ਪੰਜਾਬੀ ਬੋਲੀ ਦਾ ਉਦਾਸ ਸ਼ਾਇਰ ਸ਼ਿਵ ਬਟਾਲਵੀ”

(ਸਮਾਜ ਵੀਕਲੀ)-ਇੰਗਲੈਂਡ ਵਿੱਚ ਦਿਤੀ ਆਖਰੀ ਇੰਟਰਵਿਊ ਵਿੱਚ ਸ਼ਿਵ ਨੂੰ ਜਦੋਂ ਪੁਛਿਆ ਗਿਆ ਕਿ ਤੁਸੀਂ ਸਿਰਫ ਪਿਆਰ ਮੁਹੱਬਤ ਦੇ ਹੀ ਗੀਤ ਲਿਖਦੇ ਹੋ ? ਤਾਂ ਸ਼ਿਵ ਕੁਮਾਰ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਮੈਂ ਤਾਂ ਸਮਾਜ ਦਾ ਦਰਦ ਲਿਖਦਾ ਹਾ। ਮੈਂ ਹਰ ਔਰਤ ਦੀ ਗੁਲਾਮੀ, ਬੇਬਸੀ, ਲਾਚਾਰੀ, ਅਤੇ ਤ੍ਰਾਸਦੀ ਲਿਖਦਾ ਹਾਂ। ਸੱਚਮੁੱਚ ਹੀ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਲਿਖਤ ਕਵਿ ਨਾਟਕ “ਲੂਣਾ” ਵਿੱਚ ਔਰਤ ਦੀ ਅਜਾਦੀ, ਹੱਕ , ਬਰਾਬਰਤਾ, ਅਤੇ ਔਰਤ ਨੂੰ ਸਤਿਕਾਰ ਦੇਣ ਦੀ ਵਕਾਲਤ ਕੀਤੀ ਹੈ। ਸਮਾਜ ਵਿੱਚ ਕਿਸੇ ਵੇਲੇ ਉਚੇ ਅਤੇ ਸ਼ਾਤਿਰ ਲੋਕਾਂ ਵਲੋਂ ਆਪਣੇ ਹਿਸਾਬ ਨਾਲ ਕੀਤੀ ਦਰਜਾਬੰਦੀ ਵਿੱਚ ਜ਼ਾਤ ਪਾਤ, ਨਫ਼ਰਤ, ਭੇਦ ਭਾਵ, ਸਰਮਾਏਦਾਰੀ, ਅਤੇ ਰੂੜ੍ਹੀਵਾਦੀ ਰਵਾਇਤਾਂ ਖ਼ਿਲਾਫ਼ ਬਗ਼ਾਵਤ ਦਾ ਐਲਾਨ-ਨਾਮਾ ਸੀ ਕਾਵਿ ਨਾਟਕ “ਲੂਣਾਂ”
ਪਿਤਾ ਜੇ ਧੀ ਦਾ ਰੂਪ ਹੰਢਾਵੇ,
ਲੋਕਾ ਵੇ ਤੈਨੂੰ ਲਾਜ ਨਾ ਆਵੇ।
ਜੇ ਲੂਣਾ ਪੂਰਨ ਨੂੰ ਚਾਹਵੇ,
ਚਰਿੱਤਰਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ।
ਲੂਣਾ ਹੋਵੇ ਤਾਂ ਅਪਰਾਧਣ,
ਜੇਕਰ ਅੰਦਰੋਂ ਹੋਵੇ ਸੁਹਾਗਣ।
ਮਹਿਕ ਓਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਂ ਕੰਜਕ
ਮੈਂ ਹੀ ਜਾਣਦੀ।

ਜਿਸਨੂੰ ਲਿਖਣ ਤੋਂ ਬਾਅਦ ਉਹ ਸਭ ਤੋਂ ਘੱਟ ਉਮਰ ਵਿਚ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕਰਨ ਵਾਲੇ ਪਹਿਲੇ ਕਵੀ ਬਣ ਗਏ ਸਨ। ਉਨ੍ਹਾਂ ਦੀ ਹਰ ਲਿਖਤ ਧੁਰ ਅੰਦਰੋਂ ਆਉਂਦੀ ਸੀ ਜਿਸਨੂੰ ਉਹ ਡੂਘੇ ਦਿਲ ਦਰਿਆ ਵਿੱਚੋ ਨਿਕਲੇ ਸ਼ਬਦਾਂ ਰਾਹੀਂ ਬਾਖੂਬੀ ਸਿਰਜਣਾ ਜਾਣਦਾ ਸੀ। ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਈ. ਨੂੰ ਸਿਆਲਕੋਟ ਜ਼ਿਲ੍ਹੇ ਦੀ ਸ਼ਕੜਗੜ੍ਹ ਤਹਿਸੀਲ ਵਿਚ ਪੈਂਦੇ ਪਿੰਡ ਬੜਾ ਲੋਹਤੀਆਂ (ਮੌਜੂਦਾ ਪਾਕਿਸਤਾਨ) ਵਿਚ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਤਹਿਸੀਲਦਾਰ ਸਨ। 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿਖੇ ਆ ਵਸਿਆ। ਜਿੱਥੇ ਉਨ੍ਹਾਂ ਦੇ ਪਿਤਾ ਨੇ ਪਟਵਾਰੀ ਵਜੋਂ ਕੰਮ ਕੀਤਾ। 1953 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰੀਕੁਲੇਸ਼ਨ ਦੀ ਵਿਦਿਆ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਬੇਰਿੰਗ ਯੂਨੀਅਨ ਕਿ੍ਰਸ਼ਚੀਅਨ ਕਾਲਜ ਬਟਾਲਾ ਵਿਚ ਐੱਫ.ਐੱਸ.ਸੀ ਲਈ ਦਾਖਲਾ ਲਿਆ ਅਤੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਐੱਸ ਐੱਨ ਕਾਲਜ ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਸ ਤੋਂ ਬਾਅਦ ਫਿਰ ਉਹ ਪੜ੍ਹਾਈ ਵਿਚਕਾਰ ਛੱਡ ਕੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਲਈ ਹਿਮਾਚਲ ਪ੍ਰਦੇਸ਼ ਚਲੇ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਨਾਭਾ ਵਿਖੇ ਸਰਕਾਰੀ ਰਿਪੁਦਮਨ ਕਾਲਜ ਵਿਚ ਦਾਖਲਾ ਲਿਆ। 1960 ਵਿਚ ਉਨ੍ਹਾਂ ਦੀ ਪਹਿਲੀ ਕਵਿਤਾ ‘ਪੀੜਾਂ ਦਾ ਪਰਾਗਾ’ ਪ੍ਰਕਾਸ਼ਿਤ ਹੋਈ। 5 ਫਰਵਰੀ 1967 ਨੂੰ ਉਸਨੇ ਆਪਣੀ ਜਾਤੀ ਦੀ ਇੱਕ ਬ੍ਰਾਹਮਣ ਕੁੜੀ ਅਰੁਣਾ, ਨਾਲ ਵਿਆਹ ਕਰਵਾ ਲਿਆ। ਉਹ ਕਿਰੀ ਮੰਗਿਆਲ, ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਅਤੇ ਉਨ੍ਹਾਂ ਦੇ ਦੋ ਬੱਚੇ, ਮੇਹਰਬਾਨ (1968) ਅਤੇ ਪੂਜਾ (1969) ਵੀ ਹਨ। ਆਪਣੇ ਵਿਆਹ ਤੋਂ ਤੁਰੰਤ ਬਾਅਦ, 1968 ਵਿੱਚ, ਉਹ ਚੰਡੀਗੜ੍ਹ ਚਲੇ ਗਏ, ਜਿੱਥੇ ਉਹ ਇੱਕ ਪੇਸ਼ੇਵਰ ਵਜੋਂ ਸਟੇਟ ਬੈਂਕ ਆਫ਼ ਇੰਡੀਆ ਵਿੱਚ ਸ਼ਾਮਲ ਹੋ ਗਏ। ਅਗਲੇ ਸਾਲਾਂ ਵਿੱਚ, ਮਾੜੀ ਸਿਹਤ ਨੇ ਉਸਨੂੰ ਪਰੇਸ਼ਾਨ ਕੀਤਾ, ਹਾਲਾਂਕਿ ਉਸਨੇ ਲਿਖਣਾ ਜਾਰੀ ਰੱਖਿਆ।
ਪੰਜਾਬੀ ਕਾਵਿ ਜਗਤ ਵਿਚ ਸ਼ਿਵ ਨੂੰ ‘ਬਿਰਹਾ ਦਾ ਸੁਲਤਾਨ’ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਆਧੁਨਿਕ ਕਾਵਿ ਵਿਚ ਪਛਾਣ ਤੇ ਡੂੰਘੀ ਯਾਦ ਛੱਡ ਗਿਆ ਹੈ। ਥੋੜ੍ਹੇ ਅਰਸੇ ਵਿਚ ਹੀ ਉਸ ਨੇ ਆਪਣਾ ਰਚਨਾ ਪੰਧ ਮੁਕਾ ਲਿਆ। ਉਸ ਦੀ ਸਮੁੱਚੀ ਰਚਨਾ ਰੂਪ ਚੇਤਨਾ ਦੇ ਅਨੁਭਵ ਸੁਹਜਾਤਮਕ ਪਸਾਰਾਂ ਨਾਲ ਸਬੰਧ ਰੱਖਦੀ ਹੈ।ਸ਼ਿਵ ਨੇ ਜਦੋਂ ਆਪਣੇ ਗੀਤਾਂ ਰਾਹੀਂ ਪੰਜਾਬੀ ਲੋਕ ਜੀਵਨ ਵਿਚ ਸਦੀਆਂ ਤੋਂ ਅਚੇਤ ਰੂਪ ਵਿਚ ਮੌਜੂਦ ਉਦਾਸੀ ਨੂੰ ਉਭਾਰਿਆ ਤਾਂ ਸਾਉਣ ਦੇ ਬੱਦਲਾਂ ਵਾਂਗ ਉਹ ਗੀਤ ਲੋਕ ਮਨ ’ਚ ਰਚ ਗਏ।
ਸ਼ਿਵ ਦੀ ਕਥਾ ਕਾਵਿ, ਗੀਤ ਅਤੇ ਗ਼ਜ਼ਲ ਆਦਿ ਆਮ ਲੋਕਾਂ ਦੇ ਹਿਰਦੇ ਨਾਲ ਨੇੜਤਾ ਬਣਾਉਂਦੀ ਹੈ। ਉਸ ਦੀ ਕਾਵਿ ਰਚਨਾ ਮਨੁੱਖ ਦੀ ਮਨੋਗ੍ਰੰਥੀਆਂ ਨੂੰ ਅਜਿਹੀ ਕੁਸ਼ਲਤਾ ਨਾਲ ਪੇਸ਼ ਕਰਦੀ ਹੈ ਕਿ ਪੜ੍ਹਨ ਵਾਲਾ ਉਸ ਨੂੰ ਆਪਣੇ ਨਾਲ ਸਬੰਧਿਤ ਸਮਝਦਾ ਹੈ। ਸ਼ਿਵ ਨੇ ਆਪਣੇ ਗੀਤ ਅਤੇ ਕਾਵਿ ਵਿਚ ਫ਼ਰੀਦ-ਕਾਵਿ ਵਾਂਗ ‘ਬਿਰਹਾ’ ਨੂੰ ‘ਸੁਲਤਾਨ’ ਕਿਹਾ ਹੈ। ਬਿਰਹਾ ਸ਼ਬਦ ਉਸ ਨੇ ਸੂਫ਼ੀ ਕਾਵਿ ਤੋਂ ਲਿਆ ਹੈ :
‘‘ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣੁ ਮਸਾਨ
ਅਸੀਂ ਸਭ ਬਿਰਹਾ ਘਰ ਜੰਮਦੇ, ਅਸੀਂ ਬਿਰਹਾ ਦੀ ਸੰਤਾਨ
ਬਿਰਹਾ ਖਾਈਏ ਬਿਰਹਾ ਪਾਈਏ, ਬਿਰਹਾ ਆਏ ਹੰਢਾਣ।
ਸ਼ਿਵ ਦੀ ਜ਼ਿੰਦਗੀ ਵਿੱਚ ਦੋ ਦੋਸਤ ਕੁੜੀਆਂ ਵੀ ਆਈਆਂ ਜਿਨ੍ਹਾਂ ਚੋਂ ਇੱਕ ਦੀ ਭਰ ਜਵਾਨੀ ਵਿੱਚ ਮੌਤ ਹੋ ਗਈ ਸੀ ਅਤੇ ਦੂਜੀ ਕੁੜੀ ਕਿਸੇ ਹੋਰ ਦੇਸ਼ ਚਲੀ ਗਈ ਸੀ ਜਿਨ੍ਹਾਂ ਨੂੰ ਉਹ ਰੱਬੀ ਇਸ਼ਕ, ਅਤੇ ਪਵਿੱਤਰ ਪਿਆਰ ਮੰਨਦਾ ਸੀ ਉਨ੍ਹਾਂ ਦੇ ਪਿਆਰ ਵਿੱਚ ਲਿਖਦਾ-ਲਿਖਦਾ ਸ਼ਿਵ ਇੱਕ ਖ਼ੁਦ ਕਵਿਤਾ ਬਣ ਗਿਆ ਸੀ।
ਮਾਏ ! ਨੀ ਮਾਏ !
ਮੈਂ ਇਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ‘ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਤੇ ਉਹ ਚੋਗ ਚੁਗੀਂਦਾ ਆਇਆ
ਚੂਰੀ ਕੁੱਟਾਂ
ਤੇ ਉਹ ਖਾਂਦਾ ਨਾਹੀਂ
ਉਹਨੂੰ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਉਹ ਮੁੜ ਵਤਨੀਂ ਨਹੀਂ ਆਇਆ।
ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 ‘ਚ ਵਾਪਸ ਆਪਣੇ ਵਤਨ ਆਇਆ ਤਾਂ ਉਸ ਦੀ ਸਿਹਤ ਵਿਗੜਦੀ ਚਲੀ ਗਈ। ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਉਸ ਕੋਲ ਪੈਸੇ ਦੀ ਵੀ ਕਮੀ ਸੀ। ਪਰ ਉਸ ਦੇ ਜ਼ਿਆਦਾਤਰ ਮਿੱਤਰਾਂ ਨੇ ਉਸ ਦੇ ਇਸ ਔਖੇ ਸਮੇਂ ਵਿੱਚ ਉਸ ਦਾ ਸਾਥ ਛੱਡ ਦਿਤਾ ਸੀ। ਉਸ ਦੀ ਪਤਨੀ ਅਰੁਣਾ ਨੇ ਉਸ ਨੂੰ ਕਿਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਹਸਪਤਾਲ ‘ਚ ਦਾਖ਼ਲ ਕਰਵਾਇਆ ਜਿਥੇ ਉਸ ਦਾ ਇਲਾਜ ਹੋਇਆ। ਕੁੱਝ ਮਹੀਨਿਆਂ ਬਾਅਦ ਉਸ ਨੂੰ ਮੁੜ ਅੰਮ੍ਰਿਤਸਰ ਦੇ ਇੱਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਪਰ ਉਹ ਨਹੀਂ ਚਾਹੁੰਦਾ ਸੀ ਕਿ ਉਹ ਹਸਪਤਾਲ ‘ਚ ਮਰੇ ਇਸ ਲਈ ਉਸ ਨੇ ਡਾਕਟਰਾਂ ਦੀ ਸਲਾਹ ਦੇ ਉਲਟ ਹਸਪਤਾਲ ਛੱਡ ਦਿਤਾ ਅਤੇ ਬਟਾਲਾ ਅਪਣੇ ਘਰ ਚਲਾ ਗਿਆ। ਬਾਅਦ ‘ਚ ਉਸ ਨੂੰ ਅਪਣੇ ਸੌਹਰੇ ਘਰ ਪਠਾਨਕੋਟ ,ਵਿਖੇ ਭੇਜ ਦਿਤਾ ਗਿਆ ਜਿਥੇ ਉਸ ਦੀ 6 ਮਈ 1973 ਨੂੰ ਮੌਤ ਹੋ ਗਈ। ਸ਼ਾਇਦ ਉਨ੍ਹਾਂ ਨੂੰ ਆਪਣੀ ਮੌਤ ਦਾ ਪਹਿਲਾ ਹੀ ਪਤਾ ਲੱਗ ਗਿਆ ਸੀ ਜੋਂ ਕਿ ਉਨ੍ਹਾਂ ਵੱਲੋਂ ਮੌਤ ਤੋਂ ਪਹਿਲਾਂ ਲਿਖੀ ਇੱਕ ਕਵਿਤਾ ਤੋਂ ਪਤਾ ਲੱਗਦਾ ਹੈ।
ਸਿਖਰ ਦੁਪਹਿਰ ਸਿਰ ‘ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ।
ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੁੰ ਮਾਵਾਂ
ਸਿਖਰ ਦੁਪਿਹਰ ਸਿਰ ‘ਤੇ
ਮੇਰਾ ਢਲ ਚੱਲਿਆ ਪਰਛਾਵਾਂ।

ਕੁਲਦੀਪ ਸਿੰਘ ਸਾਹਿਲ

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼ ਜੇ ਕੋਈ ਰੱਬ ਹੁੰਦਾ”
Next articleਵਿਗੜੇ ਸਿਸਟਮ ਤੋਂ ਲੋਕ, ਤੰਗ ਜੁੱਤੀ ਦੇ ਲੱਗਣ ਵਾਂਗ ਪ੍ਰੇਸ਼ਾਨ ਹਨ