉੱਤੇ ਮੁਖੀ ਨਹੀਂ ਲਗਾਇਆ ਗਿਆ । ਉਨ੍ਹਾਂ ਦੱਸਿਆ ਕਿ ਮਹਾਂਪੁਰਸ਼ਾਂ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੀ ਕੋਈ ਫੈਸਲਾ ਸਰਬ ਸੰਮਤੀ ਨਾਲ ਲਿਆ ਜਾਵੇਗਾ ।ਸੰਗਤਾਂ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਆਪਣੀ ਅੱਜ ਕੀਤੀ ਗਲਤ ਅਰਦਾਸ ਦੀ ਮੁਆਫ਼ੀ ਮੰਗ ਲਈ ਹੈ, ਸੋ ਇਸ ਲਈ ਉਨ੍ਹਾਂ ਨੂੰ ਇੱਥੋਂ ਜਾਣ ਦਿੱਤਾ ਗਿਆ ਹੈ । ਸੰਗਤਾਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਸਬੰਧੀ ਵਿਵਾਦ ਹੋਇਆ ਸੀ ਤੇ ਬਾਬਾ ਗੁਰਚਰਨ ਸਿੰਘ ਜੀ ਦੀ ਮੌਜੂਦਗੀ ‘ਚ ਸ੍ਰੀ ਪਟਨਾ ਸਾਹਿਬ ਵਿਖੇ ਲਿਖਿਆ ਅਗਲੇ ਮੁਖੀ ਬਾਰੇ ਮਤਾ ਸੰਗਤਾਂ ਵੱਲੋਂ ਸਾਂਝੇ ਰੂਪ ‘ਚ ਰੱਦ ਕੀਤਾ ਜਾ ਚੁੱਕਾ ਹੈ ਤੇ ਹੁਣ ਇਸ ਗੁਰਦੁਆਰਾ ਸਾਹਿਬ ਦਾ ਅਗਲਾ ਗੱਦੀ ਨਸ਼ੀਨ ਸੰਗਤਾਂ ਵੱਲੋਂ ਸਰਬ ਸੰਮਤੀ ਨਾਲ ਚੁਣਿਆ ਜਾਵੇਗਾ ।
ਕੀ ਕਹਿਣਾ ਹੈ ਗਿਆਨੀ ਇਕਬਾਲ ਸਿੰਘ ——- ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਰਹੇ ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਮੈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਜੱਥੇਦਾਰ ਹਾਂ ਤੇ ਮੇਰੇ ਕੋਲ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਆਪਣੇ ਜਿਉਂਦੇ ਜੀਅ ਆਪਣੇ ਸੇਵਾਦਾਰ ਨੂੰ ਆਪਣੇ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦਾ ਮੁੱਖ ਸੇਵਾਦਾਰ ਥਾਪਿਆ ਸੀ ਤੇ ਖੁਦ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਆਪਣੇ ਹੱਥੀਂ ਆਪਣੇ ਸੇਵਾਦਾਰ ਨੂੰ ਦਸਤਾਰ ਸਜਾਈ ਸੀ , ਜਿਸਤੋ ਬਾਅਦ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ । ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਮੈ ਇੱਥੇ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਥਾਪੇ ਗਏ ਸੇਵਾਦਾਰ ਬਾਰੇ ਹੀ ਅਰਦਾਸ ‘ਚ ਜਿਕਰ ਕੀਤਾ ਸੀ , ਜੋ ਕਿ ਮੈ ਕੋਈ ਗੁਨਾਹ ਨਹੀਂ ਕੀਤਾ , ਪਰ ਮੈਨੂੰ ਅਰਦਾਸ ਕਰਦੇ ਨੂੰ ਹੀ ਇੱਕ ਹੋਰ ਸੇਵਾਦਾਰ ਦੇ ਇਸ਼ਾਰੇ ਤੇ ਉਸਦੇ ਬੰਦਿਆਂ ਵੱਲੋਂ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਮੇਰੀ ਦਸਤਾਰ ਉਤਾਰ ਦਿੱਤੀ ਗਈ । ਮੈਨੂੰ ਗੁਰਦੁਆਰਾ ਸਾਹਿਬ ‘ਚ ਗਾਲੀ ਗਲੋਚ ਕੀਤੀ ਗਈ , ਜੋ ਕਿ ਅਰਦਾਸ ਦੀ ਵੀ ਬੇਅਦਬੀ ਹੋਈ ਹੈ ।
ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਭਰਾ ਨੇ ਕੀਤੀ ਦੁਬਾਰਾ ਅਰਦਾਸ ——
ਇਸੇ ਦੌਰਾਨ ਜਦ ਸੰਗਤਾਂ ਗਿਆਨੀ ਇਕਬਾਲ ਸਿੰਘ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਉੱਥੋਂ ਖਿੱਚ ਕੇ ਲੈ ਗਏ ਤਾਂ ਬਾਅਦ ‘ਚ ਇਲਾਕੇ ਦੀਆਂ ਸੰਗਤਾਂ ਦੀ ਮੰਗ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਦੁਬਾਰਾ ਅਰਦਾਸ ਕੀਤੀ ਤੇ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਅੰਗੇਠੇ ਨੂੰ ਮਹਾਂਪੁਰਸ਼ਾਂ ਵੱਲੋਂ ਅਗਨੀ ਭੇਂਟ ਕੀਤੀ ਗਈ । ਇਸ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਅੰਦਰ ਵੀ ਅਰਦਾਸ ਗਿਆਨੀ ਸਭਰਾ ਨੇ ਹੀ ਕੀਤੀ ।
*** ਵੱਖ ਵੱਖ ਮਹਾਂਪੁਰਸ਼ਾਂ ਤੇ ਰਾਜਨੀਤਕ ਆਗੂਆਂ ਕੀਤੀ ਸ਼ਿਰਕਤ —– ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਅੰਤਿਮ ਸੰਸਕਾਰ ਸਮੇ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ , ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ , ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ,ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ , ਸੰਤ ਬਾਬਾ ਸਰਬਜੋਤ ਸਿੰਘ ਬੇਦੀ , ਸੰਤ ਬਾਬਾ ਗੁਰਦੇਵ ਸਿੰਘ ਗੱਗੋਬੂਆ , ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ , ਬਾਬਾ ਜੱਗਾ ਸਿੰਘ , ਬਾਬਾ ਸੁਰਿੰਦਰ ਸਿੰਘ ,ਸੰਤ ਸੁਖਜੀਤ ਸਿੰਘ ਸੀਚੇਵਾਲ, ਬਾਬਾ ਗੁਰਬਾਜ ਸਿੰਘ , ਸੰਤ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਦੇ ਸੇਵਾਦਾਰ , ਤੋਂ ਇਲਾਵਾ ਸਿਆਸੀ ਆਗੂ ਸੱਜਣ ਸਿੰਘ ਅਰਜੁਨਾ ਐਵਾਰਡੀ ਆਪ ਆਗੂ ,ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ , ਕੈਪਟਨ ਹਰਮਿੰਦਰ ਸਿੰਘ ਇਚਾਰਜ ਅਕਾਲੀ ਦਲ , ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਅੰਤ੍ਰਿੰਗ ਕਮੇਟੀ , ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ , ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਪ੍ਰਧਾਨ ਸੰਤੋਖ ਸਿੰਘ ਬਿਧੀਪੁਰ , ਜਥੇ ਸੂਬਾ ਸਿੰਘ ਠੱਟਾ ਮੀਤ ਪ੍ਰਧਾਨ , ਇੰਦਰਜੀਤ ਸਿੰਘ ਬਜਾਜ , ਭਾਈ ਜਸਪਾਲ ਸਿੰਘ ਨੀਲਾ , ਭਾਈ ਅਵਤਾਰ ਸਿੰਘ , ਮੈਨੇਜਰ ਬੇਰ ਸਾਹਿਬ ਗੁਰਾ ਸਿੰਘ ਮਾਨ ,ਸ਼ਤਿੰਦਰ ਸਿੰਘ ਬਾਜਵਾ ਮੈਨੇਜਰ ਬਾਬਾ ਬਕਾਲਾ ਸਾਹਿਬ , ਹਰਜੀਤ ਸਿੰਘ ਵਾਲੀਆਂ ਜਿਲ੍ਹਾ ਪ੍ਰਧਾਨ ਅਕਾਲੀ ਦਲ, ਭਾਈ ਜਤਿੰਦਰ ਸਿੰਘ ਰਾਗੀ, ਭਾਈ ਦਲਬੀਰ ਸਿੰਘ ਕਵੀਸ਼ਰੀ , ਭਾਈ ਅਵਤਾਰ ਸਿੰਘ ਦੂਲੋਵਾਲ ਕਵੀਸ਼ਰੀ , ਗੁਰਦਿਆਲ ਸਿੰਘ ਪ੍ਰਧਾਨ ਆਦਿ ਹੋਰਨਾਂ ਸ਼ਿਰਕਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly