ਲੰਡਨ (ਸਮਾਜ ਵੀਕਲੀ): ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਬਰਤਾਨਵੀ ਸੰਸਦ ਮੈਂਬਰਾਂ ਨੂੰ ਰੂਸ ਨੂੰ ‘ਅਤਿਵਾਦੀ ਰਾਜ’ ਐਲਾਨੇ ਜਾਣ ਦੀ ਅਪੀਲ ਕੀਤੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ‘ਯੂਕਰੇਨ ਦੇ ਅਸਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ’ ਮਾਸਕੋ ਉੱਤੇ ਹੋਰ ਸਖ਼ਤ ਪਾਬੰਦੀਆਂ ਲਾਈਆਂ ਜਾਣ। ਯੂਕਰੇਨੀ ਆਗੂ ਵੱਲੋਂ ਹੇਠਲੇ ਸਦਨ (ਹਾਊਸ ਆਫ ਕਾਮਨਜ਼) ਦੇ ਮੈਂਬਰਾਂ ਨੂੰ ਵੀਡੀਓ ਲਿੰਕ ਜ਼ਰੀਏ ਕੀਤੇ ‘ਇਤਿਹਾਸਕ’ ਸੰਬੋਧਨ ਦਾ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ।
ਜ਼ੇਲੈਂਸਕੀ ਨੇ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਪੱਛਮੀ ਮੁਲਕਾਂ ਦੀ ਮਦਦ ਲਈ ਸਾਨੂੰ ਤੁਹਾਨੂੰ ਮਦਦ ਦੀ ਉਡੀਕ ਹੈ। ਅਸੀਂ ਇਸ ਮਦਦ ਲਈ ਧੰਨਵਾਦੀ ਹਾਂ ਤੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ।’’ ਯੂਕਰੇਨੀ ਸਦਰ ਨੇ ਕਿਹਾ, ‘‘ਕ੍ਰਿਪਾ ਕਰਕੇ ਇਸ ਦੇਸ਼ (ਰੂਸ) ਖਿਲਾਫ਼ ਪਾਬੰਦੀਆਂ ਦਾ ਦਬਾਅ ਵਧਾਇਆ ਜਾਵੇ ਤੇ ਮਿਹਰਬਾਨੀ ਕਰਕੇ ਇਸ ਦੇਸ਼ ਨੂੰ ਅਤਿਵਾਦੀ ਦੇਸ਼ ਐਲਾਨਿਆ ਜਾਵੇ। ਕ੍ਰਿਪਾ ਕਰਕੇ ਇਹ ਯਕੀਨੀ ਬਣਾਓ ਕਿ ਸਾਡਾ ਯੂਕਰੇਨੀ ਅਸਮਾਨ ਸੁਰੱਖਿਅਤ ਰਹੇ। ਕ੍ਰਿਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਸੀਂ ਉਹ ਸਭ ਕਰੋ ਜੋ ਕਰਨ ਦੀ ਲੋੜ ਹੈ।’’ ਜੇਲੈਂਸਕੀ ਨੇ ਭਾਵੁਕ ਭਾਸ਼ਣ ਦਿੰਦੇ ਹੋਏ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਉਨ੍ਹਾਂ ਸ਼ਬਦਾਂ ਨੂੰ ਦੁਹਰਾਇਆ ਜਿਸ ਵਿੱਚ ਹਵਾਈ ਖੇਤਰ, ਸਮੁੰਦਰ ਤੇ ਸੜਕਾਂ ’ਤੇ ਰੂਸੀ ਫੌਜੀਆਂ ਨਾਲ ਲੜਨ ਦਾ ਵਾਅਦਾ ਕੀਤਾ ਗਿਆ ਸੀ। ਯੂਕਰੇਨੀ ਸਦਰ ਨੇ ਆਪਣੇ ਸੰਬੋਧਨ ਵਿੱਚ ਰੂਸ ਵੱਲੋਂ ਕੀਤੇ ਹਮਲੇ ਦੇ ਇਕ ਇਕ ਦਿਨ ਦਾ ਬਿਉਰਾ ਦਿੱਤਾ। ਉਨ੍ਹਾਂ ਆਪਣਾ ਭਾਸ਼ਣ ਇਹ ਕਹਿੰਦਿਆਂ ਖ਼ਤਮ ਕੀਤਾ, ‘‘ਉਹ ਕਰੋ ਜੋ ਤੁਸੀਂ ਕਰ ਸਕਦੇ ਹੋ, ਉਹ ਕਰੋ ਜੋ ਤੁਹਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਮਹਾਨਤਾ ਹੀ ਮਹਾਨਤਾ ਨੂੰ ਜੋੜਦੀ ਹੈ। ਤਹਾਡੇ ਮੁਲਕ ਤੇ ਤੁਹਾਡੇ ਲੋਕਾਂ ਨੂੰ ਇਕੱੱਠਿਆਂ ਕਰਦੀ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly