(ਸਮਾਜ ਵੀਕਲੀ)
ਕੋਲ ਬੈਠ ਕੇ ਬਾਪੂ ਦੇ ਅੱਜ, ਛਿੜ ਗਈ ਗੱਲ ਪੁਰਾਣੀ ਸੀ।
ਖੋਲ ਹਵਾਲਾ ਦਿੱਤਾ ਸਾਰਾ,ਜੋ ਵੀ ਦਰਦ ਕਹਾਣੀ ਸੀ ।
ਤਿੱਪ ਤਿੱਪ ਲੱਗ ਪਈ ਚੋਣ ਅੱਖੀਆਂ,ਜਦ ਉਹ ਗੱਲ ਸੁਣਾਵੇ।
ਸੰਨ ਸੰਤਾਲੀ ਵਾਲਾ ਪੁੱਤਰਾ, ਮੁੜਕੇ ਦੌਰ ਨਾਂ ਆਵੇ।
ਰਹੀ ਨਹੀਂ ਸੀ ਸਾਰ ਕਿਸੇ,ਨੂੰ ਆਪਣੇ,ਅਤੇ ਪਰਾਏ ਦੀ।
ਹੁੰਦੀ ਨਹੀਂ ਬਿਆਨ ਦਾਸਤਾਂ,ਜ਼ਿਸਮ ਤੇ ਦਰਦ ਹੰਢਾਏ ਦੀ।
ਖੂਨੀ ਮੰਜਰ ਬਹੁਤ ਬੁਰਾ ਸੀ,ਦਿਲ ਨੂੰ ਬੜਾ ਸਤਾਵੇ।
ਸੰਨ ਸੰਤਾਲੀ ਵਾਲਾ ਪੁੱਤਰਾ, ਮੁੜਕੇ ਦੌਰ ਨਾ ਆਵੇ।
ਭੇਂਟ ਚੜ੍ਹੇ ਸੀ ਰਾਜਨੀਤੀ ਦੇ,ਦੋਵੇਂ ਸਕੇ ਵੀਰ ਪੁੱਤਾ।
ਅੱਖਾਂ ਸਾਹਵੇਂ ਧੀਆਂ ਭੈਣਾਂ ਦੇ, ਨੋਚੇ ਜਦੋਂ ਸਰੀਰ ਪੁੱਤਾ।
ਐਨਾਂ ਮਾੜਾ ਵਕਤ ਕਿਸੇ ਤੇ, ਰੱਬ ਕਦੇ ਨਾਂ ਪਾਵੇ।
ਸੰਨ ਸੰਤਾਲੀ ਵਾਲਾ ਪੁੱਤਰਾ ਮੁੜਕੇ ਦੌਰ ਨਾ ਆਵੇ।
ਪੁੱਤਾਂ ਸਣੇਂ ਸੀ ਮਾਵਾਂ ਰੁਲੀ਼ਆਂ,ਵਗੀ ਖ਼ੂਨ ਦੀਆਂ ਨਦੀਆਂ ਸੀ।
ਦਿਲਿਓਂ ਤੱਕ ਲਾਹੌਰ ਤੋਂ ਰੇਲਾਂ,ਲੋਥਾਂ ਦੇ ਨਾਲ ਲਦੀਆਂ ਸੀ।
ਹਿੰਦੂ ਮੁਸਲਿਮ ਆਪਸ ਦੇ ਵਿੱਚ,ਲੜ ਲੜ ਕੇ ਮਰ ਜਾਵੇ।
ਸੰਨ ਸੰਤਾਲੀ ਵਾਲਾ ਪੁੱਤਰਾ, ਮੁੜਕੇ ਦੌਰ ਨਾ ਆਵੇ।
ਧਨ ਦੌਲਤ ਘਰ ਬਾਰ ਛੁਟ ਗਏ,ਹੋਏ ਬਹੁਤ ਉਜਾੜੇ ਸੀ।
“ਕਾਮੀ ਵਾਲਿਆ” ਐਸੇ ਆਏ,ਦਿਨ ਦੁਨੀਆਂ ਤੇ ਮਾੜੇ ਸੀ।
“ਖਾਨਾਂ” ਜਿਸਨੇ ਦੇਖਿਆ ਮੰਜ਼ਰ, ਨਾ ਉਹ ਦਿਲੋਂ ਭੁਲਾਵੇ।
ਸੰਨ ਸੰਤਾਲੀ ਵਾਲਾ ਪੁੱਤਰਾ, ਮੁੜਕੇ ਦੌਰ ਨਾ ਆਵੇ।
ਸੁਕਰ ਦੀਨ ਕਾਮੀਂ ਖੁਰਦ
9592384393
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly