ਰੂਸ ਵੱਲੋਂ ਮਾਰਿਉਪੋਲ ’ਚ ਜ਼ੋਰਦਾਰ ਹਮਲਾ

ਮਾਰਿਉਪੋਲ (ਸਮਾਜ ਵੀਕਲੀ):  ਯੂਕਰੇਨ ਨੇ ਰੂਸੀ ਫ਼ੌਜ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਮਾਰਿਉਪੋਲ ਸ਼ਹਿਰ ਦੇ ਥੀਏਟਰ ਨੂੰ ਤਬਾਹ ਕਰ ਦਿੱਤਾ ਹੈ ਜਿਸ ’ਚ ਸੈਂਕੜੇ ਲੋਕ ਪਨਾਹ ਲੈ ਕੇ ਬੈਠੇ ਹੋਏ ਸਨ। ਹਮਲੇ ’ਚ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸੇ ਦੌਰਾਨ ਮਾਰੇਫਾ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਵਿੱਚ 21 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰੂਸ ਵੱਲੋਂ ਅੱਜ ਸਵੇਰੇ ਵੀ ਸ਼ਹਿਰ ’ਚ ਹੋਰ ਹਵਾਈ ਹਮਲੇ ਕੀਤੇ ਗੲੇ। ਰਾਸ਼ਟਰਪਤੀ ਦਫ਼ਤਰ ਮੁਤਾਬਕ ਰੂਸੀ ਫ਼ੌਜ ਵੱਲੋਂ ਕਲੀਨਿਵਕਾ ਅਤੇ ਬ੍ਰੋਵਰੀ ਸਮੇਤ ਹੋਰ ਇਲਾਕਿਆਂ ’ਚ ਗੋਲਾਬਾਰੀ ਅਤੇ ਹਵਾਈ ਹਮਲੇ ਕੀਤੇ ਗੲੇ ਹਨ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਨੂੰ ਅੱਗੇ ਵਧਣ ’ਚ ਆ ਰਹੀ ਦਿੱਕਤ ਕਰਕੇ ਉਹ ਹੁਣ ਹਵਾਈ ਹਮਲਿਆਂ ਦਾ ਰਾਹ ਅਪਣਾ ਰਹੇ ਹਨ। 

ਮਾਰਿਉਪੋਲ ਸਿਟੀ ਕੌਂਸਲ ਨੇ ਕਿਹਾ ਕਿ ਥੀਏਟਰ ’ਤੇ ਹਵਾਈ ਹਮਲਾ ਕੀਤਾ ਗਿਆ ਹੈ। ਦੋਨੇਤਸਕ ਖੇਤਰੀ ਪ੍ਰਸ਼ਾਸਨ ਦੇ ਮੁਖੀ ਪਾਵਲੋ ਕਿਰਿਲੇਂਕੋ ਨੇ ਰੂਸੀ ਫ਼ੌਜ ਵੱਲੋਂ ਕੀਤੇ ਗਏ ਉਸ ਦਾਅਵੇ ਨੂੰ ਨਕਾਰ ਦਿੱਤਾ ਕਿ ਡਰਾਮਾ ਥੀਏਟਰ ’ਚ ਅਜ਼ੋਵ ਬਟਾਲੀਅਨ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਡਰਾਮਾ ਥੀਏਟਰ ’ਚ ਹਮਲੇ ਵੇਲੇ ਸਿਰਫ਼ ਆਮ ਨਾਗਰਿਕ ਹੀ ਸਨ। ਉਨ੍ਹਾਂ ਕਿਹਾ ਕਿ ਥੀਏਟਰ ਦਾ ਪ੍ਰਵੇਸ਼ ਦੁਆਰ ਮਲਬੇ ’ਚ ਤਬਦੀਲ ਹੋ ਗਿਆ ਹੈ ਅਤੇ ਲੋਕਾਂ ਦੀ ਸਥਿਤੀ ਦਾ ਪਤਾ ਨਹੀਂ ਲੱਗ ਰਿਹਾ ਹੈ। ਉਧਰ ਰੂਸੀ ਫ਼ੌਜ ਨੇ ਆਪਣੇ 9 ਜਵਾਨਾਂ ਦੀ ਰਿਹਾਈ ਦੇ ਬਦਲੇ ’ਚ ਮੇਲਿਟੋਪੋਲ ਦੇ ਮੇਅਰ ਨੂੰ ਰਿਹਾਅ ਕਰ ਦਿੱਤਾ ਹੈ। ਕੀਵ ਨੇ ਰੂਸ ’ਤੇ ਮੇਅਰ ਇਵਾਨ ਫੈਡੋਰੋਵ ਨੂੰ ਇਕ ਹਫ਼ਤੇ ਪਹਿਲਾਂ ਅਗਵਾ ਕਰਨ ਦਾ ਦੋਸ਼ ਲਾਇਆ ਸੀ।

ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਜਰਮਨੀ ’ਤੇ ਦੋਸ਼ ਲਾਇਆ ਹੈ ਕਿ ਉਹ ਯੂਕਰੇਨ ਦੀ ਸਹਾਇਤਾ ਤੋਂ ਪਹਿਲਾਂ ਆਪਣੇ ਮੁਲਕ ਦੇ ਅਰਥਚਾਰੇ ਦੀ ਪ੍ਰਵਾਹ ਕਰ ਰਿਹਾ ਹੈ। ਜਰਮਨੀ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਜ਼ੇਲੈਂਸਕੀ ਨੇ ਜਰਮਨ ਸਰਕਾਰ ਵੱਲੋਂ ਨੋਰਡ ਸਟਰੀਮ 2 ਪਾਈਪਲਾਈਨ ਪ੍ਰਾਜੈਕਟ ਨੂੰ ਦਿੱਤੀ ਜਾ ਰਹੀ ਹਮਾਇਤ ਦੀ ਆਲੋਚਨਾ ਕੀਤੀ ਜਿਸ ਰਾਹੀਂ ਰੂਸ ਤੋਂ ਕੁਦਰਤੀ ਗੈਸ ਲਿਆਂਦੀ ਜਾਵੇਗੀ। ਯੂਕਰੇਨ ਦੇ ਰਾਸ਼ਟਰਪਤੀ ਨੇ ਜਰਮਨੀ ਨੂੰ ਸੱਦਾ ਦਿੱਤਾ ਕਿ ਉਹ ਯੂਰੋਪ ਨੂੰ ਵੰਡਣ ਲਈ ਨਵੀਂ ਦੀਵਾਰ ਨਾ ਬਣਨ ਦੇਣ। ਮੁਲਕ ਲਈ ਹੋਰ ਵਧੇਰੇ ਸਹਾਇਤਾ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ’ਚ 108 ਬੱਚਿਆਂ ਸਮੇਤ ਹਜ਼ਾਰਾਂ ਲੋਕ ਮਰ ਚੁੱਕੇ ਹਨ।

ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਨੇ ਰੂਸ ਦੇ ਹਮਲੇ ਨੂੰ ਠੱਲ੍ਹ ਲਿਆ ਹੈ। ਉਨ੍ਹਾਂ ਮੁਤਾਬਕ ਰੂਸੀ ਫ਼ੌਜ ਪਿਛਲੇ ਕੁਝ ਦਿਨਾਂ ’ਚ ਮੁਸ਼ਕਲ ਨਾਲ ਹੀ ਅੱਗੇ ਵਧ ਸਕੀ ਹੈ ਅਤੇ ਉਸ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ। ਉਧਰ ਚੀਨੀ ਵਣਜ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਹੋਰ ਮੁਲਕਾਂ ਵੱਲੋਂ ਰੂਸ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ਤੋਂ ਬਚਣ ਲਈ ਚੀਨੀ ਕੰਪਨੀਆਂ ਲੋੜੀਂਦੇ ਕਦਮ ਉਠਾ ਰਹੀਆਂ ਹਨ। ਮੰਤਰਾਲੇ ਦੇ ਤਰਜਮਾਨ ਗਾਓ ਫੇਂਗ ਨੇ ਕਿਹਾ ਕਿ ਆਰਥਿਕ ਪਾਬੰਦੀਆਂ ਨਾਲ ਕੋਈ ਮਸਲਾ ਸੁਲਝੇਗਾ ਨਹੀਂ ਸਗੋਂ ਇਸ ਦਾ ਨਤੀਜਾ ਸਬੰਧਤ ਮੁਲਕਾਂ ਦੇ ਲੋਕਾਂ ਨੂੰ ਭੁਗਤਣਾ ਪਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੋਲੈਂਡ ਦੀ ਕੈਰੋਲੀਨਾ ਬਣੀ ‘ਮਿਸ ਵਰਲਡ 2021’
Next articleਪੰਜਾਬ ਦੀ ਨਵੀਂ ਵਜ਼ਾਰਤ ਦੇ 10 ਮੰਤਰੀਆਂ ਨੇ ਚੁੱਕੀ ਸਹੁੰ