(ਸਮਾਜ ਵੀਕਲੀ)-ਅੱਜ ਸਮੁੱਚੇ ਵਿਸ਼ਵ ਦਾ ਧਿਆਨ ਰੂਸ ਅਤੇ ਯੂਕਰੇਨ ਵਿਚਕਾਰ ਹੋ ਰਹੇ ਭਿਆਨਕ ਯੁੱਧ ਵੱਲ ਲੱਗਾ ਹੋਇਆ ਹੈ। ਇਹ ਵੀ ਪਤਾ ਨਹੀਂ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਦਾ ਕੀ ਪ੍ਰਣਾਮ ਹੋਵੇਗਾ ਅਤੇ ਦੋ ਸ਼ਕਤੀਆਂ ਵਿਚਕਾਰ ਹੋ ਰਹੀ ਇਹ ਲੜਾਈ ਕਦੋਂ ਤੇ ਕਿਸ ਮੁਕਾਮ ‘ਤੇ ਖ਼ਤਮ ਹੋਵੇਗੀ ? ਜਦੋਂ ਅਸੀਂ ਲੜਾਈ , ਜੰਗ , ਯੁੱਧ ਇਸ ਬਾਰੇ ਗ਼ੌਰ ਕਰਦੇ ਹਾਂ ਤਾਂ ਸਾਡੇ ਦਿਲੋ – ਦਿਮਾਗ ਵਿੱਚ ਭਿਆਨਕ ਚਿੰਤਾ , ਪਤਨ , ਵਿਆਕੁਲਤਾ , ਕੁਰਲਾਹਟ , ਕੀਰਨੇ , ਤਬਾਹੀ , ਗ਼ਮ , ਵਿਛੋੜਾ ਅਤੇ ਢੇਰ ਸਾਰੀ ਨਕਾਰਾਤਮਕਤਾ ਸਾਹਮਣੇ ਆ ਜਾਂਦੀ ਹੈ। ਇਹ ਸਭ ਕੁਝ ਜੰਗ ਦੀ ਬਦੌਲਤ ਹੀ ਹੁੰਦਾ ਹੈ। ਅੱਜ ਕਈ ਦੇਸ਼ਾਂ ਦੇ ਵਿਦਿਆਰਥੀ ਖਾਸ ਤੌਰ ‘ਤੇ ਭਾਰਤ ਦੇ ਵਿਦਿਆਰਥੀ ਯੂਕਰੇਨ ਦੇਸ਼ ਵਿੱਚ ਪੜ੍ਹਾਈ ਕਰਨ ਲਈ ਗਏ ਹੋਏ ਹਨ , ਉਹ ਵੀ ਉੱਥੇ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਫਸ ਗਏ ਹਨ ; ਕਿਉਂਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਲੜਾਈ ਵਧਦੀ ਜਾ ਰਹੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਆਪਸੀ ਲੜਾਈ ਕਈ ਦੇਸ਼ਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ , ਰੁਜ਼ਗਾਰ , ਉਸ ਖਿੱਤੇ ਦੀ ਸ਼ਾਂਤੀ , ਖ਼ੁਸ਼ਹਾਲੀ , ਬਰਕਤ ਅਤੇ ਸਕੂਨ ਨੂੰ ਸੱਟ ਮਾਰੇਗੀ।
ਪ੍ਰਮਾਤਮਾ ਕਰੇ ! ਜਲਦੀ ਹੀ ਰੂਸ ਅਤੇ ਯੂਕਰੇਨ ਦੀ ਇਹ ਭਿਅੰਕਰ ਲੜਾਈ ਖ਼ਤਮ ਹੋ ਜਾਵੇ ਅਤੇ ਵਿਸ਼ਵ ਦੀਆਂ ਸ਼ਕਤੀਆਂ ਵਿਗਿਆਨ ਦੀ ਸਹਾਇਤਾ ਨਾਲ ਅਤੇ ਹੋਰ ਪੱਖਾਂ ਤੋਂ ਸਮੁੱਚੀ ਮਾਨਵਤਾ , ਧਰਤੀ ਅਤੇ ਜੀਵ – ਜੰਤੂਆਂ ਦੀ ਭਲਾਈ ਲਈ ਅੱਗੇ ਆ ਜਾਣ ਅਤੇ ਕਿਸੇ ਵੀ ਦੇਸ਼ ਦੇ ਦੂਸਰੇ ਦੇਸ਼ ਨਾਲ ਕਿਸੇ ਵੀ ਤਰ੍ਹਾਂ ਦੇ ਮੱਤਭੇਦ ਪ੍ਰੇਮਪੂਰਵਕ , ਸ਼ਾਂਤੀ ਨਾਲ ਅਤੇ ਸੌਹਾਰਦਪੂਰਨ ਮਾਹੌਲ ਵਿੱਚ ਹੱਲ ਹੋ ਜਾਣ ਤਾਂ ਜੋ ਕਿਸੇ ਵੀ ਘਰ , ਸਮਾਜ ਅਤੇ ਦੇਸ਼ ਵਿੱਚ ਰੋਣ – ਕੁਰਲਾਉਣ , ਵਿਛੋੜੇ ਅਤੇ ਵੈਣਾਂ ਦੀਆਂ ਆਵਾਜ਼ਾਂ ਤੇ ਜ਼ਖ਼ਮ ਦੇਖਣ ਨੂੰ ਨਾ ਮਿਲਣ ; ਕਿਉਂ ਜੋ ਜੰਗ ਦੇ ਜ਼ਖ਼ਮ ਸਾਲਾਂਬੱਧੀ ਛੇਤੀ ਨਹੀਂ ਭਰਦੇ ਅਤੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਨ੍ਹਾਂ ਜੰਗਾਂ ਵਿੱਚ ਮਾਰੇ ਜਾਂਦੇ ਹਨ , ਉਨ੍ਹਾਂ ਨਾਲ ਜੋ ਬੀਤਦੀ ਹੈ , ਉਹ ਤਾਂ ਕੇਵਲ ਉਸ ਪਰਿਵਾਰ ਦੇ ਜੀਅ ਹੀ ਜਾਣਦੇ ਹਨ। ਆਓ ! ਸਾਰੇ ਪ੍ਰਮਾਤਮਾ ਅੱਗੇ ਹੀ ਇਹੋ ਦੁਆ ਕਰੀਏ ਕਿ ਰੂਸ ਅਤੇ ਯੂਕਰੇਨ ਵਿਚਕਾਰ ਹੋ ਰਹੀ ਭਿਅੰਕਰ ਜੰਗ ਜਲਦੀ ਤੋਂ ਜਲਦੀ ਬੰਦ ਹੋ ਜਾਵੇ , ਇਹ ਲੜਾਈ ਵਿਸ਼ਵ ਯੁੱਧ ਵਿੱਚ ਵੀ ਨਾ ਤਬਦੀਲ ਹੋਵੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਅਤੇ ਸਮੁੱਚੇ ਵਿਸ਼ਵ ਵਿਚਕਾਰ ਸ਼ਾਂਤੀ ਅਤੇ ਸੌਹਾਰਦਪੂਰਨ ਮਾਹੌਲ ਹਮੇਸ਼ਾ – ਹਮੇਸ਼ਾ ਲਈ ਬਣਿਆ ਰਹੇ।
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly