ਪੇਈਚਿੰਗ (ਸਮਾਜ ਵੀਕਲੀ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਕਰੇਨ ਉਤੇ ਹਮਲੇ ਲਈ ਰੂਸ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ‘ਸਾਰਿਆਂ ਲਈ ਨੁਕਸਾਨਦੇਹ’ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ ਜਰਮਨੀ ਦੇ ਚਾਂਸਲਰ ਓਲਾਫ਼ ਸ਼ੁਲਜ਼ ਨਾਲ ਵੀਡੀਓ ਸੰਮੇਲਨ ਰਾਹੀਂ ਗੱਲਬਾਤ ਕਰਦਿਆਂ ਚੀਨ ਨੇ ਜ਼ਿਆਦਾਤਰ ਰੂਸ ਦਾ ਪੱਖ ਪੂਰਿਆ। ਜ਼ਿਕਰਯੋਗ ਹੈ ਕਿ ਜਿਨਪਿੰਗ ਨੇ ਟਕਰਾਅ ਭੜਕਾਉਣ ਲਈ ਅਮਰੀਕਾ ਤੇ ਇਸ ਦੇ ਸਾਥੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ।
ਰੂਸ ਦੀ ਕਾਰਵਾਈ ਬਾਰੇ ਸੰਯੁਕਤ ਰਾਸ਼ਟਰ ਵਿਚ ਹੋਈ ਵੋਟਿੰਗ ਮੌਕੇ ਵੀ ਚੀਨ ਗੈਰਹਾਜ਼ਰ ਰਿਹਾ ਸੀ। ਚੀਨ ਦੀ ਸਰਕਾਰੀ ਪ੍ਰਸਾਰਨ ਸੇਵਾ ਸੀਸੀਟੀਵੀ ਮੁਤਾਬਕ ਸ਼ੀ ਨੇ ਇਸ ਜੰਗ ’ਤੇ ‘ਬੇਚੈਨੀ ਅਤੇ ਡੂੰਘਾ ਦੁੱਖ’ ਜ਼ਾਹਿਰ ਕੀਤਾ ਹੈ। ਉਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤੀ ਵਾਰਤਾ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਸ਼ੀ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਚੀਨ ਕਿਸ ਤਰ੍ਹਾਂ ਦਾ ਹੱਲ ਚਾਹੁੰਦਾ ਹੈ। ਉਨ੍ਹਾਂ ਸਿਰਫ਼ ਪਾਬੰਦੀਆਂ ਬਾਰੇ ਗੱਲ ਕੀਤੀ। ਜਿਨਪਿੰਗ ਨੇ ਕਿਹਾ ਕਿ ਉਹ ਸੰਕਟ ਦੇ ਨਕਾਰਾਤਮਕ ਅਸਰਾਂ ਨੂੰ ਘਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਕਾਰਨ ਪਹਿਲਾਂ ਹੀ ਸੰਸਾਰ ਦੀ ਆਰਥਿਕਤਾ ਦਬਾਅ ਹੇਠ ਹੈ। ਹੁਣ ਆਲਮੀ ਵਿੱਤੀ ਢਾਂਚੇ, ਊਰਜਾ ਸਰੋਤਾਂ, ਟਰਾਂਸਪੋਰਟ ਤੇ ਸਪਲਾਈ ਲੜੀ ਉਤੇ ਪਾਬੰਦੀਆਂ ਦਾ ਬੋਝ ਪੈ ਗਿਆ ਹੈ ਜੋ ਕਿ ਸਾਰਿਆਂ ਲਈ ਨੁਕਸਾਨਦੇਹ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly