(ਸਮਾਜ ਵੀਕਲੀ)- ਉਹ ਸਿਆਸੀ ਪਗੜੀਧਾਰੀ ਨੇਤਾ, ਤਕਰੀਬਨ-ਤਕਰੀਬਨ ਹਰ ਸਰਕਾਰ ਵਿੱਚ ਕੋਈ ਨਾ ਕੋਈ ਮੰਤਰੀ ਹੁੰਦਾ। ਚੋਣ ਲੜਕੇ ਜਿੱਤਣ ਦਾ ਉਸ ਪਾਸ ਇਹੀ ਫ਼ਲਸਫ਼ਾ ਸੀ ਕਿ ਵੋਟਾਂ ਖ਼ਰੀਦਣ ਲਈ ਪੈਸਾ ਵੰਡੋ ਤੇ ਫਿਰ ਜਿੱਤ ਕੇ ਪੰਜ ਸਾਲ ਵਿੱਚ ਪੰਜ ਗੁਣਾ ਬਣਾ ਲਵੋ। ਉਸਨੇ ਜਦੋਂ ਪੰਜ-ਛੇ ਵਾਰ ਚੋਣ ਲੜ ਕੇ ਖੂਬ ਧਨ ਇਕੱਠਾ ਕਰ ਲਿਆ ਤਾਂ ਆਪਣੇ ਮੁਨੀਮ ਨੂੰ ਆਖਣ ਲੱਗਾ, ” ਜ਼ਰਾ ‘ਸਾਬ-ਕਿਤਾਬ ਲਗਾ ਕੇ ਦੱਸ ਕਿ ‘ਕੱਠਾ ਕੀਤਾ ਗਿਆ ਧਨ ਕਿੰਨਾ-ਕੁ ਸਮਾਂ ਲੰਘਾ ਸਕਦਾ ਹੈ ? ”
ਕਈ ਦਿਨਾਂ ਮਗਰੋਂ ਮੁਨੀਮ ਨੇ ਨੇਤਾ ਜੀ ਨੂੰ ਰਿਪੋਰਟ ਦਿੱਤੀ ਕਿ ਪਏ ਪੈਸੇ ਨਾਲ ਤੁਹਾਡੀਆਂ ਸੱਤ ਪੀੜੀਆਂ ਨੂੰ ਕੰਮ ਕਰਨ ਦੀ ਲੋੜ ਨਹੀਂ ਪਵੇਗੀ।
ਮੁਨੀਮ ਦੀ ਗੱਲ ਸੁਣ ਨੇਤਾ ਜੀ ਘਬਰਾ ਕੇ ਬੋਲੇ, ” ਫਿਰ ਮੇਰੀ ਅੱਠਵੀਂ ਪੀੜ੍ਹੀ ਕਿੱਧਰ ਜਾਵੇਗੀ? ਹੁਣ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਅਗਲੀ ਚੋਣ ਲੜ ਕੇ ਅੱਠਵੀਂ ਪੀੜ੍ਹੀ ਦੇ ਖਰਚੇ ਦਾ ਇੰਤਜ਼ਾਮ ਕਰ ਦਿੰਦਾ।
ਨੇਤਾ ਜੀ ਤਾਂ ਦਿਮਾਗ ‘ਤੇ ਬੋਝ ਪਾ ਬੈਠੇ ਤੇ ਮੰਜੇ ਨਾਲ ਲੱਗ ਗਏ। ਇੱਕ ਮਿੱਤਰ ਪਤਾ ਲੈਣ ਆਇਆ ਨੇਤਾ ਜੀ ਨੂੰ ਇਹ ਦੱਸ ਗਿਆ ਕਿ ਜੇਕਰ ਉਹ ਪੰਡਿਤ ਜੀ ਨੂੰ ਪੂਰੀ ਸ਼ੁੱਧਤਾ ਰੱਖ ਕੇ ਪ੍ਰਸ਼ਾਦਾ ਛਕਾ ਦੇਣਗੇ ਤਾਂ ਉਹ ਸਰੀਰਕ ਤੇ ਦਿਮਾਗੀ ਪੱਖੋਂ ਬਿਲਕੁਲ ਠੀਕ ਹੋ ਜਾਣਗੇ ਤੇ ਅਗਲੀ ਚੋਣ ਵੀ ਲੜ੍ਹ ਸਕਣਗੇ।
ਨੇਤਾ ਜੀ ਨੇ ਸਪੈਸ਼ਲ ਭੋਜਨ ਤਿਆਰ ਕਰਵਾਇਆ ਤੇ ਪੰਡਿਤ ਜੀ ਕੋਲ ਲੈ ਕੇ ਚਲਿਆ ਗਿਆ। ਪਰ ਹੋਇਆ ਇੰਜ ਕਿ ਪੰਡਿਤ ਨੇ ਉਹ ਭੋਜਨ ਇਹ ਆਖ ਛਕਣ ਤੋਂ ਇਨਕਾਰ ਕਰ ਦਿੱਤਾ ਕਿ ਅੱਜ ਦਾ ਭੋਜਨ ਤਾਂ ਕੋਈ ਹੋਰ ਪਰਿਵਾਰ ਦੇ ਗਿਆ ਹੈ।
ਨੇਤਾ ਜੀ ਨੇ ਅਗਲੇ ਦਿਨ ਆਉਣ ਬਾਰੇ ਪੁੱਛਿਆ ਤਾਂ ਪੰਡਿਤ ਨੇ ਆਖਿਆ, ” ਨੇਤਾ ਜੀ, ਅੱਜ ਦਾ ਭੋਜਨ ਆ ਚੁੱਕਿਆ ਤੇ ਕੱਲ੍ਹ ਦੇ ਭੋਜਨ ਬਾਰੇ ਕੱਲ੍ਹ ਨੂੰ ਸੋਚਿਆ ਜਾਵੇਗਾ। ਜੇਕਰ ਕੱਲ੍ਹ ਦੇ ਮਸਲਿਆਂ ਬਾਰੇ ਅੱਜ ਸੋਚਾਂਗਾ ਤਾਂ ਦਿਮਾਗ ‘ਤੇ ਐਵੇਂ ਫ਼ਾਲਤੂ ਬੋਝ ਪਾ ਲਵਾਂਗਾ।ਸੋ ਕੱਲ੍ਹ ਦੇ ਭੋਜਨ ਬਾਰੇ ਅੱਜ ਹੀ ਦਿਮਾਗ ‘ਤੇ ਬੋਝ ਕਿਉਂ ਪਾਇਆ ਜਾਵੇ।”
ਨੇਤਾ ਜੀ ਦੀਆਂ ਅੱਖਾਂ ਖੁੱਲ੍ਹ ਗਈਆਂ ਕਿ ਮੈਂ ਤਾਂ ਆਪਣੀ ਅੱਠਵੀਂ ਪੀੜ੍ਹੀ ਬਾਰੇ ਸੋਚਦਾ -ਸੋਚਦਾ ਬੀਮਾਰ ਪੈ ਗਿਆ ਸੀ ਜਦਕਿ ਪੰਡਿਤ ਨੇ ਕੱਲ੍ਹ ਬਾਰੇ ਸੋਚਣ ਤੋਂ ਵੀ ਇਨਕਾਰ ਕਰ ਦਿੱਤਾ। ਮੈਂ ਕਮਲਾ, ਐਵੇਂ ਇੰਨੀਂ ਦੂਰ ਤੱਕ ਸੋਚ ਬਿਮਾਰ ਪੈ ਗਿਆ ਪਰ ਪੰਡਿਤ ਜੀ ਤਾਂ ਅੱਜ ਵਿੱਚ ਰਹਿ ਕੇ ਹੀ ਨਜ਼ਾਰੇ ਵਾਲੀ ਜ਼ਿੰਦਗੀ ਮਾਣ ਰਹੇ ਹਨ।
ਨੇਤਾ ਜੀ ਨੇ ਵੀ ਪੰਡਿਤ ਵਾਲ਼ਾ ਫਾਰਮੂਲਾ ਅਪਣਾਇਆ ਤੇ ਉਹ ਠੀਕ ਹੋ ਗਿਆ।
ਰਣਜੀਤ ਸਿੰਘ ਨੂਰਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly