ਕੀਵ (ਸਮਾਜ ਵੀਕਲੀ) : ਕੌਮਾਂਤਰੀ ਭਾਈਚਾਰੇ ਵੱਲੋਂ ਕੀਤੀ ਨਿਖੇਧੀ ਤੇ ਲਾਈਆਂ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਰੂਸ ਦੀ ਫੌਜ ਨੇ ਅੱਜ ਯੂਕਰੇਨ ’ਤੇ ਹਮਲਾ ਕਰ ਦਿੱਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਨੂੰ ਚਿਤਾਵਨੀ ਦਿੱਤੀ ਕਿ ਰੂਸ-ਯੂਕਰੇਨ ਮਸਲੇ ’ਚ ਦਖ਼ਲ ਦੀ ਕਿਸੇ ਵੀ ਕੋਸ਼ਿਸ਼ ਲਈ ਉਨ੍ਹਾਂ ਨੂੰ ਸਿੱਟੇ ਭੁਗਤਣੇ ਪੈਣਗੇ। ਰੂਸੀ ਫੌਜਾਂ ਨੇ ਕੀਵ, ਖਾਰਕੀਵ ਤੇ ਡਨਿਪਰੋ ਵਿਚਲੇ ਯੂਕਰੇਨ ਦੇ ਫੌਜੀ ਡਿੱਪੂਆਂ, ਅੱਡਿਆਂ ਤੇ ਹੋਰ ਕਮਾਂਡਾਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਰੂਸੀ ਫੌਜ ਨੇ ਕੁਝ ਹੀ ਘੰਟਿਆਂ ਅੰਦਰ ਯੂਕਰੇਨ ਦੇ 74 ਫੌਜੀ ਟਿਕਾਣਿਆਂ, ਜਿਨ੍ਹਾਂ ਵਿੱਚ 11 ਫੌਜੀ ਅੱਡੇ ਵੀ ਸ਼ਾਮਲ ਹਨ, ਨੂੰ ਤਹਿਸ-ਨਹਿਸ ਕਰਨ ਦਾ ਦਾਅਵਾ ਕੀਤਾ ਹੈ। ਰੂਸ ਨੇ ਕਿਹਾ ਕਿ ਉਨ੍ਹਾਂ ਵੀਰਵਾਰ ਨੂੰ ਮਿੱਥੇ ਗਏ ਟੀਚੇ ਨੂੰ ਪੂਰਾ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਰੂਸੀ ਫੌਜ ਵੱਲੋਂ ਚਰਨੋਬਲ ਪ੍ਰਮਾਣੂ ਪਲਾਂਟ ’ਤੇ ਕਬਜ਼ਾ ਕਰ ਲਿਆ ਗਿਆ ਹੈ ਜਦੋਕਿ ਕੀਵ ਵਿੱਚ ਰਣਨੀਤਕ ਪੱਖੋਂ ਅਹਿਮ ਹਵਾਈ ਅੱਡੇ ਦਾ ਕੰਟਰੋਲ ਆਪਣੇ ਹੱਥਾਂ ’ਚ ਲੈਣ ਦੇ ਇਰਾਦੇ ਨਾਲ ਰੂਸੀ ਫੌਜਾਂ ਕਾਫ਼ੀ ਨੇੜੇ ਢੁੱਕ ਗਈਆਂ ਹਨ। ਜ਼ੇਲੈਂਸਕੀ ਦੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਨੇ ਰੂਸੀ ਹਮਲੇ ਵਿੱਚ ਘੱਟੋ-ਘੱਟ 40 ਵਿਅਕਤੀਆਂ ਦੇ ਮਾਰੇ ਜਾਣ ਤੇ ਕਈ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਉਧਰ ਖ਼ਬਰ ਏਜੰਸੀ ਏਐੱਫਪੀ ਨੇ ਯੂਕਰੇਨੀ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ 68 ਵਿਅਕਤੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿੱਚ ਫੌਜੀ ਤੇ ਆਮ ਨਾਗਰਿਕ ਸ਼ਾਮਲ ਦੱਸੇ ਜਾਂਦੇ ਹਨ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੌਇਗੂ ਨੇ ‘ਪਾਇਲਟ ਦੀ ਗ਼ਲਤੀ’ ਕਰਕੇ ਸੂ-25 ਜੰਗੀ ਜਹਾਜ਼ ਨੁਕਸਾਨੇ ਜਾਣ ਦੀ ਗੱਲ ਕਬੂਲੀ ਹੈ। ਸ਼ੌਇਗੂ ਨੇ ਯੂਕਰੇਨੀ ਫ਼ੌਜੀਆਂ ਨੂੰ ਪੂਰਾ ‘ਸਤਿਕਾਰ’ ਦੇਣ ਤੇ ਹਥਿਆਰ ਸੁੱਟਣ ਵਾਲਿਆਂ ਨੂੰ ਸੁਰੱਖਿਅਤ ਲਾਂਘਾ ਦੇਣ ਦੀ ਹਦਾਇਤ ਕੀਤੀ ਹੈ।
ਉਧਰ ਯੂਕਰੇਨੀ ਰੱਖਿਆ ਮੰਤਰਾਲੇ ਦੇ ਤਰਜਮਾਨ ਇਗੋਰ ਕੋਨਾਸਹੈਨਕੋਵ ਨੇ ਕਿਹਾ ਕਿ ਹਮਲੇ ਵਿੱਚ ਯੂਕਰੇਨੀ ਫੌਜ ਦਾ ਹੈਲੀਕਾਪਟਰ ਤੇ ਚਾਰ ਡਰੋਨ ਤਬਾਹ ਹੋ ਗਏ। ਇਸ ਹਮਲੇ ਦੌਰਾਨ ਪੰਜ ਵਿਅਕਤੀ ਮਾਰੇ ਗੲੇ। ਇਸੇ ਤਰ੍ਹਾਂ ਯੂਕਰੇਨ ਦੇ ਦੱਖਣੀ ਓਡੈਸਾ ਖੇਤਰ ਵਿੱਚ ਕੀਤੇ ਮਿਜ਼ਾਈਲ ਹਮਲੇ ਵਿੱਚ 18 ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਰਾਜਧਾਨੀ ਕੀਵ ਨਜ਼ਦੀਕ ਬਰੋਵੇਰੀ ਕਸਬੇ ਵਿੱਚ ਛੇ ਵਿਅਕਤੀ ਮਾਰੇ ਗਏ। ਰਾਜਧਾਨੀ ਕੀਵ, ਮੁਲਕ ਦੇ ਪੂਰਬੀ ਹਿੱਸੇ ਖਾਰਕੀਵ ਤੇ ਪੱਛਮ ਵਿੱਚ ਓਡੈਸਾ ਵਿੱਚ ਵੱੱਡੇ ਧਮਾਕਿਆਂ ਦੀ ਗੂੰਜ ਸੁਣੀ ਗਈ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਮਾਸਕੋ ਨਾਲ ਕੂਟਨੀਤਕ ਰਿਸ਼ਤੇ ਤੋੜਦਿਆਂ ਪੂਰੇ ਮੁਲਕ ਵਿੱਚ ਮਾਰਸ਼ਲ ਲਾਅ ਐਲਾਨ ਦਿੱਤਾ ਹੈ। ਯੂਕਰੇਨ ਨੇ ਸਿਵਲ ਏਅਰਕ੍ਰਾਫਟਾਂ ਲਈ ਆਪਣਾ ਹਵਾਈ ਲਾਂਘਾ ਬੰਦ ਕਰ ਦਿੱਤਾ ਹੈ ਜਦੋਂਕਿ ਯੂਰੋਪੀਅਨ ਅਥਾਰਿਟੀਜ਼ ਨੇ ਵੀ ਯੂਕਰੇਨੀਅਨ ਹਵਾਈ ਖੇਤਰ ਨੂੰ ਸਰਗਰਮ ਵਿਵਾਦਿਤ ਜ਼ੋਨ ਐਲਾਨ ਦਿੱਤਾ ਹੈ।
ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਘਰਾਂ ਵਿੱਚ ਰਹਿਣ ਤੇ ਖ਼ੌਫਜ਼ਦਾ ਨਾ ਹੋਣ ਦੀ ਸਲਾਹ ਦਿੱਤੀ ਹੈ। ਜ਼ੇਲੈਂਸਕੀ ਨੇ ਆਲਮੀ ਆਗੂਆਂ ਤੋਂ ਯੂਕਰੇਨ ਲਈ ਰੱਖਿਆ ਸਾਜ਼ੋ-ਸਾਮਾਨ ਦੇ ਰੂਪ ਵਿੱਚ ਮਦਦ ਮੰਗੀ ਹੈ। ਯੂਕਰੇਨੀ ਰਾਸ਼ਟਰਪਤੀ ਨੇ ਅੱਧੀ ਰਾਤ ਨੂੰ ਰੂਸੀ ਨਾਗਰਿਕਾਂ ਨੂੰ ਕੀਤੀ ਭਾਵੁਕ ਅਪੀਲ ਵਿੱਚ ਕਿਹਾ ਕਿ ‘ਯੂਕਰੇਨ ਦੇ ਲੋਕ ਤੇ ਸਰਕਾਰ ਸ਼ਾਂਤੀ ਤੇ ਅਮਨ ਚਾਹੁੰਦੀ ਹੈ।’ ਜ਼ੇਲੈਂਸਕੀ ਨੇ ਰੂਸੀ ਭਾਸ਼ਾ ਵਿੱਚ ਕੀਤੀ ਅਪੀਲ ’ਚ ਕਿਹਾ, ‘‘ਪਰ ਜੇਕਰ ਸਾਡੇ ’ਤੇ ਹਮਲਾ ਹੋਇਆ, ਜੇਕਰ ਕਿਸੇ ਨੇ ਸਾਡਾ ਮੁਲਕ, ਸਾਡੀ ਆਜ਼ਾਦੀ, ਸਾਡੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੀ ਰੱਖਿਆ ਆਪ ਕਰਾਂਗੇ। ਜਦੋਂ ਤੁਸੀਂ ਸਾਡੇ ’ਤੇ ਹਮਲਾ ਕਰੋਗੇ ਤਾਂ ਅਸੀਂ ਤੁਹਾਨੂੰ ਪਿੱਠ ਨਹੀਂ ਦਿਖਾਵਾਂਗੇ।’’ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਬੁੱਧਵਾਰ ਰਾਤ ਨੂੰ ਪੂਤਿਨ ਨਾਲ ਗੱਲ ਕਰਨ ਦੀ ਇੱਛਾ ਜ਼ਾਹਿਰ ਕੀਤੀ, ਪਰ ਕਰੈਮਲਿਨ ਨੇ ਕੋਈ ਹੁੰਗਾਰਾ ਨਹੀਂ ਭਰਿਆ। ਯੂਕਰੇਨੀ ਸਦਰ ਨੇ ਚੇਤਾਵਨੀ ਦਿੱਤੀ ਕਿ ਰੂਸੀ ਹਮਲਾ ‘ਯੂਰੋਪੀ ਮਹਾਦੀਪ ਵਿੱਚ ਵੱਡੀ ਜੰਗ ਦਾ ਆਗਾਜ਼’ ਹੋਵੇਗਾ।
ਖ਼ਬਰ ਏਜੰਸੀ ਐਸੋਸੀੲੇਟਿਡ ਪ੍ਰੈੱਸ ਦੇ ਫੋਟੋਗ੍ਰਾਫ਼ਰ ਨੇ ਇਕ ਰਿਪੋਰਟ ਵਿੱਚ ਮਾਰੀਓਪੋਲ ਵਿੱਚ ਧਮਾਕੇ ਸੁਣਨ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਹਮਲੇ ਦੇ ਡਰੋਂ ਲੋਕ ਕਾਰਾਂ ਵਿੱਚ ਸਾਮਾਨ ਚੁੱਕੀ ਸ਼ਹਿਰ ਤੋਂ ਬਾਹਰ ਜਾਣ ਲੱਗੇ ਹਨ।
ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੌਇਗੂ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ੌਜਾਂ ਸ਼ਹਿਰਾਂ ਨੂੰ ਨਿਸ਼ਾਨਾ ਨਹੀਂ ਬਣਾ ਰਹੀਆਂ ਬਲਕਿ ਅਤਿ-ਆਧੁਨਿਕ ਅਚੂਕ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਆਮ ਵਸੋਂ ਨੂੰ ਰੂਸੀ ਫੌਜ ਤੋਂ ਕੋਈ ਖ਼ਤਰਾ ਨਹੀਂ ਹੈ। ਰੂਸੀ ਸਦਰ ਵਲਾਦੀਮੀਰ ਪੂਤਿਨ, ਜੋ ਪਿਛਲੇ ਕਈ ਹਫ਼ਤਿਆਂ ਤੋਂ ਯੂਕਰੇਨ ’ਤੇ ਹਮਲਾ ਕਰਨ ਦੀਆਂ ਯੋਜਨਾਵਾਂ ਤੋਂ ਇਨਕਾਰ ਕਰਦੇ ਰਹੇ ਹਨ, ਨੇ ਅੱਧੀ ਰਾਤ ਨੂੰ ਟੈਲੀਵਿਜ਼ਨ ’ਤੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੂਰਬੀ ਯੂਕਰੇਨ ਵਿੱਚ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਇਹ ਹਮਲਾ ਜ਼ਰੂਰੀ ਸੀ।
ਉਨ੍ਹਾਂ ਅਮਰੀਕਾ ਤੇ ਇਸ ਦੇ ਭਾਈਵਾਲਾਂ ’ਤੇ ਰੂਸ ਦੀ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਹੋਣ ਤੋਂ ਰੋਕਣ ਤੇ ਸੁਰੱਖਿਆ ਗਾਰਟੀ ਦੇਣ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਪੂਤਿਨ ਨੇ ਦਾਅਵਾ ਕੀਤਾ ਕਿ ਉਹ ਯੂਕਰੇਨ ’ਤੇ ਕਬਜ਼ਾ ਕਰਨ ਦੀ ਤਾਕ ਵਿੱਚ ਨਹੀਂ ਬਲਕਿ ਉਨ੍ਹਾਂ ਦਾ ਮਕਸਦ ਖਿੱਤੇ ਵਿੱਚ ਨਾਟੋ ਫੌਜਾਂ ਦੇ ਦਖ਼ਲ ਨੂੰ ਰੋਕਣਾ ਤੇ ਅਪਰਾਧ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨਾ ਹੈ। ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਦੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਨੇ ਕਿਹਾ ਕਿ ਰੂਸੀ ਫੌਜਾਂ ਖਾਰਖੀਵ ਤੇ ਚੇਰਨੀਹਾਈਵ ਖੇਤਰਾਂ ਰਾਹੀਂ ਯੂਕਰੇਨ ਵਿੱਚ ਦਾਖ਼ਲ ਹੋਈਆਂ ਤੇ ਮੁਲਕ ਦੇ ਪੰਜ ਕਿਲੋਮੀਟਰ (ਤਿੰਨ ਮੀਲ) ਅੰਦਰ ਆ ਚੁੱਕੀਆ ਹਨ। ਉਨ੍ਹਾਂ ਕੁਝ ਹੋਰਨਾਂ ਖੇਤਰਾਂ ਵਿੱਚ ਵੀ ਰੂਸੀ ਫੌਜ ਦੀ ਘੁਸਪੈਠ ਦਾ ਦਾਅਵਾ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly