(ਸਮਾਜ ਵੀਕਲੀ)
ਚਾਹੇ ਰੂਸ ਕਿੰਨਾਂ ਵੀ ਸ਼ਕਤੀਸ਼ਾਲੀ ਸੋਵੀਅਤ ਸੰਘ ਦੇਸ਼ਾਂ ਵਿੱਚੋ ਇੱਕ ਗਿਣਿਆ ਗਿਆ ਦੇਸ਼ ਹੈ, ਪਰ ਛੋਟੇ ਜਿਹੇ ਗੁਆਂਢੀ ਦੇਸ਼ ਯੂਕਰੇਨ ਨੇ ਸ਼ੱਕੀ ਕਰ ਦਿੱਤਾ। ਰੂਸ ਨੂੰ ਇਹ ਨਹੀਂ ਸੀ ਪਤਾ ਕਿ ਯੁੱਧ ਐਨਾ ਲੰਬਾ ਚਲਾ ਜਾਵੇਗਾ। ਉਸ ਦੇ ਸੋਚਣ ਮੁਤਾਬਕ ਇਹ ਯੁੱਧ ਥੋੜ੍ਹੇ ਸਮੇਂ ਦਾ ਹੀ ਹੋਵੇਗਾ ਅਤੇ ਛੇਤੀ ਹੀ (ਰੂਸ) ਯੂਕਰੇਨ ਤੇ ਜਿੱਤ ਪ੍ਰਾਪਤ ਕਰ ਲਵੇਗਾ ਆਪਣੀ ਧੋਸ ਤੇ ਤਾਕਤ ਨਾਲ। ਪਰ ਹੋਇਆ ਇਸ ਦੇ ਉਲਟ ( ਭੂਰੇ ਦੇ ਭੁਲੇਖੇ ਰਿੱਛ ਨੂੰ ਹੱਥ ਪਾ ਬੈਠਾ ) ਅੱਜ ਦੋ ਮਹੀਨਿਆਂ ਦੇ ਲੱਗਭੱਗ ਹੋ ਗਿਆ, ਇਹਨਾਂ ਦੋ ਦੇਸ਼ਾਂ ਵਿਚਕਾਰ ਜੰਗ ਛਿੜੀ ਨੂੰ ਪਰ ਅਜੇ ਤੱਕ ਰੂਸ ਦੇ ਪੱਲੇ ਨੁਕਸਾਨ ਤੇ ਨਿਰਾਸ਼ਤਾ ਹੀ ਪਈ।
ਯੂਕਰੇਨ ਛੋਟਾ ਤੇ ਥੋੜੀ ਵਸੋਂ ਵਾਲਾ ਦੇਸ਼ ਰੂਸ ਦੇ ਸਾਹਮਣੇ ਲੋਹੇ ਦੀ ਕੰਧ (ਦੁਆਰ) ਬਣ ਖੜ੍ਹ ਗਿਆ। ਯੂਕਰੇਨ ਚ ਵਸਦੇ ਲੋਕਾਂ ਦੇ ਦ੍ਰਿੜ ਹੌਸਲੇ ਤੇ ਦੇਸ਼ ਪਿਆਰ ਦੀ ਸ਼ਲਾਘਾ ਅੱਜ ਚਾਰੇ ਪਾਸੇ ਹੋ ਰਹੀ ਹੈ। ਚਾਹੇ ਯੂਕਰੇਨ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ ਪੂਰਾ ਦੇਸ਼ ਬਰਬਾਦ ਹੋ ਗਿਆ। ਪਰ ਉੱਥੋਂ ਦੀ ਫੌਜ ਤੇ ਲੋਕਾਂ ਦੀ ਦਲੇਰੀ ਨੇ ਰੂਸ ਨੂੰ ਆਪਣਾ ਉਸ ਤੋਂ ਵੀ ਵੱਧ ਨੁਕਸਾਨ ਹੋਣ ਦਾ ਅਹਿਸਾਸ ਕਰਵਾ ਦਿੱਤਾ। ਅੱਜ ਦੀ ਘੜੀ
ਰੂਸ ਕਿੰਨੀਆਂ ਵੀ ਡੀਂਗਾਂ ਮਾਰ ਲੲੇ ਪਰ ਇਖਲਾਕੀ ਤੌਰ ਤੇ ਹਾਰ ਚੁੱਕਿਆ ਹੈ। ਰਾਜ਼ੀਨਾਮੇ ਵਾਸਤੇ ਉਹ ਵੀ ਦੂਸਰੇ ਮੁਲਕਾਂ ਵੱਲ ਵੇਖ ਰਿਹਾ। ਯੂਕਰੇਨ ਦੇ ਲੋਕਾਂ ਦੀ ਹਿੰਮਤ ਤੇ ਦਲੇਰੀ ਦੇਖ ਕੇ ਹੋਰ ਦੇਸ਼ਾਂ ਨੇ ਵੀ ਮੱਦਦ ਲਈ ਆਪਣਾ ਹੱਥ ਅੱਗੇ ਵਧਾ ਲਿਆ। ਯੁੱਧ ( ਲੜਾਈ ) ਘਰ, ਸਮਾਜ, ਦੇਸ਼ ਜਾਂ ਦੂਜੇ ਦੇਸ਼ਾਂ ਦਰਮਿਆਨ ਹੋਵੇ, ਆਖਰ ਸਾਰੇ ਮਸਲੇ ਗੱਲਬਾਤ ਰਾਹੀਂ ਕਿਸੇ ਤੀਜੀ ਧਿਰ ਨੂੰ ਵਿੱਚ ਲ਼ੈ ਕੇ ਹੀ ਹੱਲ ਹੁੰਦੇ ਹਨ। ਲੜਾਈ ਨੂੰ ਕਿਸੇ ਨੇ ਵੀ ਚੰਗਾ ਨਹੀਂ ਗਿਣਿਆ ਨਾ ਹੀ ਕਿਸੇ ਨੇ ਇਸ ਵਿੱਚੋਂ ਕੁਝ ਖੱਟਿਆ। ਇਸ ਨਾਲ ਪਏ ਘਾਟੇ ਸੈਂਕੜੇ ਸਾਲਾਂ ਵਿੱਚ ਵੀ ਪੂਰੇ ਨਹੀਂ ਹੁੰਦੇ। ਪਰ ਜਦੋਂ ਮਨੁੱਖ ਦੀ ਹੋਉਮੈ ਲੜਦੀ ਹੈ ਤਾਂ ਘਾਟੇ ਵਾਧੇ ਨਹੀਂ ਵੇਖਦੀ ਪਰ ਉਸ ਹਰਜਾਨਾ ਮਾਸੂਮ ਨਿਹੱਥੇ ਲੋਕਾਂ ਨੂੰ ਭਰਨਾ ਪੈਂਦਾ ਹੈ।
ਹੁਣ ਇਸ ਵਿੱਚ ਭਲਾਈ ਇਹ ਹੈ ਕਿ ਦੋਵਾਂ ਨੂੰ ਮੇਜ਼ ਤੇ ਬੈਠ ਕੇ ਸਮਝਾਉਤਾ ਕਰ ਲੈਣਾ ਚਾਹੀਦਾ ਹੈ। ਜੋ ਕੋਲ ਹੈ ਉਸ ਨੂੰ ਬਚਾ ਲਿਆ ਜਾਵੇ। ਕਿਤੇ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਸੱਚ ਨਾ ਹੋ ਜਾਣ ਇਹਨਾਂ ਦੋਵਾਂ ਦੇਸ਼ਾਂ ਦੇ ਇਸ ਯੁੱਧ ਦਾ ਨੁਕਸਾਨ ਦੂਜੇ ਦੇਸ਼ਾਂ ਨੂੰ ਨਾ ਝੱਲਣਾ ਪਵੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly