ਕੀਵ (ਸਮਾਜ ਵੀਕਲੀ): ਨਾਟੋ ਮੁਲਕਾਂ ਨੇ ਰੂਸ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਯੂਕਰੇਨ ਸਰਹੱਦ ਨੇੜਿਉਂ ਫ਼ੌਜ ਦੀ ਵਾਪਸੀ ਨੂੰ ਲੈ ਕੇ ਦੁਨੀਆ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਸਕੋ ਨੇ ਸਰਹੱਦ ’ਤੇ ਸੱਤ ਹਜ਼ਾਰ ਹੋਰ ਫ਼ੌਜ ਤਾਇਨਾਤ ਕੀਤੀ ਹੈ। ਨਾਟੋ ਮੁਖੀ ਨੇ ਕ੍ਰੈਮਲਿਨ ਵੱਲੋਂ ਕੂਟਨੀਤੀ ਰਾਹੀਂ ਮਸਲੇ ਦਾ ਹੱਲ ਲੱਭਣ ਲਈ ਦਿੱਤੀ ਗਈ ਪੇਸ਼ਕਸ਼ ਦਾ ਸਵਾਗਤ ਕੀਤਾ ਹੈ ਪਰ ਉਨ੍ਹਾਂ ਅਤੇ ਹੋਰ ਮੁਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਇਸ ਗੱਲ ਦੇ ਅਜੇ ਤੱਕ ਸੰਕੇਤ ਨਹੀਂ ਮਿਲੇ ਹਨ ਕਿ ਰੂਸ ਵੱਲੋਂ ਸਰਹੱਦ ਤੋਂ ਫ਼ੌਜ ਹਟਾਈ ਜਾ ਰਹੀ ਹੈ।
ਬ੍ਰਿਟਿਸ਼ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਰੂਸ ਵੱਲੋਂ ਦਿੱਤੇ ਗਏ ਬਿਆਨਾਂ ਦੇ ਉਲਟ ਯੂਕਰੇਨ ਸਰਹੱਦ ’ਤੇ ਸੱਤ ਹਜ਼ਾਰ ਹੋਰ ਫ਼ੌਜ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਰੂਸ ਨੇ ਡੇਢ ਲੱਖ ਤੋਂ ਜ਼ਿਆਦਾ ਫ਼ੌਜ ਯੂਕਰੇਨ ਸਰਹੱਦ ’ਤੇ ਤਾਇਨਾਤ ਕੀਤੀ ਹੋਈ ਹੈ। ਵਾਲੇਸ ਨੇ ਕਿਹਾ ਕਿ ਰੂਸ ਦੀ ਥਲ ਸੈਨਾ ਦੀ ਕਰੀਬ 60 ਫ਼ੀਸਦੀ ਨਫ਼ਰੀ ਸਰਹੱਦ ’ਤੇ ਤਾਇਨਾਤ ਹੋਣ ਨਾਲ ਤਣਾਅ ਦਾ ਮਾਹੌਲ ਕਾਇਮ ਹੈ ਅਤੇ ਹਮਲੇ ਦੇ ਮਾੜੇ ਸਿੱਟੇ ਵੀ ਨਿਕਲ ਸਕਦੇ ਹਨ। ਉਂਜ ਰੂਸ ਨੇ ਦਾਅਵਾ ਕੀਤਾ ਹੈ ਕਿ ਉਹ ਯੂਕਰੇਨ ’ਤੇ ਹਮਲਾ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਪੱਛਮੀ ਮੁਲਕ ਯੂਕਰੇਨ ਤੇ ਹੋਰ ਕੁਝ ਸਾਬਕਾ ਸੋਵੀਅਤ ਮੁਲਕਾਂ ਨੂੰ ਨਾਟੋ ਤੋਂ ਬਾਹਰ ਰੱਖਣ ਅਤੇ ਉਨ੍ਹਾਂ ਨੂੰ ਹਥਿਆਰ ਨਾ ਦਿੱਤੇ ਜਾਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly