ਰੂਸ ਅਤੇ ਯੂਕਰੇਨ ਗੱਲਬਾਤ ਲਈ ਸਹਿਮਤ

ਮਾਸਕੋ (ਸਮਾਜ ਵੀਕਲੀ):  ਯੂਕਰੇਨ ਦੇ ਕਈ ਸ਼ਹਿਰਾਂ ’ਚ ਗਹਿਗੱਚ ਲੜਾਈ ਦਰਮਿਆਨ ਰੂਸ ਅਤੇ ਯੂਕਰੇਨ ਗੱਲਬਾਤ ਲਈ ਰਾਜ਼ੀ ਹੋ ਗਏ ਹਨ। ਉਂਜ ਪੱਛਮੀ ਮੁਲਕਾਂ ਦੇ ਤਿੱਖੇ ਬਿਆਨਾਂ ਮਗਰੋਂ ਚੱਲ ਰਹੇ ਤਣਾਅ ਦਰਮਿਆਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸੀ ਪਰਮਾਣੂ ਦਸਤਿਆਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਪੂਤਿਨ ਦੇ ਸਖ਼ਤ ਰਵੱਈਏ ਮਗਰੋਂ ਹੀ ਯੂਕਰੇਨ ਵਾਰਤਾ ਲਈ ਰਾਜ਼ੀ ਹੋਇਆ ਹੈ। ਉਧਰ ਕਈ ਹਵਾਈ ਅੱਡਿਆਂ, ਈਂਧਣ ਕੇਂਦਰਾਂ ਅਤੇ ਹੋਰ ਅਹਿਮ ਅਦਾਰਿਆਂ ’ਤੇ ਹਮਲਿਆਂ ਮਗਰੋਂ ਰੂਸੀ ਫ਼ੌਜ ਐਤਵਾਰ ਨੂੰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਚ ਦਾਖ਼ਲ ਹੋ ਗਈ।

ਉਸ ਵੱਲੋਂ ਦੱਖਣੀ ਖਿੱਤੇ ’ਚ ਸਥਿਤ ਰਣਨੀਤਕ ਬੰਦਰਗਾਹਾਂ ’ਤੇ ਵੀ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੂਸੀ ਫ਼ੌਜ ਨੇ ਖਾਰਕੀਵ ’ਚ ਇਕ ਗੈਸ ਪਾਈਪਲਾਈਨ ਨੂੰ ਉਡਾ ਦਿੱਤਾ। ਖਾਰਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੇਹੁਬੋਵ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰ ਛੱਡ ਕੇ ਨਾ ਜਾਣ ਅਤੇ ਯੂਕਰੇਨੀ ਫ਼ੌਜ ਰੂਸ ਨੂੰ ਟੱਕਰ ਦੇ ਰਹੀ ਹੈ। ਕੀਵ ਦੇ ਮੇਅਰ ਮੁਤਾਬਕ ਵਾਸਿਲਕੀਵ ’ਚ ਹਵਾਈ ਅੱਡੇ ਨੇੜੇ ਇਕ ਤੇਲ ਦੇ ਡਿਪੂ ’ਚ ਅੱਗ ਮਗਰੋਂ ਧੂੰਆਂ ਆਸਮਾਨ ’ਚ ਫੈਲ ਗਿਆ। ਯੂਕਰੇਨ ਨੇ ਰੂਸੀ ਫ਼ੌਜ ਨੂੰ ਰਾਜਧਾਨੀ ਕੀਵ ਅੰਦਰ ਦਾਖ਼ਲ ਹੋੋਣ ਤੋਂ ਰੋਕਿਆ ਹੋਇਆ ਹੈ। ਯੂਕਰੇਨੀ ਸਰਕਾਰ ਵੱਲੋਂ ਫ਼ੌਜ ਦਾ ਤਜਰਬਾ ਰੱਖਣ ਵਾਲੇ ਕੈਦੀਆਂ ਨੂੰ ਜੰਗ ਲੜਨ ਲਈ ਰਿਹਾਅ ਕੀਤਾ ਜਾ ਰਿਹਾ ਹੈ।

ਆਪਣੇ ਚੋਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੂਤਿਨ ਨੇ ਕਿਹਾ ਕਿ ਨਾਟੋ ਤਾਕਤਾਂ ਨੇ ਪੱਛਮੀ ਮੁਲਕਾਂ ਨਾਲ ਮਿਲ ਕੇ ਰੂਸ ਸਮੇਤ ਉਨ੍ਹਾਂ ਖ਼ਿਲਾਫ਼ ਸਖ਼ਤ ਵਿੱਤੀ ਪਾਬੰਦੀਆਂ ਦੇ ਨਾਲ ‘ਤਿੱਖੇ ਬਿਆਨ’ ਦਿੱਤੇ ਹਨ। ਪੂਤਿਨ ਨੇ ਰੂਸੀ ਰੱਖਿਆ ਮੰਤਰੀ ਅਤੇ ਮਿਲਟਰੀ ਦੇ ਜਨਰਲ ਸਟਾਫ਼ ਦੇ ਮੁਖੀ ਨੂੰ ਹੁਕਮ ਦਿੱਤੇ ਕਿ ਉਹ ਪਰਮਾਣੂ ਦਸਤਿਆਂ ਦੀ ਉਚੇਚੇ ਤੌਰ ’ਤੇ ਤਾਇਨਾਤੀ ਕਰਨ। ਉਧਰ ਨਾਟੋ ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਪੂਤਿਨ ਦੇ ਰਵੱਈਏ ਨੂੰ ਖ਼ਤਰਨਾਕ ਅਤੇ ਗ਼ੈਰਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਅਮਰੀਕਾ ਨੇ ਵੀ ਕਿਹਾ ਕਿ ਰੂਸ ਪਰਮਾਣੂ ਹਮਲੇ ਦੀ ਧਮਕੀ ਦੇ ਰਿਹਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਯੂਕਰੇਨੀ ਅਤੇ ਰੂਸੀ ਵਫ਼ਦ ਬਿਨਾਂ ਕਿਸੇ ਅਗਾਊਂ ਸ਼ਰਤ ਤੋਂ ਬੇਲਾਰੂਸ ’ਚ ਮੁਲਾਕਾਤ ਕਰਨਗੇ। ਉਧਰ ਰੂਸੀ ਵਫ਼ਦ ਗੱਲਬਾਤ ਲਈ ਬੇਲਾਰੂਸ ਦੇ ਸ਼ਹਿਰ ਹੋਮੇਲ ’ਚ ਪਹਿਲਾਂ ਹੀ ਪਹੁੰਚ ਗਿਆ ਹੈ। ਰੂਸੀ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ ਕਿ ਵਫ਼ਦ ’ਚ ਫੌਜੀ ਅਧਿਕਾਰੀ ਅਤੇ ਕੂਟਨੀਤਕ ਸ਼ਾਮਲ ਹਨ। ਗੱਲਬਾਤ ਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਲਕ ਰੂਸ ਨਾਲ ਸ਼ਾਂਤੀ ਵਾਰਤਾ ਲਈ ਤਿਆਰ ਹੈ ਪਰ ਇਹ ਬੇਲਾਰੂਸ ’ਚ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਗੱਲਬਾਤ ਲਈ ਵਾਰਸਾ, ਬ੍ਰੈਟੀਸਲਾਵਾ, ਇੰਸਤਾਬੁਲ, ਬੁਡਾਪੈਸਟ ਜਾਂ ਬਾਕੂ ਦੇ ਨਾਮ ਸੁਝਾਏ ਸਨ। ਉਨ੍ਹਾਂ ਕਿਹਾ ਕਿ ਹੋਰ ਥਾਵਾਂ ’ਤੇ ਵੀ ਰੂਸ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਬੇਲਾਰੂਸ ’ਚ ਨਹੀਂ, ਕਿਉਂਕਿ ਉਸ ਨੇ ਯੂਕਰੇਨ ’ਤੇ ਚੜ੍ਹਾਈ ਲਈ ਰੂਸ ਦੀ ਸਹਾਇਤਾ ਕੀਤੀ ਹੈ।

ਜਰਮਨੀ ਦੇ ਚਾਂਸਲਰ ਓਲਾਫ਼ ਸ਼ੁਲਜ਼ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣੀ ਫ਼ੌਜ ਲਈ 112 ਅਰਬ ਡਾਲਰ ਤੋਂ ਜ਼ਿਆਦਾ ਦਾ ਵਿਸ਼ੇਸ਼ ਫੰਡ ਰੱਖੇਗਾ। ਸੰਸਦ ਦੇ ਵਿਸ਼ੇਸ਼ ਇਜਲਾਸ ਦੌਰਾਨ ਉਨ੍ਹਾਂ ਕਿਹਾ ਕਿ ਮੁਲਕ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਰਾਖੀ ਲਈ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਮੁਲਕ ਰੂਸ ਵੱਲੋਂ ਨਾਟੋ ਬਾਰੇ ਜਤਾਏ ਗਏ ਸੁਰੱਖਿਆ ਖ਼ਦਸ਼ਿਆਂ ਨੂੰ ਗੰਭੀਰਤਾ ਨਾਲ ਲੈਣ ’ਚ ਨਾਕਾਮ ਰਹੇ। ਉਂਜ ਉਨ੍ਹਾਂ ਯੂਕਰੇਨ ਦੇ ਆਜ਼ਾਦ ਮੁਲਕ ਬਣੇ ਰਹਿਣ ਦੀ ਵੀ ਵਕਾਲਤ ਕੀਤੀ। ਇਸ ਦੌਰਾਨ ਯੂਕਰੇਨ ਦੇ ਅਮਰੀਕਾ ’ਚ ਸਫ਼ੀਰ ਓਕਸਾਨਾ ਮਾਕਾਰੋਵਾ ਨੇ ਕਿਹਾ ਕਿ ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਚਿਤਾਵਨੀ ਦਿੱਤੀ ਹੈ ਕਿ ਪੂਤਿਨ ਯੂਕਰੇਨ ਨੂੰ ਹਰਾਉਣ ਲਈ ਰਸਾਇਣਕ ਜਾਂ ਜੈਵਿਕ ਹਥਿਆਰਾਂ ਸਮੇਤ ਹੋਰ ਢੰਗ ਗਲਤ ਢੰਗ-ਤਰੀਕਿਆਂ ਦੀ ਵਰਤੋਂ ਕਰ ਸਕਦੇ ਹਨ। ਇਜ਼ਰਾਇਲੀ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਮੁਲਕ ਵੱਲੋਂ ਯੂਕਰੇਨ ਨੂੰ 100 ਟਨ ਮਾਨਵੀ ਸਹਾਇਤਾ ਭੇਜੀ ਜਾ ਰਹੀ ਹੈ। ਉਂਜ ਯੂਕਰੇਨ ਨੇ ਇਜ਼ਰਾਈਲ ਨੂੰ ਜੰਗ ਰੋਕਣ ਲਈ ਵਿਚੋਲਗੀ ਕਰਨ ਦੀ ਅਪੀਲ ਕੀਤੀ ਸੀ। ਬੈਨੇਟ ਨੇ ਵਿਚੋਲਗੀ ਬਾਰੇ ਤਾਂ ਕੁਝ ਨਹੀਂ ਕਿਹਾ ਪਰ ਖੂਨ-ਖਰਾਬਾ ਰੋਕੇ ਜਾਣ ਦੀ ਵਕਾਲਤ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਰਫਿਊਜੀ ਏਜੰਸੀ ਨੇ ਕਿਹਾ ਹੈ ਕਿ ਕਰੀਬ 3,68,000 ਯੂਕਰੇਨੀ ਗੁਆਂਢੀ ਮੁਲਕਾਂ ’ਚ ਪਨਾਹ ਲਈ ਪਹੁੰਚ ਚੁੱਕੇ ਹਨ।

ਰੂਸੀ ਕੇਂਦਰੀ ਬੈਂਕ ਉੱਤੇ ਪਾਬੰਦੀਆਂ ਲਗਾਈਆਂ

ਅਮਰੀਕਾ, ਯੂਰੋਪੀਅਨ ਯੂਨੀਅਨ ਅਤੇ ਇੰਗਲੈਂਡ ਨੇ ਰੂਸ ਦੇ ਕੇਂਦਰੀ ਬੈਂਕ ’ਤੇ ਪਾਬੰਦੀਆਂ ਲਗਾਉਣ ’ਤੇ ਸਹਿਮਤੀ ਜਤਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਚੋਣਵੇਂ ਰੂਸੀ ਬੈਂਕਾਂ ਨੂੰ ਸਵਿਫਟ ਆਲਮੀ ਫਾਇਨਾਂਸ਼ੀਅਲ ਮੈਸੇਜਿੰਗ ਸਿਸਟਮ ਨੂੰ ਬਲਾਕ ਕਰਨ ਦਾ ਵੀ ਫ਼ੈਸਲਾ ਲਿਆ ਹੈ। ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਕਾਰਨ ਸਾਂਝੇ ਤੌਰ ’ਤੇ ਨਵੀਆਂ ਵਿੱਤੀ ਪਾਬੰਦੀਆਂ ਲਗਾਈਆਂ ਗਈਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article7 ਵਿਅਕਤੀਆਂ ਦੇ ਤੰਬਾਕੂਨੋਸ਼ੀ ਤਹਿਤ ਚਲਾਨ ਕੱਟੇ ਗਏ
Next articleਰੂਸੀ ਫ਼ੌਜ ਨਾਲ ਲੜਨ ਲਈ ਵਿਦੇਸ਼ ਤੋਂ ਪਰਤ ਰਹੇ ਨੇ ਯੂਕਰੇਨੀ