HOME ਫ਼ਿਲਮੀ ਸਿਤਾਰਿਆਂ ਨੂੰ ਨਮਨ ਕਰਦੀ ਕਿਤਾਬ : ਸ਼ਾਨ-ਏ-ਬਾਲੀਵੁੱਡ

ਫ਼ਿਲਮੀ ਸਿਤਾਰਿਆਂ ਨੂੰ ਨਮਨ ਕਰਦੀ ਕਿਤਾਬ : ਸ਼ਾਨ-ਏ-ਬਾਲੀਵੁੱਡ

6
 

ਸ਼ਿਵਾਨੀ ਚੌਧਰੀ

  (ਸਮਾਜ ਵੀਕਲੀ)  ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸਿਨੇਮਾ ਸੰਬੰਧੀ ਲਿਖਤਾਂ ਦੀ ਘਾਟ ਅਕਸਰ ਮਹਿਸੂਸ ਕੀਤੀ ਜਾਂਦੀ ਰਹੀ ਹੈ। ਅਜਿਹੇ ਸਮੇਂ ਵਿੱਚ ਸਤਿਕਾਰਯੋਗ ਲੇਖਕ ਵਰਿੰਦਰ ਆਜ਼ਾਦ ਦੀ ਕਿਤਾਬ ‘ਸ਼ਾਨ-ਏ-ਬਾਲੀਵੁੱਡ’ ਇੱਕ ਮਹੱਤਵਪੂਰਨ ਯੋਗਦਾਨ ਵਜੋਂ ਸਾਹਮਣੇ ਆਉਂਦੀ ਹੈ। ਲੰਬੇ ਸਮੇਂ ਤੋਂ ਸਿਨੇਮਾ ਜਗਤ ਨਾਲ ਜੁੜੀ ਲਿਖਤ ਰਚਦੇ ਆ ਰਹੇ ਵਰਿੰਦਰ ਆਜ਼ਾਦ ਜੀ ਨੇ ਇਸ ਕਿਤਾਬ ਰਾਹੀਂ ਹਿੰਦੀ ਫ਼ਿਲਮ ਉਦਯੋਗ ਦੀਆਂ ਚਮਕਦਾਰ ਹਸਤੀਆਂ ਦੇ ਜੀਵਨ, ਸੰਘਰਸ਼ ਅਤੇ ਸਫ਼ਲਤਾ ਦੀਆਂ ਕਹਾਣੀਆਂ ਨੂੰ ਬੜੀ ਸੁਚੱਜੀ ਢੰਗ ਨਾਲ ਪੇਸ਼ ਕੀਤਾ ਹੈ। ਉਹ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਮਾਸਿਕ ਰਸਾਲੇ ਫ਼ਿਲਮੀ ਯਾਤਰਾ ਨਾਲ ਸੰਪਾਦਕ ਵਜੋਂ ਵੀ ਜੁੜੇ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਫ਼ਿਲਮੀ ਜਾਣਕਾਰੀ ਦੀ ਗਹਿਰਾਈ ਦਾ ਅੰਦਾਜ਼ਾ ਲੱਗਦਾ ਹੈ। ਇਸ ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪੁਰਾਣੇ ਦੌਰ ਦੀਆਂ ਮਹਾਨ ਹਸਤੀਆਂ ਤੋਂ ਲੈ ਕੇ ਨਵੇਂ ਯੁੱਗ ਦੇ ਚਰਚਿਤ ਚਿਹਰਿਆਂ ਤੱਕ ਸਭ ਨੂੰ ਸਮੇਟਿਆ ਗਿਆ ਹੈ। ਕਪੂਰ ਖਾਨਦਾਨ ਦੀ ਵਿਰਾਸਤ ਨੂੰ ਦਰਸਾਉਂਦੇ ਹੋਏ ਪ੍ਰਿਥਵੀਰਾਜ ਕਪੂਰ, ਰਾਜ ਕਪੂਰ, ਸ਼ਸ਼ੀ ਕਪੂਰ, ਰਿਸ਼ੀ ਕਪੂਰ ਅਤੇ ਰਣਬੀਰ ਕਪੂਰ ਦੇ ਫ਼ਿਲਮੀ ਸਫ਼ਰ ਨੂੰ ਬੜੀ ਦਿਲਚਸਪੀ ਨਾਲ ਦਰਸਾਇਆ ਗਿਆ ਹੈ। ਅਭਿਨੇਤਰੀਆਂ ਵਿੱਚ ਦੇਵਿਕਾ ਰਾਣੀ, ਨਰਗਿਸ ਦੱਤ, ਨਿਰੂਪਾ ਰਾਏ, ਰੇਖਾ ਅਤੇ ਸ੍ਰੀਦੇਵੀ ਵਰਗੀਆਂ ਅਦਾਕਾਰਾਵਾਂ ਦੇ ਯਾਦਗਾਰ ਕਿਰਦਾਰਾਂ ਦਾ ਸੰਵੇਦਨਸ਼ੀਲ ਚਿੱਤਰਣ ਕੀਤਾ ਗਿਆ ਹੈ। ਇਸੇ ਤਰ੍ਹਾਂ ਅਦਾਕਾਰਾਂ ਵਿੱਚ ਅਮਿਤਾਬ ਬੱਚਨ (ਸਦੀ ਦੇ ਮਹਾਨਾਇਕ), ਧਰਮਿੰਦਰ, ਸਨੀ ਦਿਓਲ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਸਲਮਾਨ ਖ਼ਾਨ ਅਤੇ ਅਕਸ਼ੈ ਕੁਮਾਰ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਪ੍ਰਸਿੱਧ ਫ਼ਿਲਮਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਖਲਨਾਇਕਾਂ ਵਿੱਚ ਅਮਰੀਸ਼ ਪੂਰੀ ਅਤੇ ਅਮਜ਼ਦ ਖ਼ਾਨ ਦੇ ਦਮਦਾਰ ਕਿਰਦਾਰਾਂ ਦਾ ਜ਼ਿਕਰ ਹੈ, ਜਦਕਿ ਕਮੇਡੀ ਦੇ ਖੇਤਰ ਵਿੱਚ ਮਹਿਮੂਦ, ਜਾਨੀ ਵਾਕਰ, ਅਸਰਾਨੀ ਅਤੇ ਜਾਨੀ ਲੀਵਰ ਵਰਗੀਆਂ ਹਸਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗਾਇਕੀ ਦੇ ਖੇਤਰ ਵਿੱਚ ਕੇ.ਐਲ. ਸਹਿਗਲ, ਮੁਹੰਮਦ ਰਫ਼ੀ, ਮੁਕੇਸ਼ ਅਤੇ ਕਿਸ਼ੋਰ ਕੁਮਾਰ ਵਰਗੇ ਮਹਾਨ ਗਾਇਕਾਂ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਗਿਆ ਹੈ। ਕਿਤਾਬ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਲੇਖਕ ਨੇ ਸਿਤਾਰਿਆਂ ਦੀ ਚਮਕ-ਧਮਕ ਦੇ ਨਾਲ-ਨਾਲ ਉਨ੍ਹਾਂ ਦੀਆਂ ਨਿੱਜੀ ਜ਼ਿੰਦਗੀਆਂ ਦੇ ਉਤਾਰ-ਚੜ੍ਹਾਵਾਂ ਨੂੰ ਵੀ ਸਧਾਰਣ ਅਤੇ ਮਨੁੱਖੀ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਜਿਸ ਨਾਲ ਪਾਠਕ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਫ਼ਿਲਮੀ ਸਿਤਾਰੇ ਵੀ ਆਮ ਇਨਸਾਨਾਂ ਵਾਂਗ ਸੰਘਰਸ਼ਾਂ ਵਿੱਚੋਂ ਲੰਘ ਕੇ ਹੀ ਕਾਮਯਾਬੀ ਤੱਕ ਪਹੁੰਚਦੇ ਹਨ। ਭਾਸ਼ਾ ਸਧਾਰਣ, ਪ੍ਰਵਾਹਮਈ ਅਤੇ ਰੁਚਿਕਾਰ ਹੈ, ਜਿਸ ਕਰਕੇ ਕਿਤਾਬ ਪੜ੍ਹਦੇ ਸਮੇਂ ਪਾਠਕ ਦੀ ਦਿਲਚਸਪੀ ਬਣੀ ਰਹਿੰਦੀ ਹੈ। ਪੰਜਾਬੀ ਵਿੱਚ ਫ਼ਿਲਮ ਜਗਤ ਬਾਰੇ ਲਿਖਣ ਵਾਲੇ ਲੇਖਕਾਂ ਦੀ ਗਿਣਤੀ ਘੱਟ ਹੈ, ਇਸ ਲਈ ‘ਸ਼ਾਨ-ਏ-ਬਾਲੀਵੁੱਡ’ ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਸਿਨੇਮਾ-ਪ੍ਰੇਮੀਆਂ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਅੰਤ ਵਿੱਚ ਸਿਰਫ਼ ਇਹੀ ਕਿਹਾ ਜਾ ਸਕਦਾ ਹੈ ਕਿ ‘ਸ਼ਾਨ-ਏ-ਬਾਲੀਵੁੱਡ’ ਹਿੰਦੀ ਸਿਨੇਮਾ ਦੀ ਵਿਰਾਸਤ ਨੂੰ ਪੰਜਾਬੀ ਭਾਸ਼ਾ ਵਿੱਚ ਸੰਭਾਲਣ ਦਾ ਇੱਕ ਸਰਾਹਣਯੋਗ ਯਤਨ ਹੈ। ਇਹ ਕਿਤਾਬ ਹਰ ਉਮਰ ਦੇ ਪਾਠਕਾਂ ਲਈ ਪੜ੍ਹਨਯੋਗ ਹੈ ਅਤੇ ਲੇਖਕ ਵਰਿੰਦਰ ਆਜ਼ਾਦ ਜੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਿਨੇਮਾ ਦੀ ਰੌਸ਼ਨ ਦੁਨੀਆ ਨੂੰ ਸ਼ਬਦਾਂ ਦੀ ਸੁੰਦਰ ਮਾਲਾ ਵਿੱਚ ਪਰੋਇਆ ਹੈ।

✍️ਸ਼ਿਵਾਨੀ ਚੌਧਰੀ 
ਕਾਂਗੜਾ  ਹਿਮਾਚਲ ਪ੍ਰਦੇਸ਼
Previous articleਕਿਸਾਨ-ਮਜ਼ਦੂਰ ਸੰਘਰਸ਼ਾਂ ਨੂੰ ਜਬਰ ਨਾਲ ਦਬਾਉਣਾ ਬੰਦ ਕਰੇ ਪੰਜਾਬ ਸਰਕਾਰ – ਜਮਹੂਰੀ ਫਰੰਟ
Next articleਵਿਗਿਆਨਕ ਸੋਚ ਵਕ਼ਤ ਦੀ ਮੁੱਖ ਲੋੜ-ਤਰਕਸ਼ੀਲ