(ਸਮਾਜ ਵੀਕਲੀ)
ਖੇਤਾਂ ਵਿੱਚ ਖਲਿਆਨਾ ਵਿੱਚ,ਅੰਬਰ ਦੇ ਉੱਚੇ ਨਿਸ਼ਾਨਾਂ ਵਿੱਚ,
ਤੇਰੇ ਲਹੂ ਪਸੀਨੇ ਨਾਲ ਹੀ ਹੋਇਆ ਚਮਤਕਾਰ ਹੈ,
ਸੁੱਚੀ ਕਿਰਤ ਦੇ ਜਾਇਆ ਤੈਨੂੰ ਕੋਟਿ ਕੋਟਿ ਨਮਸਕਾਰ ਹੈ।
ਕੋਲ਼ੇ ਦੇ ਵਿੱਚ ਕੋਲਾ਼ ਹੋਇਆਂ, ਦਰਦ ਏ ਸੀਨੇ ਵਿੱਚ ਸਮੋਇਆ,
ਸੋਨਾ ਖਾਨ ਚੋਂ ਸੋਨਾ ਕੱਢਦਿਆਂ, ਪੁੱਤਰ ਟੁੱਕਰ ਦੇ ਲਈ ਰੋਇਆ।
ਤੇਰੀ ਪੀੜ ਦਾ ਦਰਦੀ ਕਿਹੜਾ, ਮਾਨਵਤਾ ਸ਼ਰਮਸ਼ਾਰ ਹੈ।
ਸੁੱਚੀ ਕਿਰਤ ਦੇ ਜਾਇਆ, ਤੈਨੂੰ ਸਦਾ ਨਮਸਕਾਰ ਹੈ।
ਖੇਤ ਜੋ ਗੋਡੇ, ਬੀਜੇ , ਵਾਹੇ,ਧਰਤੀਓ ਸੋਨਾ ਕੱਢ ਲਿਆਵੇ,
ਮਿੱਟੀ ਦੇ ਨਾਲ ਮਿੱਟੀ ਹੋ ਕੇ, ਸਾਰਿਆਂ ਤਾਈਂ ਅੰਨ ਪਹੁੰਚਾਏਂ।
ਤੇਰੇ ਕਿਰਤੀ ਪਿੰਡੇ ਉੱਤੇ ਮਣਾਂ ਮੂੰਹੀਂ ਭਾਰ ਏ,
ਸੁੱਚੀ ਕਿਰਤ ਦੇ ਜਾਇਆ ਤੈਨੂੰ ਸਦਾ ਨਮਸਕਾਰ ਹੈ।
ਉਂਚੇ ਮੰਦਰ , ਠਾਕਰਦੁਆਰੇ,ਤੇਰੇ ਮੁੜਕੇ ਨਾਲ ਉਸਾਰੇ
ਪੱਥਰ ਪੂਜਣ ਦੁਨੀਆਂ ਵਾਲੇ, ਜਿਉਂਦਿਆਂ ਤਾਈ ਦੁਰਕਾਰ ਹੈ,
ਸੁੱਚੀ ਕਿਰਤ ਦੇ ਜਾਇਆ ਤੈਨੂੰ ਸਦਾ ਨਮਸਕਾਰ ਹੈ।
ਸਤਨਾਮ ਕੌਰ ਤੁਗਲਵਾਲਾ



