ਲੁਧਿਆਣਾ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਬੀਤੇ ਕੱਲ੍ਹ ਲੁਧਿਆਣਾ ਦੇ ਕੁਹਾੜਾ ਨੇੜੇ ਸਾਈਕਲ ਵੈਲੀ ਧਨਾਨਸੂ ਵਿੱਚ ਪੰਜਾਬ ਪੱਧਰ ਤੋਂ ਹੀ ਸਰਪੰਚਾਂ ਨੂੰ ਸਹੁੰ ਚੁਕਾਉਣ ਦਾ ਵਿਸ਼ੇਸ਼ ਸਮਾਗਮ ਪੰਜਾਬ ਸਰਕਾਰ ਨੇ ਰੱਖਿਆ। ਸਰਕਾਰ ਨੇ ਪ੍ਰੋਗਰਾਮ ਦਰਮਿਆਨ ਸ਼ਾਇਦ ਇਹ ਯਾਦ ਨਹੀਂ ਰੱਖਿਆ ਕਿ ਇਹ ਸਮਾਗਮ ਇਕੱਲੇ ਲੁਧਿਆਣਾ ਜਾ ਹੋਰ ਨੇੜੇ ਤੇੜੇ ਦੇ ਨਹੀਂ ਸਮੁੱਚੇ ਪੰਜਾਬ ਦੇ ਸਰਪੰਚਾਂ ਦਾ ਹੈ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਾਮਿਲ ਹੋਣਾ ਹੈ। ਇਸ ਸਮਾਗਮ ਦੇ ਵਿੱਚ ਸੁਚੱਜੇ ਪ੍ਰਬੰਧ ਨਾ ਹੋ ਸਕੇ ਤੇ ਇਸ ਨਾਲ ਦੂਰੋ ਆਏ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ ਖਾਣ ਪੀਣ ਦਾ ਸਹੀ ਪ੍ਰਬੰਧ ਨਹੀਂ ਸੀ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਿਆ। ਵੱਡਾ ਇਕੱਠ ਤਾਂ ਕੀਤਾ ਗਿਆ ਪਰ ਲੋਕਾਂ ਲਈ ਸਹੀ ਪ੍ਰਬੰਧ ਨਹੀਂ ਕੀਤੇ ਗਏ। ਦੂਰ ਦੂਰ ਤੱਕ ਜਾਮ ਲੱਗਿਆ ਰਿਹਾ ਬੇਸ਼ੱਕ ਮੁੱਖ ਮੰਤਰੀ ਸਰਪੰਚਾਂ ਨੂੰ ਪੰਡਾਲ ਵਿੱਚ ਸਹੁੰ ਚੁਕਾ ਰਹੇ ਸਨ ਪਰ ਹਾਲੇ ਬਹੁਤੇ ਸਰਪੰਚ ਇਸ ਪੰਡਾਲ ਤੋਂ ਦੂਰ ਸਨ ਜੋ ਜਾਮ ਵਿੱਚ ਫਸੇ ਹੋਣ ਕਾਰਨ ਨਹੀਂ ਪੁੱਜ ਸਕੇ। ਇਸ ਤੋਂ ਇਲਾਵਾ ਜਿਸ ਥਾਂ ਉੱਤੇ ਲੋਕਾ ਦੀਆ ਗੱਡੀਆਂ ਖੜਨ ਲਈ ਪਾਰਕ ਬਣਾਈ ਗਈ ਸੀ ਉਸ ਥਾਂ ਉੱਪਰ ਰੇਤ ਕਾਰਨ ਲੋਕਾਂ ਦੀਆਂ ਗੱਡੀਆਂ ਫਸੀਆਂ ਨਜ਼ਰ ਆਈਆਂ। ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਲੋਕਾਂ ਨੇ ਆਪਣੀਆਂ ਗੱਡੀਆਂ ਕੱਢਣੀਆਂ ਚਾਹੀਆਂ ਤਾਂ ਥੋੜੀ ਦੂਰ ਜਾ ਕੇ ਗੱਡੀਆਂ ਦੇ ਟਾਇਰ ਰੇਤੇ ਵਿੱਚ ਧਸ ਗਏ ਤੇ ਗੱਡੀ ਅੱਗੇ ਨਹੀਂ ਜਾ ਸਕਦੀ ਸੀ ਗੱਡੀ ਨੂੰ ਰੇਤੇ ਵਿੱਚੋਂ ਕੱਢਣ ਦੇ ਲਈ ਛੋਟੀਆਂ ਕਰੇਨਾਂ ਮੰਗਵਾਈਆਂ ਗਈਆ। ਜਦੋਂ ਨਵੇਂ ਬਣੇ ਸਰਪੰਚ ਪੰਚ ਆਪਣੀਆਂ ਗੱਡੀਆਂ ਨੂੰ ਧੱਕਾ ਲਗਾ ਕੇ ਕੱਢ ਰਹੇ ਸਨ ਤਾਂ ਉਹ ਇਸ ਸਮਾਗਮ ਦੇ ਨਾਕਸ ਪ੍ਰਬੰਧਾ ਨੂੰ ਵੀ ਕੋਸ ਰਹੇ ਸਨ। ਇਸ ਤੋਂ ਇਲਾਵਾ ਬੱਸਾਂ ਵਿੱਚ ਬੈਠੀਆਂ ਨਰੇਗਾ ਵਾਲੀਆਂ ਬੀਬੀਆਂ ਵੀ ਚਰਚਾ ਵਿੱਚ ਰਹੀਆਂ ਜੋ ਕਹਿ ਰਹੀਆਂ ਸਨ ਕਿ ਸਾਨੂੰ ਤਾਂ ਭਾਈ ਦਿਹਾੜੀ ਤੱਕ ਮਤਲਬ ਹੈ ਜਿੱਥੇ ਮਰਜੀ ਲੈ ਆਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly