ਕੀਵ (ਸਮਾਜ ਵੀਕਲੀ): ਰੂਸ ਨੇ ਪਰਮਾਣੂ ਪਲਾਂਟ ਚਰਨੋਬਲ ਦਾ ਕੰਟਰੋਲ ਮੁੜ ਯੂਕਰੇਨ ਨੂੰ ਸੌਂਪ ਦਿੱਤਾ ਹੈ। ਰੂਸੀ ਫੌਜਾਂ ਨੇ ਮਹੀਨਾ ਪਹਿਲਾਂ ਇਸ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਯੂਕਰੇਨ ਦੀ ਸਰਕਾਰੀ ਊਰਜਾ ਕੰਪਨੀ ‘ਐਨਰਜੋਐਟਮ’ ਨੇ ਕਿਹਾ ਕਿ ਪਲਾਂਟ ਵਿੱਚ ਰੇਡੀਓਐਕਟਿਵ ਕਿਰਨਾਂ ਦੇ ਖ਼ਤਰੇ ਕਰਕੇ ਰੂਸੀ ਫੌਜਾਂ ਨੇ ਉਥੋਂ ਨਿਕਲਣ ਦਾ ਫੈਸਲਾ ਕੀਤਾ ਹੈ। ਉਂਜ ਕੀਵ ਦੇ ਬਾਹਰੀ ਇਲਾਕਿਆਂ ਤੇ ਹੋਰਨਾਂ ਮੋਰਚਿਆਂ ’ਤੇ ਜੰਗ ਜਾਰੀ ਹੈ। ਇਸ ਦੌਰਾਨ ਰੂਸੀ ਅਧਿਕਾਰੀਆਂ ਨੇ ਯੂਕਰੇਨ ਉੱਤੇ ਦੋਵਾਂ ਮੁਲਕਾਂ ਦਰਮਿਆਨ ਪੈਂਦੀ ਸਰਹੱਦ ’ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਰੂਸ ਨੇ ਉਸ ਦੇ ਇਕ ਤੇਲ ਡਿੱਪੂ ’ਤੇ ਯੂਕਰੇਨੀ ਹਮਲੇ ਦਾ ਵੀ ਦਾਅਵਾ ਕੀਤਾ ਹੈ।
ਰੂਸ ਦੇ ਬੈਲਗੋਰੋਡ ਖੇਤਰ ਦੇ ਰਾਜਪਾਲ ਨੇ ਕਿਹਾ ਕਿ ਕਥਿਤ ਹਵਾਈ ਹਮਲੇ ਦੌਰਾਨ ਕਈ ਥਾਵਾਂ ’ਤੇ ਗੋਲੀਬਾਰੀ ਕੀਤੀ ਗਈ ਤੇ ਇਸ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਕਰੈਮਲਿਨ ਦੇ ਤਰਜਮਾਨ ਨੇ ਕਿਹਾ ਕਿ ਯੂਕਰੇਨ ਵੱਲੋਂ ਸਰਹੱਦ ’ਤੇ ਰੂਸੀ ਖੇਤਰ ਵਿੱਚ ਕੀਤੀ ਗੋਲੀਬਾਰੀ ਨਾਲ ਦੋਵਾਂ ਮੁਲਕਾਂ ਦਰਮਿਆਨ ਚੱਲ ਰਿਹਾ ਸੰਵਾਦ ਦਾ ਅਮਲ ਅਸਰਅੰਦਾਜ਼ ਹੋ ਸਕਦਾ ਹੈ। ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ, ‘‘ਯਕੀਨੀ ਤੌਰ ਉੱਤੇ ਗੱਲਬਾਤ ਦੇ ਚਲਦੇ ਅਮਲ ਦੌਰਾਨ ਅਜਿਹੀ ਕਿਸੇ ਕਾਰਵਾਈ ਦੀ ਉਮੀਦ ਨਹੀਂ ਸੀ।’’ ਉਂਜ ਅਜੇ ਤੱਕ ਅਧਿਕਾਰਤ ਤੌਰ ’ਤੇ ਰੂਸ ਦੇ ਉਪਰੋਕਤ ਦਾਅਵਿਆਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਟੈਲੀਗ੍ਰਾਮ ਐਪ ’ਤੇ ਗਵਰਨਰ ਵਿਯਾਚੇਸਲਾਵ ਗਲਾਦਕੋਵ ਦੀ ਪੋਸਟ ਅਨੁਸਾਰ ਯੂਕਰੇਨੀ ਫੌਜਾਂ ਨੇ ਹੈਲੀਕਾਪਟਰਾਂ ਰਾਹੀਂ ਰੂਸ ਦੀ ਊਰਜਾ ਕੰਪਨੀ ਰੋਸਨੈਫਟ ਦੇ ਤੇਲ ਡਿੱਪੂ ’ਤੇ ਹਮਲਾ ਕੀਤਾ, ਜਿਸ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਗਵਰਨਰ ਗਲਾਦਕੋਵ ਨੇ ਐਪ ’ਤੇ ਲਿਖਿਆ, ‘‘ਤੇਲ ਡਿੱਪੂ ਉੱਤੇ ਦੋ ਹੈਲੀਕਾਪਟਰਾਂ ਨੇ ਹਵਾਈ ਹਮਲਾ ਕੀਤਾ, ਜਿਸ ਨਾਲ ਅੱਗ ਲੱਗ ਗਈ। ਉਹ ਘੱਟ ਉਚਾਈ ਤੋਂ ਰੂਸ ਦੀ ਸਰਹੱਦ ਵਿੱਚ ਦਾਖ਼ਲ ਹੋੲੇ ਸਨ।’’ ਇਸ ਕਥਿਤ ਹਮਲੇ ਦੀ ਸੋੋਸ਼ਲ ਮੀਡੀਆ ’ਤੇ ਵੀ ਤਸਵੀਰਾਂ ਨਸ਼ਰ ਹੋਈਆਂ ਹਨ, ਜਿਨ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।
ਇਸ ਦੌਰਾਨ ਰੂਸ ਤੇ ਯੂਕਰੇਨ ਦਰਮਿਆਨ ਤੁਰਕੀ ਵਿੱਚ ਚੱਲ ਰਹੀ ਗੱਲਬਾਤ ਵਿੱਚ ਰੂਸੀ ਵਫ਼ਦ ਦੀ ਅਗਵਾਈ ਕਰ ਰਹੇ ਵਲਾਦੀਮੀਰ ਮੈਡਿੰਸਕੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਕ੍ਰੀਮੀਅਨ ਪ੍ਰਾਇਦੀਪ ’ਤੇ ਆਪਣਾ ਕਬਜ਼ਾ ਕਾਇਮ ਰੱਖਣ ਤੇ ਪੂਰਬੀ ਯੂਕਰੇਨ ਵਿੱਚ ਰੂਸ ਦੀ ਹਮਾਇਤ ਵਾਲੇ ਵੱਖਵਾਦੀਆਂ ਵੱਲੋਂ ਵਿਸਥਾਰ ਦੀ ਯੋਜਨਾ ਬੇਰੋਕ ਜਾਰੀ ਰਹੇਗੀ। ਉਧਰ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਨੇ ਕਿਹਾ ਕਿ ਮਾਰਿਉਪੋਲ ਵਿੱਚ ਹੰਗਾਮੀ ਇਮਦਾਦ ਭੇਜਣ ਤੇ ਆਮ ਨਾਗਰਿਕਾਂ ਨੂੰ ਉਥੋਂ ਬਾਹਰ ਕੱਢਣ ਲਈ ਕਾਰਵਾਈ ਜਾਰੀ ਹੈ।